IOC ਪਾਈਪਲਾਈਨ ਜਾਇਦਾਦਾਂ ਦਾ ਮੁਦਰੀਕਰਣ ਕਰੇਗੀ, ਕਈ ਨਿਵੇਸ਼ਕਾਂ ਨੇ ਦਿਖਾਈ ਦਿਲਚਸਪੀ
Tuesday, Feb 02, 2021 - 05:21 PM (IST)

ਨਵੀਂ ਦਿੱਲੀ(ਭਾਸ਼ਾ)– ਜਨਤਕ ਖੇਤਰ ਦੀ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ (ਆਈ. ਓ. ਸੀ.) ਦੇ ਡਾਇਰੈਕਟਰ (ਵਿੱਤ) ਸੰਦੀਪ ਕੁਮਾਰ ਗੁਪਤਾ ਨੇ ਕਿਹਾ ਕਿ ਕੰਪਨੀ ਆਪਣੇ ਕੱਚੇ ਤੇਲ ਅਤੇ ਪੈਟਰੋਲੀਅਮ ਉਤਪਾਦਾਂ ਦੀ ਪਾਈਪਲਾਈਨ ਦੇ ਵਿਸ਼ਾਲ ਨੈੱਟਵਰਕ ’ਚ ਇਕ ਜਾਂ ਦੋ ਨੂੰ ਵੇਚ ਸਕਦੀ ਹੈ ਪਰ ਉਹ ਇਨ੍ਹਾਂ ’ਤੇ ਆਪਣਾ ਕੰਟਰੋਲ ਨਹੀਂ ਛੱਡੇਗੀ।
ਉਨ੍ਹਾਂ ਨੇ ਵਿਸ਼ਲੇਸ਼ਕਾਂ ਅਤੇ ਨਿਵੇਸ਼ਕਾਂ ਨਾਲ ਇਕ ਕਾਨਫਰੰਸ ’ਚ ਕਿਹਾ ਕਿ ਇਨਵਿਟ ਇਕ ਮਾਡਲ ਹੋ ਸਕਦਾ ਹੈ, ਜਿਸ ’ਤੇ ਅਸੀਂ ਵਿਚਾਰ ਕਰ ਸਕਦੇ ਹਾਂ ਪਰ ਅਸੀਂ 100 ਫੀਸਦੀ ਨਹੀਂ ਵੇਚਾਂਗੇ। ਅਸੀਂ ਆਪ੍ਰੇਟਰ ਬਣੇ ਰਹਾਂਗੇ। ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ 1 ਅਪ੍ਰੈਲ ਤੋਂ ਸ਼ੁਰੂ ਹੋਣ ਵਾਲੇ ਵਿੱਤੀ ਸਾਲ ਦੇ ਆਪਣੇ ਬਜਟ ’ਚ ਆਈ. ਓ. ਸੀ., ਗੇਲ (ਇੰਡੀਆ) ਲਿਮਟਿਡ ਅਤੇ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ (ਐੱਚ. ਪੀ. ਸੀ. ਐੱਲ.) ਦੀਆਂ ਤੇਲ ਅਤੇ ਗੈਸ ਪਾਈਪਲਾਈਨ ਜਾਇਦਾਦਾਂ ਦੇ ਮੁਦਰੀਕਰਣ ਦਾ ਐਲਾਨ ਕੀਤਾ ਸੀ।
ਗੁਪਤਾ ਨੇ ਕਿਹਾ ਕਿ ਆਈ. ਓ. ਸੀ. ਦੀਆਂ ਪਾਈਪਲਾਈਨ ਜਾਇਦਾਦਾਂ ’ਚ ਬਹੁਤ ਜ਼ਿਆਦਾ ਸੰਭਾਵਨਾਵਾਂ ਹਨ ਅਤੇ ਬਹੁਤ ਸਾਰੇ ਨਿਵੇਸ਼ਕ ਇਨ੍ਹਾਂ ਜਾਇਦਾਦਾਂ ’ਚ ਦਿਲਚਸਪੀ ਦਿਖਾ ਰਹੇ ਹਨ। ਹਾਲਾਂਕਿ ਉਨ੍ਹਾਂ ਨੇ ਨਿਵੇਸ਼ਕਾਂ ਦੇ ਨਾਂ ਨਹੀਂ ਦੱਸੇ। ਉਨ੍ਹਾਂ ਨੇ ਕਿਹਾ ਕਿ ਅਸੀਂ ਸ਼ੁਰੂਆਤ ’ਚ ਇਕ ਜਾਂ ਦੋ ਪਾਈਪਲਾਈਨਾਂ ’ਚ ਹਿੱਸੇਦਾਰੀ ਵੇਚ ਸਕਦੇ ਹਾਂ। ਗੇਲ ਵੀ ਦਾਹੇਜ ਅਤੇ ਬੇਂਗਲੁਰੂ ਦਰਮਿਆਨ ਆਪਣੀਆਂ ਦੋ ਗੈਸ ਪਾਈਪਲਾਈਨਾਂ ਲਈ ਇਨਵਿਟ ਲਿਆਉਣ ਦੀ ਯੋਜਨਾ ਬਣਾ ਰਹੀ ਹੈ। ਗੁਪਤਾ ਨੇ ਉਮੀਦ ਜਤਾਈ ਕਿ ਮਾਰਚ ਤੋਂ ਬਾਅਦ ਕੱਚੇ ਤੇਲ ਦੀਆਂ ਕੀਮਤਾਂ ’ਚ ਨਰਮੀ ਆਵੇਗੀ।