ਮਹਿੰਗਾਈ ਦੇ ਮੋਰਚੇ ''ਤੇ ਸਰਕਾਰ ਨੂੰ ਲੱਗਾ ਝਟਕਾ, ਨਵੰਬਰ ''ਚ ਥੋਕ ਮਹਿੰਗਾਈ ਵਧੀ
Tuesday, Dec 14, 2021 - 02:06 PM (IST)
ਨਵੀਂ ਦਿੱਲੀ- ਥੋਕ ਮਹਿੰਗਾਈ ਦੇ ਮੋਰਚੇ 'ਤੇ ਸਰਕਾਰ ਨੂੰ ਝਟਕਾ ਲੱਗਿਆ ਹੈ। ਨਵੰਬਰ 'ਚ ਥੋਕ ਮਹਿੰਗਾਈ ਅਕਤੂਬਰ ਦੇ 12.54 ਫੀਸਦੀ ਤੋਂ ਵੱਧ ਕੇ 14.23 ਫੀਸਦੀ 'ਤੇ ਆ ਗਈ ਹੈ। ਨਿਊਜ਼ ਏਜੰਸੀ ਰਾਇਟਰਸ ਦੇ ਮੁਤਾਬਕ ਥੋਕ ਮਹਿੰਗਾਈ ਦਾ ਇਹ ਅੰਕੜਾ 12 ਸਾਲ ਦੇ ਰਿਕਾਰਡ ਪੱਧਰ 'ਤੇ ਪਹੁੰਚ ਗਿਆ ਹੈ। ਇਸ ਮਿਆਦ 'ਚ ਕੋਰ ਡਬਲਿਊ.ਪੀ.ਆਈ.ਅਕਤੂਬਰ ਦੇ 11.9 ਫ਼ੀਸਦੀ ਤੋਂ ਵੱਧ ਕੇ 12.2 ਫ਼ੀਸਦੀ ਤੇ ਆ ਗਈ ਹੈ। ਦੱਸ ਦੇਈਏ ਕਿ ਸੰਸੋਧਿਤ ਡਬਲਿਊ.ਪੀ.ਆਈ. 10.66 ਫ਼ੀਸਦੀ ਤੋਂ ਵੱਧ ਕੇ 11.80 ਫ਼ੀਸਦੀ ਕੀਤੀ ਗਈ ਹੈ।
ਮਹੀਨੇ ਦਰ ਮਹੀਨੇ ਆਧਾਰ 'ਤੇ ਨਵੰਬਰ ਮਹੀਨੇ ਦੇ ਥੋਕ ਮਹਿੰਗਾਈ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਇਸ ਮਿਆਦ 'ਚ ਖਾਣ-ਪੀਣ ਦੀਆਂ ਚੀਜ਼ਾਂ ਦੀ ਮਹਿੰਗਾਈ ਅਕਤੂਬਰ ਮਹੀਨੇ ਦੇ 3.06 ਫ਼ੀਸਦੀ ਤੋਂ ਵੱਧ ਕੇ 6.70 ਫ਼ੀਸਦੀ 'ਤੇ ਆ ਗਈ ਹੈ। ਉਧਰ ਮੈਨਿਊਫੈਕਚਰਿੰਗ ਪ੍ਰੋਡੈਕਟਸ ਦੀ ਥੋਕ ਮਹਿੰਗਾਈ ਦਰ ਅਕਤੂਬਰ ਮਹੀਨੇ ਦੇ 12.04 ਫ਼ੀਸਦੀ ਤੋਂ ਘੱਟ ਕੇ 11.92 ਫ਼ੀਸਦੀ ਆ ਗਈ ਹੈ।
ਉਧਰ ਨਵੰਬਰ ਮਹੀਨੇ 'ਚ ਫਿਊਲ ਐਂਡ ਪਾਵਰ ਦੀ ਥੋਕ ਮਹਿੰਗਾਈ ਅਕਤੂਬਰ ਦੇ 37.18 ਫ਼ੀਸਦੀ ਤੋਂ ਵੱਧ ਕੇ 39.81 ਫ਼ੀਸਦੀ 'ਤੇ ਪਹੁੰਚ ਗਈ ਹੈ। ਨਵੰਬਰ 'ਚ ਖਾਣੇ ਦੇ ਤੇਲ ਦੀ ਥੋਕ ਮਹਿੰਗਾਈ ਦਰ ਅਕਤੂਬਰ ਦੇ 32.57 ਫੀਸਦੀ ਤੋਂ ਘੱਟ ਕੇ 23.16 ਫ਼ੀਸਦੀ 'ਤੇ ਆ ਗਈ ਹੈ। ਉਧਰ ਆਂਡੇ, ਮਾਸ ਦੀ ਥੋਕ ਮਹਿੰਗਾਈ 1.98 ਫ਼ੀਸਦੀ ਤੋਂ ਵੱਧ ਕੇ 9.66 ਫ਼ੀਸਦੀ 'ਤੇ ਆ ਗਈ ਹੈ ਜਦੋਂ ਕਿ ਪਿਆਜ਼ ਦੀ ਥੋਕ ਮਹਿੰਗਾਈ -25.01 ਫ਼ੀਸਦੀ ਤੋਂ ਘੱਟ ਕੇ -30.14 ਫ਼ੀਸਦੀ 'ਤੇ ਆ ਗਈ ਹੈ। ਉਧਰ ਆਲੂ ਦੀ ਥੋਕ ਮਹਿੰਗਾਈ -51.32 ਫ਼ੀਸਦੀ ਤੋਂ ਵੱਧ ਕੇ -49.54 ਫ਼ੀਸਦੀ 'ਤੇ ਆ ਗਈ ਹੈ।
ਉਧਰ ਸਬਜ਼ੀਆਂ ਦੀ ਥੋਕ ਮਹਿੰਗਾਈ ਅਕਤੂਬਰ ਤੋਂ -18.49 ਫ਼ੀਸਦੀ ਤੋਂ ਵੱਧ ਕੇ 3.91 ਫ਼ੀਸਦੀ 'ਤੇ ਆ ਗਈ ਹੈ ਜਦੋਂਕਿ ਦੁੱਧ ਦੀ ਥੋਕ ਮਹਿੰਗਾਈ ਅਕਤੂਬਰ ਦੇ 1.68 ਫ਼ੀਸਦੀ ਤੋਂ ਵੱਧ ਕੇ 1.81 ਫ਼ੀਸਦੀ 'ਤੇ ਆ ਗਈ ਹੈ।