ਇੰਡੀਗੋ ਅਤੇ ਗੋਏਅਰ ਮਈ ਦੇ ਅੰਤ ਤੱਕ 180 PW ਇੰਜਣ ਨੂੰ ਬਦਲ ਲੈਣਗੀਆਂ : DGCA
Tuesday, Mar 03, 2020 - 10:59 PM (IST)
ਨਵੀਂ ਦਿੱਲੀ (ਭਾਸ਼ਾ)-ਐਵੀਏਸ਼ਨ ਰੈਗੂਲੇਟਰ ਡੀ. ਜੀ. ਸੀ. ਏ. ਨੇ ਦੱਸਿਆ ਕਿ ਇੰਡੀਗੋ ਅਤੇ ਗੋਏਅਰ ਏ-320 ਨਿਓ ਜਹਾਜ਼ਾਂ ’ਚ ਲੱਗੇ ਕੁਲ 180 ਖਰਾਬ ਪ੍ਰੈਟ ਐਂਡ ਵ੍ਹਿਟਨੀ (ਪੀ. ਡਬਲਯੂ.) ਇੰਜਣਾਂ ਨੂੰ ਇਕ-ਇਕ ਕਰ ਕੇ ਇਸ ਸਾਲ ਮਈ ਮਹੀਨੇ ਤੱਕ ਬਦਲ ਲੈਣਗੀਆਂ। ਇੰਡੀਗੋ ਅਤੇ ਗੋਏਅਰ ਦੇ ਬੇੜੇ ’ਚ ਕ੍ਰਮਵਾਰ 106 ਅਤੇ 43 ਪ੍ਰੈਟ ਐਂਡ ਵ੍ਹਿਟਨੀ ਇੰਜਣ ਲੱਗੇ ਏ320 ਨਿਓ ਜਹਾਜ਼ ਹਨ। ਇਨ੍ਹਾਂ ਜਹਾਜ਼ਾਂ ਨੂੰ ਬੇੜੇ ’ਚ ਸ਼ਾਮਲ ਕਰਨ ਤੋਂ ਬਾਅਦ ਪੀ. ਡਬਲਯੂ. ਇੰਜਣ ’ਚ ਸਮੱਸਿਆ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਸਨ।
ਜ਼ਿਕਰਯੋਗ ਹੈ ਕਿ ਇੰਡੀਗੋ ਦੇ ਬੇੜੇ ’ਚ ਐੱਲ. ਪੀ . ਟੀ. (ਘੱਟ ਦਬਾਅ ਟਰਬਾਈਨ) ਦੇ ਖ਼ਰਾਬ ਹੋਣ ਦੀਆਂ ਜ਼ਿਆਦਾ ਘਟਨਾਵਾਂ ਸਾਹਮਣੇ ਆਈਆਂ ਸਨ, ਜਿਸ ਤੋਂ ਬਾਅਦ ਡਾਇਰੈਕਟ ਜਨਰਲ ਆਫ ਸਿਵਲ ਐਵੀਏਸ਼ਨ (ਡੀ. ਜੀ. ਸੀ. ਏ.) ਨੇ ਪਿਛਲੇ ਸਾਲ 1 ਨਵੰਬਰ ਨੂੰ ਕੰਪਨੀ ਨੂੰ ਹੁਕਮ ਦਿੱਤਾ ਸੀ ਕਿ ਉਹ 31 ਜਨਵਰੀ ਤੱਕ ਖਰਾਬ ਇੰਜਣਾਂ ਨੂੰ ਆਧੁਨਿਕ ਇੰਜਣ ਨਾਲ ਬਦਲੇ। ਡੀ. ਜੀ. ਸੀ. ਏ. ਨੇ ਇਸ ਤੋਂ ਬਾਅਦ ਇਸ ਸਮਾਂ ਹੱਦ ਨੂੰ ਵਧਾ ਕੇ 30 ਮਈ ਕਰ ਦਿੱਤਾ। ਐਵੀਏਸ਼ਨ ਰੈਗੂਲੇਟਰ ਨੇ ਗੋਏਅਰ ਨੂੰ ਵੀ 30 ਮਈ ਤੱਕ ਖਰਾਬ ਇੰਜਣਾਂ ਨੂੰ ਬਦਲਣ ਦਾ ਹੁਕਮ ਦਿੱਤਾ।