ਭਾਰਤੀ ਅਰਥਵਿਵਸਥਾ ਚੰਗੀ ਸਥਿਤੀ ’ਚ, 2024 ’ਚ 7.2 ਫੀਸਦੀ ਵਾਧੇ ਦਾ ਅੰਦਾਜ਼ਾ : ਮੂਡੀਜ਼
Saturday, Nov 16, 2024 - 05:40 AM (IST)
ਨਵੀਂ ਦਿੱਲੀ (ਭਾਸ਼ਾ) - ਭਾਰਤੀ ਅਰਥਵਿਵਸਥਾ ਚੰਗੀ ਸਥਿਤੀ ’ਚ ਹੈ। ਨਾਲ ਹੀ ਕੈਲੰਡਰ ਸਾਲ 2024 ’ਚ ਇਕਾਨਮੀ ਦੇ ਵਧਣ ਦੀ ਰਫਤਾਰ 7.2 ਫੀਸਦੀ ਰਹੇਗੀ ਅਤੇ ਅਗਲੇ ਸਾਲ ਯਾਨੀ 2025 ’ਚ ਇਹ 6.6 ਫੀਸਦੀ ਦੀ ਸਪੀਡ ਨਾਲ ਵਧੇਗੀ। ਇਹ ਤਾਜ਼ਾ ਅੰਦਾਜ਼ਾ ਮੂਡੀਜ਼ ਰੇਟਿੰਗਜ਼ ਨੇ ਲਾਇਆ ਹੈ।
ਮੂਡੀਜ਼ ਨੇ ਕਿਹਾ ਕਿ ਭਾਰਤੀ ਅਰਥਵਿਵਸਥਾ ’ਚ ਠੋਸ ਵਾਧਾ ਅਤੇ ਨਰਮ ਮਹਿੰਗਾਈ ਦਾ ਮਿਸ਼ਰਣ ਹੈ। ਆਪਣੇ ਗਲੋਬਲ ਮੈਕਰੋ ਆਊਟਲੁੱਕ 2025-26 ’ਚ ਮੂਡੀਜ਼ ਨੇ ਕਿਹਾ ਕਿ ਗਲੋਬਲ ਇਕਾਨਮੀ ਨੇ ਮਹਾਮਾਰੀ ਦੌਰਾਨ ਸਪਲਾਈ ਚੇਨ ਨਾਲ ਜੁੜੀਆਂ ਰੁਕਾਵਟਾਂ, ਰੂਸ-ਯੂਕ੍ਰੇਨ ਜੰਗ ਸ਼ੁਰੂ ਹੋਣ ਤੋਂ ਬਾਅਦ ਊਰਜਾ ਅਤੇ ਖੁਰਾਕੀ ਸੰਕਟ, ਉੱਚ ਮਹਿੰਗਾਈ ਅਤੇ ਇਸ ਦੇ ਨਤੀਜੇ ਵਜੋਂ ਕਰੰਸੀ ਨੀਤੀ ਸਖਤ ਹੋਣ ਤੋਂ ਉੱਭਰਣ ’ਚ ਜ਼ਿਕਰਯੋਗ ਲਚੀਲਾਪਨ ਵਿਖਾਇਆ ਹੈ।
ਜ਼ਿਆਦਾਤਰ ਜੀ-20 ਅਰਥਵਿਵਸਥਾਵਾਂ ਸਥਿਰ ਵਾਧੇ ’ਚੋਂ ਲੰਘਣਗੀਆਂ
ਭਾਰਤ ਤੋਂ ਇਲਾਵਾ ਮੂਡੀਜ਼ ਨੇ ਇਹ ਵੀ ਕਿਹਾ ਕਿ ਜ਼ਿਆਦਾਤਰ ਜੀ-20 ਅਰਥਵਿਵਸਥਾਵਾਂ ਸਥਿਰ ਵਾਧੇ ਦਾ ਅਨੁਭਵ ਕਰਨਗੀਆਂ ਅਤੇ ਨੀਤੀਗਤ ਸਹਿਜਤਾ ਅਤੇ ਸਹਾਇਕ ਕਮੋਡਿਟੀ ਕੀਮਤਾਂ ਤੋਂ ਲਾਭ ਚੁੱਕਣਾ ਜਾਰੀ ਰੱਖਣਗੀਆਂ।
ਹਾਲਾਂਕਿ, ਅਮਰੀਕੀ ਘਰੇਲੂ ਅਤੇ ਅੰਤਰਰਾਸ਼ਟਰੀ ਨੀਤੀਆਂ ’ਚ ਚੋਣ ਤੋਂ ਬਾਅਦ ਦੇ ਬਦਲਾਅ ਸੰਭਾਵਿਕ ਰੂਪ ਨਾਲ ਕੌਮਾਂਤਰੀ ਆਰਥਿਕ ਵਿਖੰਡਨ ਨੂੰ ਤੇਜ਼ ਕਰ ਸਕਦੇ ਹਨ, ਜਿਸ ਨਾਲ ਚੱਲ ਰਹੇ ਸਥਿਰੀਕਰਨ ਨੂੰ ਮੁਸ਼ਕਲ ਬਣਾ ਸਕਦੇ ਹਨ। ਵਪਾਰ, ਮਾਲੀਆ, ਇਮੀਗ੍ਰੇਸ਼ਨ ਅਤੇ ਰੈਗੂਲੇਟਰੀ ਨੀਤੀ ਬਦਲਾਵਾਂ ਦੇ ਪੂਰਨ ਅਤੇ ਸ਼ੁੱਧ ਪ੍ਰਭਾਵ ਦੇਸ਼ਾਂ ਅਤੇ ਖੇਤਰਾਂ ਲਈ ਨਤੀਜਿਆਂ ਦੀ ਹੱਦ ਦਾ ਵਿਸਥਾਰ ਕਰਨਗੇ।
ਇਸ ਵਜ੍ਹਾ ਨਾਲ ਹੋਇਆ ਵਾਧਾ
ਭਾਰਤ ਦੇ ਬਾਰੇ ’ਚ ਮੂਡੀਜ਼ ਨੇ ਕਿਹਾ ਕਿ ਘਰੇਲੂ ਖਪਤ ’ਚ ਸੁਧਾਰ, ਮਜ਼ਬੂਤ ਨਿਵੇਸ਼ ਅਤੇ ਮਜ਼ਬੂਤ ਨਿਰਮਾਣ ਗਤੀਵਿਧੀ ਕਾਰਨ 2024 ਦੀ ਦੂਜੀ ਤਿਮਾਹੀ (ਅਪ੍ਰੈਲ-ਜੂਨ) ’ਚ ਅਸਲੀ ਕੁਲ ਘਰੇਲੂ ਉਤਪਾਦ (ਜੀ. ਡੀ. ਪੀ.) ’ਚ ਸਾਲ-ਦਰ-ਸਾਲ 6.7 ਫੀਸਦੀ ਦਾ ਵਾਧਾ ਹੋਇਆ। ਨਿਰਮਾਣ ਅਤੇ ਸੇਵਾ ਪੀ. ਐੱਮ. ਆਈ. ਦਾ ਵਿਸਥਾਰ, ਮਜ਼ਬੂਤ ਕਰਜ਼ਾ ਵਾਧਾ ਅਤੇ ਖਪਤਕਾਰ ਆਸ਼ਾਵਾਦ ਸਮੇਤ ਉੱਚ ਬਰਾਬਰਤਾ ਸੰਕੇਤਕ-ਤੀਜੀ ਤਿਮਾਹੀ ’ਚ ਸਥਿਰ ਆਰਥਿਕ ਰਫਤਾਰ ਦਾ ਸੰਕੇਤ ਦਿੰਦੇ ਹਨ। ਅਸਲ ’ਚ ਇਕ ਵਿਆਪਕ ਆਰਥਿਕ ਦ੍ਰਿਸ਼ਟੀਕੋਣ ਨਾਲ ਭਾਰਤੀ ਅਰਥਵਿਵਸਥਾ ਠੋਸ ਵਿਕਾਸ ਅਤੇ ਮੱਧ ਮਹਿੰਗਾਈ ਦੇ ਮਿਸ਼ਰਣ ਨਾਲ ਇਕ ਚੰਗੀ ਸਥਿਤੀ ’ਚ ਹੈ।
ਪੇਂਡੂ ਮੰਗ ’ਚ ਲਗਾਤਾਰ ਵਾਧੇ ਨਾਲ ਮਿਲੇਗਾ ਬਲ
ਮੂਡੀਜ਼ ਨੇ ਕਿਹਾ ਕਿ ਭਾਰਤ ’ਚ ਘਰੇਲੂ ਖਪਤ ਵਧਣ ਦੀ ਸੰਭਾਵਨਾ ਹੈ, ਜਿਸ ਨੂੰ ਮੌਜੂਦਾ ਤਿਉਹਾਰੀ ਸੀਜ਼ਨ ਦੌਰਾਨ ਖਰਚ ’ਚ ਵਾਧੇ ਅਤੇ ਬਿਹਤਰ ਖੇਤੀਬਾੜੀ ਦ੍ਰਿਸ਼ ਕਾਰਨ ਪੇਂਡੂ ਮੰਗ ’ਚ ਲਗਾਤਾਰ ਵਾਧੇ ਨਾਲ ਬਲ ਮਿਲੇਗਾ। ਨਾਲ ਹੀ ਸਮਰੱਥਾ ਵਰਤੋਂ ’ਚ ਵਾਧਾ, ਕਾਰੋਬਾਰੀ ਭਾਵਨਾ ’ਚ ਉਤਸ਼ਾਹ ਅਤੇ ਸਰਕਾਰ ਵੱਲੋਂ ਬੁਨਿਆਦੀ ਢਾਂਚੇ ’ਤੇ ਖਰਚ ’ਤੇ ਲਗਾਤਾਰ ਜ਼ੋਰ ਦਿੱਤੇ ਜਾਣ ਨਾਲ ਨਿੱਜੀ ਨਿਵੇਸ਼ ਨੂੰ ਸਮਰਥਨ ਮਿਲਣਾ ਚਾਹੀਦਾ ਹੈ। ਇਸ ’ਚ ਕਿਹਾ ਗਿਆ ਹੈ ਕਿ ਚੰਗੀ ਆਰਥਿਕ ਬੁਨਿਆਦ, ਜਿਸ ’ਚ ਤੰਦਰੁਸਤ ਕਾਰਪੋਰੇਟ ਅਤੇ ਬੈਂਕ ਬੈਲੇਂਸ ਸ਼ੀਟ, ਮਜ਼ਬੂਤ ਬਾਹਰੀ ਸਥਿਤੀ ਅਤੇ ਸਮਰੱਥ ਵਿਦੇਸ਼ੀ ਕਰੰਸੀ ਭੰਡਾਰ ਸ਼ਾਮਲ ਹਨ, ਵੀ ਵਿਕਾਸ ਦ੍ਰਿਸ਼ ਲਈ ਸ਼ੁਭ ਸੰਕੇਤ ਹਨ।