ਯੂ. ਏ. ਈ. ਨੂੰ ਲੈ ਕੇ ਭਾਰਤੀ ਲੋਕਾਂ ਲਈ ਵੱਡੀ ਖ਼ੁਸ਼ਖ਼ਬਰੀ, ਮਿਲੀ ਇਹ ਛੋਟ
Monday, Oct 12, 2020 - 05:48 PM (IST)

ਨਵੀਂ ਦਿੱਲੀ— ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) 'ਚ ਭਾਰਤੀਆਂ ਨੂੰ ਹੁਣ ਭਾਰਤ ਦੀ ਯਾਤਰਾ ਲਈ ਭਾਰਤੀ ਦੂਤਘਰ ਨਾਲ ਰਜਿਸਟ੍ਰੇਸ਼ਨ ਕਰਾਉਣ ਦੀ ਜ਼ਰੂਰਤ ਨਹੀਂ ਹੋਵੇਗੀ।
ਇਸ ਦੀ ਜਾਣਕਾਰੀ ਏਅਰ ਇੰਡੀਆ ਐਕਸਪ੍ਰੈੱਸ ਨੇ ਸੋਮਵਾਰ ਨੂੰ ਦਿੱਤੀ। ਏਅਰਲਾਈਨ ਨੇ ਕਿਹਾ ਕਿ ਯਾਤਰੀ ਹੁਣ ਸਿੱਧੇ ਏਅਰ ਇੰਡੀਆ ਐਕਸਪ੍ਰੈੱਸ ਨਾਲ ਬੁਕਿੰਗ ਕਰ ਸਕਦੇ ਹਨ।
ਏਅਰ ਇੰਡੀਆ ਐਕਸਪ੍ਰੈੱਸ ਨੇ ਟਵਿੱਟਰ 'ਤੇ ਲਿਖਿਆ, ''ਜਿਵੇਂ ਕਿ ਭਾਰਤ ਅਤੇ ਯੂ. ਏ. ਈ. ਏਅਰ ਬੱਬਲ ਸਮਝੌਤੇ ਦਾ ਹਿੱਸਾ ਹਨ, ਯਾਤਰੀਆਂ ਦੇ ਰਜਿਸਟ੍ਰੇਸ਼ਨ ਦੀ ਹੁਣ ਕੋਈ ਲੋੜ ਨਹੀਂ ਹੈ ਅਤੇ ਬੁਕਿੰਗ ਸਿੱਧੀ ਏਅਰ ਇੰਡੀਆ ਐਕਸਪ੍ਰੈੱਸ ਨਾਲ ਕੀਤੀ ਜਾ ਸਕਦੀ ਹੈ।''
#FlyWithIX : Registration with the Indian Embassy is no longer required for passengers traveling from the UAE to India!@IndembAbuDhabi pic.twitter.com/3tvwErO5jr
— Air India Express (@FlyWithIX) October 12, 2020
ਵੰਦੇ ਭਾਰਤ ਮਿਸ਼ਨ (ਵੀ. ਬੀ. ਐੱਮ.) ਤਹਿਤ ਜ਼ਮੀਨੀ, ਸਮੁੰਦਰੀ ਅਤੇ ਹਵਾਈ ਮਾਰਗਾਂ ਰਾਹੀਂ 7 ਅਕਤੂਬਰ ਤੱਕ 17.2 ਲੱਖ ਭਾਰਤੀ ਵਾਪਸ ਲਿਆਂਦੇ ਗਏ ਹਨ।
ਪਿਛਲੇ ਹਫ਼ਤੇ ਵਿਦੇਸ਼ ਮੰਤਰਾਲਾ ਨੇ ਇਸ ਦੀ ਜਾਣਕਾਰੀ ਦਿੱਤੀ ਸੀ। ਵਿਦੇਸ਼ ਰਾਜ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਸੀ ਕਿ ਵੰਦੇ ਭਾਰਤ ਮਿਸ਼ਨ ਦਾ 7ਵਾਂ ਫੇਜ ਜੋ ਇਸ ਸਮੇਂ 1 ਅਕਤੂਬਰ ਤੋਂ ਚੱਲ ਰਿਹਾ ਹੈ ਤਹਿਤ ਇਸ ਮਹੀਨੇ 25 ਦੇਸ਼ਾਂ ਨੂੰ 873 ਕੌਮਾਂਤਰੀ ਉਡਾਣਾਂ ਚਲਾਈਆਂ ਜਾਣੀਆਂ ਹਨ। ਇਨ੍ਹਾਂ 'ਚ 14 ਵੱਖ-ਵੱਖ ਦੇਸ਼ਾਂ ਦੀਆਂ ਉਹ ਉਡਾਣਾਂ ਸ਼ਾਮਲ ਹਨ, ਜਿਨ੍ਹਾਂ ਨਾਲ ਭਾਰਤ ਦਾ ਦੋ-ਪੱਖੀ ਏਅਰ ਬੱਬਲ ਸਮਝੌਤਾ ਹੈ। ਗੌਰਤਲਬ ਹੈ ਕਿ ਕੋਰੋਨਾ ਵਾਇਰਸ ਕਾਰਨ ਪਾਬੰਦੀਆਂ ਦੀ ਵਜ੍ਹਾ ਨਾਲ ਭਾਰਤ ਨੇ ਵਿਦੇਸ਼ਾਂ 'ਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਮਈ ਦੇ ਸ਼ੁਰੂ 'ਚ ਵੰਦੇ ਭਾਰਤ ਮਿਸ਼ਨ ਸ਼ੁਰੂ ਕੀਤਾ ਸੀ, ਜੋ ਇਸ ਸਮੇਂ 7ਵੇਂ ਪੜਾਅ 'ਚ ਹੈ।