ਇਲੈਕਟ੍ਰਿਕ ਦੋਪਹੀਆ ਵਾਹਨਾਂ ਦੀ ਸਬਸਿਡੀ ''ਚ ਅਚਾਨਕ ਕਟੌਤੀ ਨਾਲ ਪ੍ਰਭਾਵਿਤ ਹੋਵੇਗਾ ਉਦਯੋਗ: SMEV

Tuesday, May 23, 2023 - 04:35 PM (IST)

ਇਲੈਕਟ੍ਰਿਕ ਦੋਪਹੀਆ ਵਾਹਨਾਂ ਦੀ ਸਬਸਿਡੀ ''ਚ ਅਚਾਨਕ ਕਟੌਤੀ ਨਾਲ ਪ੍ਰਭਾਵਿਤ ਹੋਵੇਗਾ ਉਦਯੋਗ: SMEV

ਨਵੀਂ ਦਿੱਲੀ (ਭਾਸ਼ਾ) - ਇਲੈਕਟ੍ਰਿਕ ਵਾਹਨ ਉਦਯੋਗ ਦੀ ਸੰਸਥਾ SMEV ਨੇ ਮੰਗਲਵਾਰ ਨੂੰ ਕਿਹਾ ਕਿ ਇਲੈਕਟ੍ਰਿਕ ਦੋਪਹੀਆ ਵਾਹਨਾਂ ਦੀ ਸਬਸਿਡੀ 'ਚ ਅਚਾਨਕ ਹੋਈ ਕਟੌਤੀ ਕਾਰਨ ਭਾਰੀ ਨੁਕਸਾਨ ਹੋ ਸਕਦਾ ਹੈ। ਸੰਸਥਾ ਨੇ ਕਿਹਾ ਕਿ ਇਸ ਨਾਲ ਈਵੀ ਅਪਣਾਉਣ ਵਿੱਚ ਵੱਡੀ ਗਿਰਾਵਟ ਆ ਸਕਦੀ ਹੈ ਅਤੇ ਪੂਰਾ ਉਦਯੋਗ ਲੰਬੇ ਸਮੇਂ ਲਈ ਪ੍ਰਭਾਵਿਤ ਹੋ ਸਕਦਾ ਹੈ। ਹਾਲਾਂਕਿ ਦੂਜੇ ਪਾਸੇ ਇਲੈਕਟ੍ਰਿਕ ਮੋਬਿਲਿਟੀ ਸੈਕਟਰ 'ਚ ਸਟਾਰਟਅੱਪ ਕੰਪਨੀਆਂ ਨੇ ਸਰਕਾਰ ਦੇ ਫ਼ੈਸਲੇ ਦਾ ਸਵਾਗਤ ਕਰਦੇ ਹੋਏ ਕਿਹਾ ਹੈ ਕਿ ਹੁਣ ਈਵੀ ਇੰਡਸਟਰੀ ਨੂੰ ਆਪਣੇ ਦਮ 'ਤੇ ਖੜ੍ਹਾ ਕਰਨ ਦਾ ਸਮਾਂ ਆ ਗਿਆ ਹੈ।

ਸਰਕਾਰ ਨੇ ਸੋਮਵਾਰ ਨੂੰ ਇਲੈਕਟ੍ਰਿਕ ਦੋਪਹੀਆ ਵਾਹਨਾਂ 'ਤੇ ਲਾਗੂ FAME-II (ਭਾਰਤ ਵਿੱਚ ਇਲੈਕਟ੍ਰਿਕ ਵਾਹਨਾਂ ਦਾ ਨਿਰਮਾਣ ਅਤੇ ਉਹਨਾਂ ਨੂੰ ਤੇਜ਼ੀ ਨਾਲ ਅਪਣਾਉਣਾ) ਯੋਜਨਾ ਦੇ ਤਹਿਤ ਦਿੱਤੀ ਜਾਣ ਵਾਲੀ ਸਬਸਿਡੀ ਨੂੰ ਘਟਾ ਦਿੱਤਾ ਹੈ। ਇਹ ਫ਼ੈਸਲਾ 1 ਜੂਨ, 2023 ਨੂੰ ਜਾਂ ਇਸ ਤੋਂ ਬਾਅਦ ਰਜਿਸਟਰਡ ਇਲੈਕਟ੍ਰਿਕ ਦੋਪਹੀਆ ਵਾਹਨਾਂ 'ਤੇ ਲਾਗੂ ਹੋਵੇਗਾ। ਭਾਰੀ ਉਦਯੋਗ ਮੰਤਰਾਲੇ ਨੇ ਇਨ੍ਹਾਂ ਤਬਦੀਲੀਆਂ ਨੂੰ ਸੂਚਿਤ ਕੀਤਾ ਹੈ। ਇਲੈਕਟ੍ਰਿਕ ਦੋਪਹੀਆ ਵਾਹਨਾਂ ਦੇ ਲਈ ਮੰਗ ਪ੍ਰੋਤਸਾਹਨ 10,000 ਰੁਪਏ ਪ੍ਰਤੀ ਕਿਲੋਵਾਟ ਘੰਟਾ ਹੋਵੇਗਾ। ਸੋਸਾਇਟੀ ਆਫ਼ ਮੈਨੂਫੈਕਚਰਰਜ਼ ਆਫ਼ ਇਲੈਕਟ੍ਰਿਕ ਵਹੀਕਲਜ਼ (SMEV) ਦੇ ਮਹਾਨਿਦੇਸ਼ਕ ਸੋਹਿੰਦਰ ਗਿੱਲ ਨੇ ਤਬਦੀਲੀਆਂ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ "ਸਬਸਿਡੀ ਵਿੱਚ ਅਚਾਨਕ ਕਟੌਤੀ ਕਾਰਨ EV ਨੂੰ ਅਪਣਾਉਣ ਵਿੱਚ ਵੱਡੀ ਗਿਰਾਵਟ ਆ ਸਕਦੀ ਹੈ, ਜਿਸ ਨਾਲ ਸਮੁੱਚੇ ਉਦਯੋਗ 'ਤੇ ਲੰਬੇ ਸਮੇਂ ਤੱਕ ਦਾ ਪ੍ਰਭਾਵ ਪਵੇਗਾ। 

ਉਹਨਾਂ ਨੇ ਕਿਹਾ ਕਿ ਜ਼ਮੀਨੀ ਹਕੀਕਤ ਇਹ ਹੈ ਕਿ ਭਾਰਤੀ ਬਾਜ਼ਾਰ ਕੀਮਤ ਦੇ ਪ੍ਰਤੀ ਸੰਵੇਦਨਸ਼ੀਲ ਬਣਿਆ ਹੋਇਆ ਹੈ। ਜ਼ਿਆਦਾਤਰ ਪੈਟਰੋਲ ਦੋਪਹੀਆ ਵਾਹਨਾਂ ਦੀ ਕੀਮਤ 1 ਲੱਖ ਰੁਪਏ ਤੋਂ ਘੱਟ ਹੈ ਅਤੇ ਇਸ ਲਈ ਇਲੈਕਟ੍ਰਿਕ ਵਾਹਨ 'ਤੇ 1.5 ਲੱਖ ਰੁਪਏ ਤੋਂ ਵੱਧ ਖ਼ਰਚ ਕਰਨ ਦੀ ਸੰਭਾਵਨਾ ਘੱਟ ਹੈ। ਗਿੱਲ ਨੇ ਹਾਲਾਂਕਿ ਦੱਸਿਆ ਕਿ ਹੈਵੀ ਇੰਡਸਟਰੀਜ਼ ਮੰਤਰਾਲੇ ਨੇ ਕੁਝ ਮਹੀਨੇ ਪਹਿਲਾਂ ਹੀ ਸਬਸਿਡੀ ਘਟਾਉਣ ਦਾ ਸੰਕੇਤ ਦਿੱਤਾ ਸੀ। ਦੂਜੇ ਪਾਸੇ, ਵੋਲਟਅੱਪ ਦੇ ਸਹਿ-ਸੰਸਥਾਪਕ ਅਤੇ ਸੀਈਓ ਸਿਧਾਰਥ ਕਾਬਰਾ ਨੇ FAME ਸਬਸਿਡੀ ਵਿੱਚ ਕਟੌਤੀ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਹੁਣ ਉਦਯੋਗ ਲਈ ਆਪਣੇ ਪੈਰਾਂ 'ਤੇ ਖੜ੍ਹੇ ਹੋਣ ਦਾ ਸਮਾਂ ਹੈ। ਉਨ੍ਹਾਂ ਨੇ ਉਦਯੋਗ ਅਤੇ ਸਰਕਾਰ ਨੂੰ ਇੱਕ ਸੁਮੇਲ ਬੁਨਿਆਦੀ ਢਾਂਚਾ ਵਿਕਾਸ ਨੀਤੀ ਬਣਾਉਣ ਲਈ ਕੰਮ ਕਰਨ ਦਾ ਸੱਦਾ ਦਿੱਤਾ।
 


author

rajwinder kaur

Content Editor

Related News