‘ਭਾਰਤੀ ਟੈੱਕ ਇੰਡਸਟ੍ਰੀ ਮਾਲੀ ਸਾਲ 2026 ’ਚ 300 ਅਰਬ ਡਾਲਰ ਦਾ ਮਾਲੀਆ ਕਰੇਗੀ ਹਾਸਲ’
Tuesday, Feb 25, 2025 - 04:37 AM (IST)

ਮੁੰਬਈ (ਭਾਸ਼ਾ) - ਸੂਚਨਾ ਤਕਨੀਕ (ਆਈ. ਟੀ.) ਖੇਤਰ ਦਾ ਮਾਲੀਆ ਮਾਲੀ ਸਾਲ 2024-25 ’ਚ 5.1 ਫੀਸਦੀ ਵਧ ਕੇ 282.6 ਅਰਬ ਡਾਲਰ ਹੋਣ ਦਾ ਅੰਦਾਜ਼ਾ ਹੈ। ਸੂਚਨਾ ਤਕਨੀਕ ਸੰਗਠਨ ਨੈਸਕਾਮ ਦੇ ‘ਟੈਕਨਾਲੋਜੀ ਲੀਡਰਸ਼ਿਪ ਫੋਰਮ’ ’ਚ ਇਸ ਦੇ ਪ੍ਰਧਾਨ ਰਾਜੇਸ਼ ਨਾਂਬੀਆਰ ਨੇ ਸੋਮਵਾਰ ਨੂੰ ਕਿਹਾ ਕਿ ਮਾਲੀ ਸਾਲ 2025-26 ’ਚ ਟੈੱਕ ਇੰਡਸਟ੍ਰੀ ਦਾ ਮਾਲੀਆ 300 ਅਰਬ ਅਮਰੀਕੀ ਡਾਲਰ ਦੇ ਪਾਰ ਪਹੁੰਚਣ ਦੀ ਸੰਭਾਵਨਾ ਹੈ, ਜੋ ਮਾਲੀ ਸਾਲ 2024-25 ਦੇ ਪੱਧਰ ਨਾਲੋਂ ਲੱਗਭਗ 6 ਫੀਸਦੀ ਵੱਧ ਹੈ।
ਮਾਲੀ ਸਾਲ 2025 ’ਚ ਕਾਰੋਬਾਰੀ ਨਤੀਜਿਆਂ ’ਤੇ ਟਿੱਪਣੀ ਕਰਦੇ ਹੋਏ ਨਾਂਬੀਆਰ ਨੇ ਪੱਤਰਕਾਰਾਂ ਨੂੰ ਕਿਹਾ,‘ਸਾਡੇ ਆਲੇ-ਦੁਆਲੇ ਜੋ ਕੁਝ ਵੀ ਹੋ ਰਿਹਾ ਹੈ, ਉਸ ਨੂੰ ਦੇਖਦੇ ਹੋਏ ਇਹ ਇਕ ਚੰਗਾ ਨਤੀਜਾ ਹੈ।’ ਨੈਸਕਾਮ ਦੇ ਅੰਦਾਜ਼ਿਆਂ ਅਨੁਸਾਰ ਇਸ ਸਾਲ ਤਕਨੀਕੀ ਖੇਤਰ ’ਚ ਕੰਮ ਕਰ ਰਹੇ ਲੋਕਾਂ ਦੀ ਗਿਣਤੀ 1.26 ਲੱਖ ਵਧ ਕੇ 58 ਲੱਖ ਹੋ ਗਈ। ਰਵਾਇਤੀ ਆਈ. ਟੀ. ਸੇਵਾ ਕੰਪਨੀਆਂ ਦਾ ਮਾਲੀ ਸਾਲ 2024-25 ਦਾ ਮਾਲੀਆ 4.3 ਫੀਸਦੀ ਵਧ ਕੇ 137.1 ਅਰਬ ਅਮਰੀਕੀ ਡਾਲਰ ਹੋ ਜਾਵੇਗਾ, ਜਦਕਿ ‘ਬਿਜ਼ਨੈੱਸ ਪ੍ਰੋਸੈੱਸ ਆਊਟਸੋਰਸਿੰਗ’ ਦਾ ਮਾਲੀਆ 4.7 ਫੀਸਦੀ ਵਧ ਕੇ 54.6 ਅਰਬ ਡਾਲਰ ਰਹੇਗਾ।
ਇੰਜੀਨੀਅਰਿੰਗ ਖੋਜ ਅਤੇ ਵਿਕਾਸ ਕੰਪਨੀਆਂ ਦਾ ਮਾਲੀਆ ਵਾਧਾ ਸਭ ਤੋਂ ਵੱਧ 7 ਫੀਸਦੀ ਦੀ ਦਰ ਨਾਲ ਵਧਣ ਅਤੇ ਇਸ ਲਈ 55.6 ਅਰਬ ਡਾਲਰ ਰਹਿਣ ਦੀ ਸੰਭਾਵਨਾ ਹੈ। ਕੰਪਨੀਆਂ ਦਾ ਘਰੇਲੂ ਮਾਲੀਆ 7 ਫੀਸਦੀ ਵਧ ਕੇ 58.2 ਅਰਬ ਅਮਰੀਕੀ ਡਾਲਰ ਹੋ ਜਾਵੇਗਾ, ਜੋ ਐਕਸਪੋਰਟ ਮਾਲੀਏ ’ਚ 4.6 ਫੀਸਦੀ ਦੇ ਵਾਧੇ ਨਾਲੋਂ ਵੱਧ ਹੈ, ਜਿਸ ਦੇ 224.4 ਅਰਬ ਅਮਰੀਕੀ ਡਾਲਰ ਰਹਿਣ ਦਾ ਅੰਦਾਜ਼ਾ ਹੈ।