ਇੰਫੋਸਿਸ ਨੇ ਕਿਹਾ, IT ਪੋਰਟਲ 'ਤੇ ਕੁਝ ਯੂਜ਼ਰਜ਼ ਨੂੰ ਅਜੇ ਵੀ ਦਿੱਕਤਾਂ, ਹੋ ਰਿਹੈ ਹੱਲ
Thursday, Sep 23, 2021 - 02:43 PM (IST)
ਨਵੀਂ ਦਿੱਲੀ- ਦਿੱਗਜ ਆਈ. ਟੀ. ਕੰਪਨੀ ਇੰਫੋਸਿਸ ਨੇ ਵੀਰਵਾਰ ਨੂੰ ਸਵੀਕਾਰ ਕੀਤਾ ਕਿ ਕੁਝ ਯੂਜ਼ਰਜ਼ ਨੂੰ ਅਜੇ ਵੀ ਇਨਕਮ ਟੈਕਸ ਪੋਰਟਲ ਤੱਕ ਪਹੁੰਚਣ ਵਿਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਭਰੋਸਾ ਦਿਵਾਇਆ ਕਿ ਉਹ ਇਨਕਮ ਟੈਕਸ ਵਿਭਾਗ ਦੇ ਸਹਿਯੋਗ ਨਾਲ ਪੋਰਟਲ ਨੂੰ ਸੁਵਿਧਾਜਨਕ ਬਣਾਉਣ ਲਈ ਤੇਜ਼ੀ ਨਾਲ ਕੰਮ ਕਰ ਰਹੀ ਹੈ।
ਜੂਨ ਵਿਚ ਪੋਰਟਲ ਦੀ ਸ਼ੁਰੂਆਤ ਤੋਂ ਬਾਅਦ ਦੇ ਮਹੀਨਿਆਂ ਵਿਚ ਲਗਾਤਾਰ ਗੜਬੜੀਆਂ ਦੇ ਮੱਦੇਨਜ਼ਰ ਇੰਫੋਸਿਸ ਨੂੰ ਆਲੋਚਨਾਵਾਂ ਦਾ ਸਾਹਮਣਾ ਕਰਨਾ ਪਿਆ ਹੈ।
ਕੰਪਨੀ ਨੇ ਕਿਹਾ ਕਿ ਪਿਛਲੇ ਕੁਝ ਹਫ਼ਤਿਆਂ ਵਿਚ ਪੋਰਟਲ ਦੀ ਵਰਤੋਂ ਵਿਚ ਲਗਾਤਾਰ ਵਾਧਾ ਦੇਖਿਆ ਗਿਆ ਹੈ ਅਤੇ ਤਿੰਨ ਕਰੋੜ ਤੋਂ ਜ਼ਿਆਦਾ ਟੈਕਸਦਾਤਾਵਾਂ ਨੇ ਪੋਰਟਲ ਵਿਚ ਲਾਗ ਇਨ ਕੀਤਾ ਹੈ ਅਤੇ ਸਫਲਤਾਪੂਰਵਕ ਵੱਖ-ਵੱਖ ਲੈਣ-ਦੇਣ ਨੂੰ ਪੂਰਾ ਕੀਤਾ। ਇੰਫੋਸਿਸ ਨੇ ਇਕ ਬਿਆਨ ਵਿਚ ਕਿਹਾ, ''ਪੋਰਟਲ ਨੇ ਕਰੋੜਾਂ ਟੈਕਸਦਾਤਾਵਾਂ ਦੇ ਲੈਣ-ਦੇਣ ਨੂੰ ਸਫਲਤਾਪੂਰਵਕ ਪੂਰਾ ਕਰਨ ਨਾਲ ਲਗਾਤਾਰ ਸੁਧਾਰ ਕੀਤਾ ਹੈ। ਕੰਪਨੀ ਕੁਝ ਯੂਜ਼ਰਜ਼ ਨੂੰ ਅਜੇ ਵੀ ਪੇਸ਼ ਆ ਰਹੀਆਂ ਦਿੱਕਤਾਂ ਨੂੰ ਸਵੀਕਾਰ ਕਰਦੀ ਹੈ ਅਤੇ ਇਨਕਮ ਟੈਕਸ ਵਿਭਾਗ ਦੇ ਸਹਿਯੋਗ ਨਾਲ ਇਸ 'ਤੇ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ।'' ਕੰਪਨੀ ਨੇ ਕਿਹਾ ਕਿ ਉਹ ਚਾਰਟਡ ਅਕਾਊਂਟੈਂਟ ਭਾਈਚਾਰੇ ਨਾਲ ਮਿਲ ਕੇ ਚੁਣੌਤੀਆਂ ਨੂੰ ਤੇਜ਼ੀ ਨਾਲ ਹੱਲ ਕਰਨ ਲਈ ਕੰਮ ਕਰ ਰਹੀ ਹੈ।