ਵਿਦੇਸ਼ਾਂ ''ਚ ਨੌਕਰੀ ਦਾ ਲਾਲਚ ਛੱਡ ਰਹੇ ਭਾਰਤੀ, ਘਰ ''ਚ ਲੱਭ ਰਹੇ ਰੁਜ਼ਗਾਰ

Wednesday, Oct 18, 2017 - 09:01 AM (IST)

ਵਿਦੇਸ਼ਾਂ ''ਚ ਨੌਕਰੀ ਦਾ ਲਾਲਚ ਛੱਡ ਰਹੇ ਭਾਰਤੀ, ਘਰ ''ਚ ਲੱਭ ਰਹੇ ਰੁਜ਼ਗਾਰ

ਨਵੀਂ ਦਿੱਲੀ— ਭਾਰਤੀਆਂ 'ਚ ਵਿਦੇਸ਼ 'ਚ ਨੌਕਰੀ ਦਾ ਆਕਰਸ਼ਣ ਘੱਟ ਰਿਹਾ ਹੈ। ਇਕ ਸਰਵੇਖਣ 'ਚ ਕਿਹਾ ਗਿਆ ਹੈ ਕਿ ਵਿਦੇਸ਼ਾਂ 'ਚ ਜਾਰੀ ਰਾਜਨੀਤਕ ਅਸਥਿਰਤਾ ਕਾਰਨ ਉੱਥੇ ਰਹਿ ਰਹੇ ਉੱਚ ਹੁਨਰਮੰਦ ਲੋਕ ਹੁਣ ਦੇਸ਼ 'ਚ ਨੌਕਰੀ ਕਰਨਾ ਚਾਹੁੰਦੇ ਹਨ। ਸੰਸਾਰਕ ਪੱਧਰ 'ਤੇ ਰੁਜ਼ਗਾਰ ਸੰਬੰਧੀ ਸੂਚਨਾਵਾਂ ਦੇਣ ਵਾਲੀ ਵੈੱਬਸਾਈਟ ਇੰਡੀਡ ਵੱਲੋਂ ਹਾਲ ਹੀ 'ਚ ਜਾਰੀ ਅੰਕੜਿਆਂ 'ਚ ਇਹ ਗੱਲ ਸਾਹਮਣੇ ਆਈ ਹੈ। ਸਰਵੇਖਣ ਮੁਤਾਬਕ ਪਿਛਲੇ ਸਾਲ ਅਮਰੀਕਾ 'ਚ ਨੌਕਰੀ ਲਈ ਜਾਣ ਵਾਲੇ ਇੱਛੁਕ ਭਾਰਤੀਆਂ ਦੀ ਗਿਣਤੀ 'ਚ 38 ਫੀਸਦੀ ਦੀ ਕਮੀ ਆਈ ਹੈ। ਉੱਥੇ ਹੀ, ਬ੍ਰਿਟੇਨ ਜਾਣ ਦੇ ਇੱਛੁਕ ਭਾਰਤੀਆਂ ਦੀ ਗਿਣਤੀ ਵੀ 42 ਫੀਸਦੀ ਘਟੀ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਬ੍ਰਿਟੇਨ ਦੇ ਯੂਰਪੀ ਸੰਘ ਤੋਂ ਬਾਹਰ ਹੋਣ ਕਾਰਨ ਭਾਰਤੀ ਉੱਥੇ ਨੌਕਰੀ ਕਰਨ ਜਾਣ ਤੋਂ ਪਿੱਛੇ ਹੱਟ ਰਹੇ ਹਨ। ਯੂਰਪੀ ਸੰਘ ਤੋਂ ਬਾਹਰ ਹੋਣ ਤੋਂ ਬਾਅਦ ਬ੍ਰਿਟੇਨ 'ਚ ਵਿਦੇਸ਼ੀਆਂ ਦੇ ਰੁਜ਼ਗਾਰ 'ਤੇ ਅਸਰ ਪੈ ਸਕਦਾ ਹੈ।

ਜਰਮਨੀ, ਆਇਰਲੈਂਡ 'ਚ ਵਧੀ ਗਿਣਤੀ, ਖਾੜੀ ਦੇਸ਼ਾਂ 'ਚ ਘਟੇ ਰੁਝਾਨ
ਹਾਲਾਂਕਿ ਜਰਮਨੀ ਅਤੇ ਆਇਰਲੈਂਡ ਵਰਗੇ ਦੇਸ਼ਾਂ 'ਚ ਨੌਕਰੀ ਕਰਨ ਦੇ ਚਾਹਵਾਨ ਭਾਰਤੀਆਂ ਦੀ ਗਿਣਤੀ ਵਧੀ ਹੈ। ਜਰਮਨੀ 'ਚ ਨੌਕਰੀ ਚਾਹੁਣ ਵਾਲੇ ਭਾਰਤੀਆਂ ਦੀ ਗਿਣਤੀ 10 ਫੀਸਦੀ ਵਧੀ ਹੈ। ਆਇਰਲੈਂਡ ਜਾਣ ਦੇ ਚਾਹਵਾਨ ਭਾਰਤੀਆਂ ਦੀ ਗਿਣਤੀ 'ਚ 20 ਫੀਸਦੀ ਦਾ ਵਾਧਾ ਹੋਇਆ ਹੈ। ਖਾੜੀ ਦੇਸ਼ ਜਾਣ ਦੇ ਇੱਛੁਕ ਭਾਰਤੀਆਂ ਦੀ ਗਿਣਤੀ 'ਚ ਵੀ 21 ਫੀਸਦੀ ਦੀ ਕਮੀ ਆਈ ਹੈ। ਇੰਡੀਡ ਇੰਡੀਆ ਦੇ ਪ੍ਰਬੰਧਕ ਨਿਰਦੇਸ਼ਕ ਸ਼ਸ਼ੀ ਕੁਮਾਰ ਨੇ ਕਿਹਾ, ਤੇਜ਼ੀ ਨਾਲ ਵਧਦੀ ਭਾਰਤੀ ਅਰਥਵਿਵਸਥਾ ਅਤੇ ਵਿਦੇਸ਼ਾਂ 'ਚ ਰਾਜਨੀਤਕ ਅਸਥਿਰਤਾ ਕਾਰਨ ਉੱਚ ਹੁਨਰਮੰਦ ਭਾਰਤੀ ਦੇਸ਼ 'ਚ ਨੌਕਰੀ ਲੱਭ ਰਹੇ ਹਨ ਅਤੇ ਉਨ੍ਹਾਂ ਦੀ ਗਿਣਤੀ ਵਧ ਰਹੀ ਹੈ। ਉੱਥੇ ਹੀ, ਵਿਦੇਸ਼ ਜਾਣ ਦੀ ਇੱਛਾ ਘਟਣ ਦੇ ਬਾਵਜੂਦ ਅਜੇ ਵੀ ਸਭ ਤੋਂ ਵਧ ਭਾਰਤੀ ਅਮਰੀਕਾ ਜਾਣਾ ਚਾਹੁੰਦੇ ਹਨ। 49 ਫੀਸਦੀ ਭਾਰਤੀਆਂ ਨੇ ਅਮਰੀਕਾ 'ਚ ਰੁਜ਼ਗਾਰ ਲਈ ਜਾਣ ਦੀ ਇੱਛਾ ਪ੍ਰਗਟ ਕੀਤੀ ਹੈ। ਭਾਰਤੀ ਲੋਕ ਰੁਜ਼ਗਾਰ ਲਈ ਜਿਨ੍ਹਾਂ ਦੇਸ਼ਾਂ 'ਚ ਜਾਣਾ ਪਸੰਦ ਕਰ ਰਹੇ ਹਨ, ਉਨ੍ਹਾਂ 'ਚ ਯੂ. ਏ. ਈ. (16 ਫੀਸਦੀ), ਕੈਨੇਡਾ (9 ਫੀਸਦੀ), ਬ੍ਰਿਟੇਨ (5 ਫੀਸਦੀ), ਸਿੰਗਾਪੁਰ (4 ਫੀਸਦੀ), ਆਸਟ੍ਰੇਲੀਆ (3 ਫੀਸਦੀ), ਕਤਰ (2 ਫੀਸਦੀ), ਦੱਖਣੀ ਅਫਰੀਕਾ (1 ਫੀਸਦੀ) ਅਤੇ ਬਹਿਰੀਨ (1 ਫੀਸਦੀ) ਸ਼ਾਮਲ ਹਨ।


Related News