ਇਸ ਵਿੱਤੀ ਸਾਲ ''ਚ ਮਹਿੰਗਾਈ ਟੀਚੇ ਦੇ ਦਾਇਰੇ ''ਚ ਰਹਿਣ ਦੀ ਉਮੀਦ: ਸੀਤਾਰਮਨ
Tuesday, Aug 17, 2021 - 12:52 PM (IST)
ਨਵੀਂ ਦਿੱਲੀ- ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਮੌਜੂਦਾ ਵਿੱਤੀ ਸਾਲ ਦੌਰਾਨ ਮਹਿੰਗਾਈ ਦੋ ਤੋਂ ਛੇ ਫ਼ੀਸਦੀ ਦੀ ਨਿਰਧਾਰਤ ਦਾਇਰੇ ਵਿਚ ਰਹੇਗੀ ਅਤੇ ਸਰਕਾਰ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਵਿਚ ਉਤਰਾਅ-ਚੜ੍ਹਾਅ 'ਤੇ ਨੇੜਿਓਂ ਨਜ਼ਰ ਰੱਖ ਰਹੀ ਹੈ।
ਰਿਜ਼ਰਵ ਬੈਂਕ ਨੂੰ ਪ੍ਰਚੂਨ ਮਹਿੰਗਾਈ ਦਰ 4 ਫ਼ੀਸਦੀ 'ਤੇ ਬਰਕਰਾਰ ਰੱਖਣ ਲਈ ਕਿਹਾ ਗਿਆ ਹੈ। ਇਸ ਦੇ ਨਾਲ ਹੀ ਇਸ ਵਿਚ ਦੋ ਫ਼ੀਸਦੀ ਤੱਕ ਪਰਿਵਰਤਨ ਦੀ ਵੀ ਗੁੰਜਾਇਸ਼ ਰੱਖੀ ਗਈ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਮੰਤਰੀ ਸਮੂਹ ਖਾਣ ਵਾਲੇ ਤੇਲ, ਦਾਲਾਂ, ਫਲਾਂ ਅਤੇ ਸਬਜ਼ੀਆਂ ਵਰਗੀਆਂ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਦੇ ਉਤਰਾਅ-ਚੜ੍ਹਾਅ 'ਤੇ ਲਗਾਤਾਰ ਨਜ਼ਰ ਰੱਖ ਰਿਹਾ ਹੈ।
ਉਨ੍ਹਾਂ ਇਸ ਗੱਲ ਨੂੰ ਲੈ ਕੇ ਰਾਜਾਂ ਦੀ ਸ਼ਲਾਘਾ ਵੀ ਕੀਤੀ ਕਿ ਉਹ ਜਮ੍ਹਾਖੋਰੀ ਤੇ ਕਾਲਾਬਾਜ਼ਾਰੀ ਕਰਨ ਵਾਲਿਆਂ ਖਿਲਾਫ਼ ਸਰਗਰਮ ਹੋ ਕੇ ਕੰਮ ਕਰ ਰਹੇ ਹਨ ਅਤੇ ਉਨ੍ਹਾਂ ਦਾ ਕਾਫ਼ੀ ਸਹਿਯੋਗ ਵਾਲਾ ਰੁਖ਼ ਰਿਹਾ ਹੈ। ਵਿੱਤ ਮੰਤਰੀ ਨੇ ਕਿਹਾ ਕਿ ਸਰਕਾਰ ਵੱਲੋਂ ਚੁੱਕੇ ਗਏ ਵੱਖ-ਵੱਖ ਕਦਮਾਂ ਨਾਲ ਇਹ ਉਮੀਦ ਹੈ ਕਿ ਮਹਿੰਗਾਈ ਅਨੁਕੂਲ ਰਹੇਗੀ ਅਤੇ ਨਿਰਧਾਰਤ ਸੀਮਾ ਵਿਚ ਬਣੀ ਰਹੇਗੀ। ਸੀਤਾਰਮਨ ਨੇ ਇਹ ਵੀ ਵਿਸ਼ਵਾਸ ਜਤਾਇਆ ਹੈ ਕਿ ਆਉਣ ਵਾਲੇ ਮਹੀਨਿਆਂ ਵਿੱਚ ਮਾਲੀਆ ਪ੍ਰਾਪਤੀਆਂ ਬਿਹਤਰ ਹੋਣਗੀਆਂ। ਉਨ੍ਹਾਂ ਕਿਹਾ ਕਿ ਜੀ. ਐੱਸ. ਟੀ. ਅਤੇ ਪ੍ਰਤੱਖ ਟੈਕਸਾਂ ਦੋਵਾਂ ਵਿਚ ਪਿਛਲੇ ਕੁਝ ਮਹੀਨਿਆਂ ਦੌਰਾਨ ਸੁਧਾਰ ਹੋਇਆ ਹੈ। ਇਹ ਪੁੱਛੇ ਜਾਣ 'ਤੇ ਕਿ ਕੀ ਸੂਬਿਆਂ ਨੂੰ ਮੁਆਵਜ਼ਾ ਜੁਲਾਈ 2022 ਤੋਂ ਬਾਅਦ ਜਾਰੀ ਰਹੇਗਾ, ਵਿੱਤ ਮੰਤਰੀ ਨੇ ਕਿਹਾ ਕਿ ਇਸ ਮੁੱਦੇ ਦਾ ਫ਼ੈਸਲਾ ਜੀ. ਐੱਸ. ਟੀ.ਕੌਂਸਲ ਕਰੇਗਾ। ਅਫਗਾਨਿਸਤਾਨ ਵਿਚ ਭਾਰਤ ਦੇ ਨਿਵੇਸ਼ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਇਸ 'ਤੇ ਟਿੱਪਣੀ ਕਰਨਾ ਬਹੁਤ ਜਲਦਬਾਜ਼ੀ ਹੋਵੇਗੀ।