ਇੰਡੀਗੋ ਨੂੰ ਹੋਇਆ 590 ਕਰੋੜ ਰੁਪਏ ਦਾ ਪ੍ਰਾਫਿਟ
Monday, May 27, 2019 - 08:37 PM (IST)

ਨਵੀਂ ਦਿੱਲੀ—ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ ਇੰਡੀਗੋ ਲਈ ਮਾਰਚ 2019 'ਚ ਖਤਮ ਤਿਮਾਹੀ ਸ਼ਾਨਦਾਰ ਰਹੀ। ਇਸ ਦੌਰਾਨ ਇੰਡੀਗੋ ਦੀ ਪੇਰੈਂਟ ਕੰਪਨੀ ਇੰਟਰਗਲੋਬ ਐਵੀਏਸ਼ਨ ਨੇ ਇਸ ਤਿਮਾਹੀ ਦੌਰਾਨ 589.60 ਕਰੋੜ ਰੁਪਏ ਦਾ ਪ੍ਰਾਫਿਟ ਪ੍ਰਾਪਤ ਕੀਤਾ, ਜਦੋਂਕਿ ਬੀਤੇ ਸਾਲ ਇਸੇ ਤਿਮਾਹੀ ਦੌਰਾਨ ਇਹ ਅੰਕੜਾ ਸਿਰਫ 117.60 ਕਰੋੜ ਰੁਪਏ ਰਿਹਾ ਸੀ। ਕੰਪਨੀ ਨੇ ਸਟਾਕ ਐਕਸਚੇਂਜ ਫਾਈਲਿੰਗਸ ਰਾਹੀਂ ਇਹ ਜਾਣਕਾਰੀ ਦਿੱਤੀ ਹੈ।
ਮੰਨਿਆ ਜਾ ਰਿਹਾ ਹੈ ਕਿ ਜੈੱਟ ਏਅਰਵੇਜ਼ ਦੇ ਸੰਕਟ ਕਾਰਣ ਕੰਪਨੀ ਨੂੰ ਖਾਸਾ ਫਾਇਦਾ ਹੋਇਆ ਹੈ। ਸਾਲ 2019 ਦੀ ਸ਼ੁਰੂਆਤ ਤੋਂ ਹੀ ਜੈੱਟ ਏਅਰਵੇਜ਼ ਸੰਕਟ 'ਚ ਘਿਰਨ ਲੱਗੀ ਸੀ ਅਤੇ ਇਸ ਦਾ ਅਸਰ ਉਸ ਦੇ ਆਪ੍ਰੇਸ਼ਨ 'ਤੇ ਵੀ ਦਿਸ ਰਿਹਾ ਸੀ। ਅਪ੍ਰੈਲ ਆਉਂਦੇ-ਆਉਂਦੇ ਜੈੱਟ ਦੀਆਂ ਫਲਾਈਟਸ ਪੂਰੀ ਤਰ੍ਹਾਂ ਬੰਦ ਹੋ ਗਈਆਂ। ਇਸ ਦਾ ਫਾਇਦਾ ਇੰਡੀਗੋ ਤੋਂ ਇਲਾਵਾ ਸਪਾਈਸਜੈੱਟ ਵਰਗੀਆਂ ਹੋਰ ਕੰਪਨੀਆਂ ਨੂੰ ਵੀ ਮਿਲਿਆ। ਦੂਜੀਆਂ ਕੰਪਨੀਆਂ ਨੇ ਕਈ ਹੋਰ ਰੂਟਸ ਦੇ ਕਿਰਾਏ ਵੀ ਵਧਾ ਦਿੱਤੇ।
12 ਫੀਸਦੀ ਵਧਿਆ ਏਅਰ ਫੇਅਰ
ਕਮਾਈ ਲਈ ਏਅਰ ਫੇਅਰ ਨੂੰ ਵੱਡਾ ਮਾਪਦੰਡ ਮੰਨਿਆ ਜਾਂਦਾ ਹੈ। ਇਸ ਤਿਮਾਹੀ ਦੌਰਾਨ ਇੰਡੀਗੋ ਨੇ ਆਪਣੇ ਕਿਰਾਇਆਂ 'ਚ ਲਗਭਗ 12 ਫੀਸਦੀ ਦਾ ਵਾਧਾ ਕੀਤਾ। ਪ੍ਰਤੀ ਕਿਲੋਮੀਟਰ ਪ੍ਰਤੀ ਸੀਟ ਰੈਵੇਨਿਊ ਦੀ ਗੱਲ ਕਰੀਏ ਤਾਂ ਇਹ 5.9 ਫੀਸਦੀ ਦੀ ਗ੍ਰੋਥ ਨਾਲ 3.63 ਰੁਪਏ ਦੇ ਪੱਧਰ 'ਤੇ ਪਹੁੰਚ ਗਈ। ਇੰਟਰਗਲੋਬ ਨੇ ਕਿਹਾ ਕਿ ਕੰਪਨੀ ਨੂੰ ਵਿੱਤੀ ਸਾਲ 2020 ਦੌਰਾਨ ਉਪਲਬਧ ਸੀਟ 'ਤੇ ਪ੍ਰਤੀ ਕਿਲੋਮੀਟਰ ਰੈਵੇਨਿਊ 'ਚ 30 ਫੀਸਦੀ ਵਾਧੇ ਦਾ ਅਨੁਮਾਨ ਹੈ।