ਇੰਡੀਗੋ ਅਕਤੂਬਰ ’ਚ ਕਈ ਦਰਮਿਆਨੇ ਅਤੇ ਛੋਟੇ ਸ਼ਹਿਰਾਂ ਲਈ ਸ਼ੁਰੂ ਕਰੇਗੀ ਉਡਾਣ
Sunday, Sep 28, 2025 - 04:36 AM (IST)

ਨਵੀਂ ਦਿੱਲੀ - ਯਾਤਰੀ ਗਿਣਤੀ ਦੇ ਲਿਹਾਜ਼ ਨਾਲ ਦੇਸ਼ ਦੀ ਸਭ ਤੋਂ ਵੱਡੀ ਹਵਾਈ ਸੇਵਾ ਕੰਪਨੀ ਇੰਡੀਗੋ ਅਗਲੇ ਮਹੀਨੇ ਕਈ ਦਰਮਿਆਨੇ ਅਤੇ ਛੋਟੇ ਸ਼ਹਿਰਾਂ ਲਈ ਹਵਾਈ ਸੇਵਾ ਸ਼ੁਰੂ ਕਰੇਗੀ। ਏਅਰਲਾਈਨ ਨੇ ਦੱਸਿਆ ਕਿ ਉਹ 26 ਅਕਤੂਬਰ ਤੋਂ ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ਅਤੇ ਰਾਜਸਥਾਨ ਦੇ ਜੈਸਲਮੇਰ, ਰਾਜਸਥਾਨ ਦੀ ਰਾਜਧਾਨੀ ਜੈਪੁਰ ਅਤੇ ਆਸਾਮ ਦੇ ਗੁਹਾਟੀ ਅਤੇ ਇੰਫਾਲ ਤੇ ਜੈਪੁਰ ਵਿਚਾਲੇ ਰੋਜ਼ਾਨਾ ਉਡਾਣਾਂ ਸ਼ੁਰੂ ਕਰੇਗੀ। ਇਸ ਤੋਂ ਬਾਅਦ 28 ਅਕਤੂਬਰ ਤੋਂ ਵਾਰਾਣਸੀ ਤੋਂ ਦੁਰਗਾਪੁਰ ਅਤੇ ਭੁਵਨੇਸ਼ਵਰ ਲਈ ਰੋਜ਼ਾਨਾ ਉਡਾਣਾਂ ਸ਼ੁਰੂ ਕੀਤੀਆਂ ਜਾਣਗੀਆਂ।
ਇੰਡੀਗੋ ਦੇ ਵਿਕਰੀ ਪ੍ਰਮੁੱਖ ਵਿਨੇ ਮਲਹੋਤਰਾ ਨੇ ਕਿਹਾ, “ਦੇਸ਼ ਦੇ ਦਰਮਿਆਨੇ ਅਤੇ ਛੋਟੇ ਸ਼ਹਿਰਾਂ ’ਚ ਘਰੇਲੂ ਸੰਪਰਕ ਨੂੰ ਹੋਰ ਬਿਹਤਰ ਬਣਾਉਣ ਦੀ ਆਪਣੀ ਵਚਨਬੱਧਤਾ ਮੁਤਾਬਕ ਸਾਨੂੰ ਇਨ੍ਹਾਂ ਨਵੇਂ ਰੂਟਾਂ ਨੂੰ ਸ਼ੁਰੂ ਕਰਦੇ ਹੋਏ ਖੁਸ਼ੀ ਹੋ ਰਹੀ ਹੈ। ਇਨ੍ਹਾਂ ਨਵੀਆਂ ਉਡਾਣਾਂ ਨਾਲ ਇੰਡੀਗੋ ਇਨ੍ਹਾਂ ਸ਼ਹਿਰਾਂ ਨੂੰ ਆਪਣੇ ਵਿਸ਼ਾਲ ਘਰੇਲੂ ਅਤੇ ਅੰਤਰਰਾਸ਼ਟਰੀ ਨੈੱਟਵਰਕ ਨਾਲ ਜੋੜ ਰਿਹਾ ਹੈ, ਜਿਸ ਨਾਲ ਵਪਾਰ, ਸੈਰ-ਸਪਾਟਾ ਅਤੇ ਸੱਭਿਆਚਾਰਕ ਆਦਾਨ-ਪ੍ਰਦਾਨ ਦੇ ਨਵੇਂ ਰਸਤੇ ਖੁੱਲ੍ਹ ਰਹੇ ਹਨ।”