ਇੰਡਸਟਰੀ ਨੇ ਸੋਨੇ 'ਤੇ ਦਰਾਮਦ ਡਿਊਟੀ 4 ਫ਼ੀਸਦੀ ਕਰਨ ਦੀ ਮੰਗ ਕੀਤੀ

01/16/2021 1:37:32 PM

ਮੁੰਬਈ- ਰਤਨ ਤੇ ਗਹਿਣਾ ਉਦਯੋਗ ਨੇ ਸਰਕਾਰ ਨੂੰ ਸੋਨੇ 'ਤੇ ਦਰਾਮਦ ਡਿਊਟੀ ਘਟਾ ਚਾਰ ਫ਼ੀਸਦੀ ਕਰਨ ਦੀ ਮੰਗ ਕੀਤੀ ਹੈ। ਉਦਯੋਗ ਨੇ ਸਰੋਤ 'ਤੇ ਇਕੱਤਰ ਕੀਤੇ ਜਾਣ ਵਾਲੇ ਟੈਕਸ (ਟੀ. ਸੀ. ਐੱਸ.) ਨੂੰ ਵਾਪਸ ਲਏ ਜਾਣ ਅਤੇ ਪਾਲਿਸ਼ ਕੀਤੇ ਬਹੁਮੱਲੀ ਅਤੇ ਅਰਧ-ਕੀਮਤੀ ਰਤਨਾਂ 'ਤੇ ਵੀ ਦਰਾਮਦ ਡਿਊਟੀ ਘਟਾਉਣ ਦੀ ਮੰਗ ਕੀਤੀ ਹੈ।

ਸਰਬ ਭਾਰਤੀ ਰਤਨ ਤੇ ਗਹਿਣਾ ਪ੍ਰੀਸ਼ਦ (ਜੀ. ਜੇ. ਸੀ.) ਦੇ ਮੁੱਖ ਆਸ਼ੀਸ਼ ਪੇਠੇ ਨੇ ਕਿਹਾ, ''ਅਸੀਂ ਸਰਕਾਰ ਨੂੰ ਸੋਨੇ 'ਤੇ ਦਰਾਮਦ ਡਿਊਟੀ 12.5 ਫ਼ੀਸਦੀ ਤੋਂ ਘਟਾ ਕੇ ਚਾਰ ਫ਼ੀਸਦੀ ਕਰਨ ਦੀ ਮੰਗ ਕਰਦੇ ਹਾਂ। ਜੇਕਰ ਟੈਕਸ ਦੀ ਦਰ ਇਸ ਪੱਧਰ 'ਤੇ ਨਹੀਂ ਰੱਖੀ ਜਾਂਦੀ ਹੈ ਤਾਂ ਇਹ ਤਸਕਰੀ ਨੂੰ ਬੜ੍ਹਾਵਾ ਦੇਣ ਅਤੇ ਲੋਕਾਂ ਨੂੰ ਅੰਸਗਠਿਤ ਵਪਾਰ ਲਈ ਉਤਸ਼ਾਹਤ ਕਰੇਗਾ।''

ਉਨ੍ਹਾਂ ਇਹ ਵੀ ਕਿਹਾ ਕਿ ਰਤਨ ਅਤੇ ਗਹਿਣਾ ਉਦਯੋਗ ਲਈ ਕਰਜ਼ 'ਤੇ ਬਰਾਬਰ ਮਹੀਨਾਵਾਰ ਕਿਸ਼ਤ (ਈ. ਐੱਮ. ਆਈ.) ਦੀ ਸੁਵਿਧਾ ਦਿੱਤੀ ਜਾਣੀ ਚਾਹੀਦੀ ਹੈ ਅਤੇ ਨਕਦ ਖ਼ਰੀਦ ਹੱਦ ਮੌਜੂਦਾ 10,000 ਰੁਪਏ ਤੋਂ ਵਧਾ ਕੇ 1 ਲੱਖ ਰੁਪਏ ਕਰਨੀ ਚਾਹੀਦੀ ਹੈ। ਉੱਥੇ ਹੀ, ਜੀ. ਜੇ. ਈ. ਪੀ. ਸੀ. ਵੱਲੋਂ ਕੀਮਤੀ ਰਤਨਾਂ 'ਤੇ ਦਰਾਮਦ ਡਿਊਟੀ ਘਟਾ ਕੇ 2.5 ਫ਼ੀਸਦੀ ਕਰਨ ਦੀ ਮੰਗ ਕੀਤੀ ਗਈ ਹੈ, ਜੋ ਅਜੇ 7.5 ਫ਼ੀਸਦੀ ਹੈ। ਇਸ ਤੋਂ ਇਲਾਵਾ ਬਣਾਵਟੀ ਰੂਪ ਨਾਲ ਤਰਾਸ਼ੇ ਤੇ ਪਾਲਿਸ਼ ਕੀਤੇ ਗਏ ਰਤਨਾਂ 'ਤੇ ਦਰਾਮਦ ਡਿਊਟੀ ਪੰਜ ਫ਼ੀਸਦੀ ਤੋਂ ਵਧਾ ਕੇ 25 ਫ਼ੀਸਦੀ ਕਰਨ ਦਾ ਸੁਝਾਅ ਦਿੱਤਾ ਗਿਆ ਹੈ।


Sanjeev

Content Editor

Related News