TCS ਦਾ ਲਾਭ 1.4 ਫੀਸਦੀ ਵਧ ਕੇ 12,075 ਕਰੋੜ ਰੁਪਏ ’ਤੇ ਪੁੱਜਾ
Friday, Oct 10, 2025 - 12:49 AM (IST)

ਨਵੀਂ ਦਿੱਲੀ, (ਭਾਸ਼ਾ)- ਦੇਸ਼ ਦੀ ਸਭ ਤੋਂ ਵੱਡੀ ਆਈ. ਟੀ. ਸੇਵਾ ਕੰਪਨੀ ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀ. ਸੀ. ਐੱਸ.) ਦਾ ਚਾਲੂ ਵਿੱਤੀ ਸਾਲ ਦੀ ਜੁਲਾਈ-ਸਤੰਬਰ ਤਿਮਾਹੀ ’ਚ ਏਕੀਕ੍ਰਿਤ ਸ਼ੁੱਧ ਲਾਭ 1.39 ਫੀਸਦੀ ਵਧ ਕੇ 12,075 ਕਰੋੜ ਰੁਪਏ ਹੋ ਗਿਆ। ਕੰਪਨੀ ਨੇ ਵਿੱਤੀ ਸਾਲ 2024-25 ਦੀ ਇਸੇ ਤਿਮਾਹੀ ’ਚ 11,909 ਕਰੋੜ ਰੁਪਏ ਦਾ ਲਾਭ ਕਮਾਇਆ ਸੀ।
ਟੀ. ਸੀ. ਐੱਸ. ਨੇ ਕਿਹਾ ਕਿ ਵਿੱਤੀ ਸਾਲ 2025-26 ਦੀ ਦੂਜੀ ਤਿਮਾਹੀ ’ਚ ਉਸ ਦਾ ਸੰਚਾਲਨ ਮਾਲੀਆ 2.39 ਫੀਸਦੀ ਵਧ ਕੇ 65,799 ਕਰੋੜ ਰੁਪਏ ਹੋ ਗਿਆ, ਜਦੋਂਕਿ ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ ’ਚ ਇਹ 64,259 ਕਰੋੜ ਰੁਪਏ ਸੀ। ਅਪ੍ਰੈਲ-ਜੂਨ ਤਿਮਾਹੀ ਦੀ ਤੁਲਨਾ ’ਚ ਕੰਪਨੀ ਦੇ ਲਾਭ ’ਚ 5.3 ਫੀਸਦੀ ਦੀ ਗਿਰਾਵਟ ਆਈ ਹੈ, ਜਦੋਂਕਿ ਉਸ ਦੇ ਮਾਲੀਏ ’ਚ 3.7 ਫੀਸਦੀ ਦਾ ਵਾਧਾ ਹੋਇਆ ਹੈ। ਟੀ. ਸੀ. ਐੱਸ. ਨੇ ਕੰਪਨੀ ਦੇ 1 ਰੁਪਏ ਕੀਮਤ ਦੇ ਹਰੇਕ ਸ਼ੇਅਰ ’ਤੇ 11 ਰੁਪਏ ਦਾ ਦੂਜਾ ਅੰਤ੍ਰਿੰਮ ਲਾਭ ਅੰਸ਼ ਐਲਾਨ ਕੀਤਾ।