Airlines 'ਤੇ ਸੰਕਟ ਦੇ ਬੱਦਲ, ਪੰਜਾਬ ਤੋਂ ਹਵਾਈ ਸਫਰ ਹੋ ਸਕਦੈ ਮਹਿੰਗਾ!
Wednesday, Nov 21, 2018 - 02:13 PM (IST)

ਨਵੀਂ ਦਿੱਲੀ— ਹਵਾਈ ਸਫਰ ਜਲਦ ਮਹਿੰਗਾ ਹੋ ਸਕਦਾ ਹੈ, ਜਿਸ ਦੀ ਮਾਰ ਪੰਜਾਬ ਦੇ ਹਵਾਈ ਮੁਸਾਫਰਾਂ 'ਤੇ ਵੀ ਪੈ ਸਕਦੀ ਹੈ। ਦਰਅਸਲ, ਇਸ ਸਾਲ ਰੁਪਏ 'ਚ ਆਈ ਗਿਰਾਵਟ ਅਤੇ ਜੈੱਟ ਫਿਊਲ ਦੀਆਂ ਕੀਮਤਾਂ ਵਧਣ ਕਾਰਨ ਭਾਰਤੀ ਜਹਾਜ਼ ਕੰਪਨੀਆਂ ਦਾ ਮੁਨਾਫਾ ਸੁੰਗੜ ਕੇ ਰਹਿ ਗਿਆ ਹੈ। ਹੁਣ ਇਨ੍ਹਾਂ ਏਅਰਲਾਈਨਸ ਨੇ ਸਰਕਾਰ ਕੋਲ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਤੇਲ ਕੰਪਨੀਆਂ ਅਤੇ ਹਵਾਈ ਅੱਡਿਆਂ ਕੋਲੋਂ ਇਕ ਮਹੀਨੇ ਦੇ ਕ੍ਰੈਡਿਟ 'ਤੇ ਛੋਟ ਲੈਣ 'ਚ ਸਹਾਇਤਾ ਕੀਤੀ ਜਾਵੇ, ਤਾਂ ਜੋ ਨਕਦੀ 'ਚ ਸੁਧਾਰ ਹੋ ਸਕੇ। ਨਾਲ ਹੀ ਦੇਰੀ ਨਾਲ ਭੁਗਤਾਨ 'ਤੇ ਜੁਰਮਾਨਾ ਮਾਫ ਕਰਨ ਦੀ ਵੀ ਅਪੀਲ ਕੀਤੀ ਗਈ ਹੈ।
ਜਾਣਕਾਰੀ ਮੁਤਾਬਕ, ਭਾਰਤੀ ਹਵਾਈ ਜਹਾਜ਼ ਸੰਗਠਨ (ਐੱਫ. ਆਈ. ਏ.) ਨੇ ਸਰਕਾਰ ਨੂੰ ਇਕ ਪੱਤਰ 'ਚ ਕਿਹਾ ਹੈ ਕਿ ਮੁਕਾਬਲੇਬਾਜ਼ੀ ਕਾਰਨ ਕਿਰਾਏ ਵਧਾਉਣਾ ਮੁਸ਼ਕਿਲ ਹੋ ਰਿਹਾ ਹੈ, ਜਦੋਂ ਕਿ ਇਨਪੁਟ ਲਾਗਤ ਦਾ ਬੋਝ ਕਾਫੀ ਵਧ ਚੁੱਕਾ ਹੈ। ਇੰਡੀਗੋ, ਸਪਾਈਸ ਜੈੱਟ, ਗੋਏਅਰ ਤੇ ਜੈੱਟ ਏਅਰਵੇਜ਼ ਐੱਫ. ਆਈ. ਏ. ਦੇ ਮੈਂਬਰ ਹਨ। ਇਨ੍ਹਾਂ ਕੰਪਨੀਆਂ ਦੀ ਬਾਜ਼ਾਰ ਹਿੱਸੇਦਾਰੀ ਤਕਰੀਬਨ 80 ਫੀਸਦੀ ਹੈ।
ਐੱਫ. ਆਈ. ਏ. ਨੇ ਕਿਹਾ ਹੈ ਜੈੱਟ ਫਿਊਲ ਦੀ ਮਹਿੰਗਾਈ ਅਤੇ ਕਮਜ਼ੋਰ ਰੁਪਏ ਨੇ ਭਾਰਤੀ ਏਅਰਲਾਈਨਸ ਦੀ ਓਪਰੇਸ਼ਨ ਲਾਗਤ ਵਧਾ ਦਿੱਤੀ ਹੈ। ਸਥਿਤੀ ਇਸ ਵਜ੍ਹਾ ਨਾਲ ਵੀ ਵਿਗੜ ਗਈ ਹੈ ਕਿ ਸਖਤ ਮੁਕਾਬਲੇਬਾਜ਼ੀ ਕਾਰਨ ਕੰਪਨੀਆਂ ਟਿਕਟਾਂ ਦੀਆਂ ਕੀਮਤਾਂ ਨਹੀਂ ਵਧਾ ਪਾ ਰਹੀਆਂ ਹਨ। ਇਸ ਨਾਲ ਭਾਰਤੀ ਜਹਾਜ਼ ਕੰਪਨੀਆਂ ਨੁਕਸਾਨ 'ਚ ਹਨ ਅਤੇ ਤਿੰਨੋਂ ਸੂਚੀਬੱਧ ਕੰਪਨੀਆਂ ਨੇ ਨੁਕਸਾਨ ਦਰਜ ਕੀਤਾ ਹੈ। ਸੰਗਠਨ ਦਾ ਕਹਿਣਾ ਹੈ ਕਿ ਕਮਾਈ ਅਤੇ ਖਰਚ 'ਚ ਵੱਡਾ ਪਾੜਾ ਹੈ। ਇਕ ਰੇਟਿੰਗ ਕੰਪਨੀ ਮੁਤਾਬਕ, ਭਾਰਤੀ ਜਹਾਜ਼ ਕੰਪਨੀਆਂ ਨੂੰ ਤੇਲ ਅਤੇ ਕਰੰਸੀ ਦੇ ਝਟਕੇ ਤੋਂ ਉਭਰਨ ਲਈ ਕਿਰਾਇਆਂ 'ਚ 12 ਫੀਸਦੀ ਵਾਧਾ ਕਰਨ ਦੀ ਜ਼ਰੂਰਤ ਹੈ ਪਰ ਸੀਟਾਂ ਭਰਨ ਤੇ ਬਾਜ਼ਾਰ ਹਿੱਸੇਦਾਰੀ ਵਧਾਉਣ ਦੇ ਚੱਕਰ 'ਚ ਹਵਾਈ ਜਹਾਜ਼ ਕੰਪਨੀਆਂ ਲਈ ਅਜਿਹਾ ਕਰਨਾ ਮੁਸ਼ਕਿਲ ਹੋ ਰਿਹਾ ਹੈ। ਜ਼ਿਕਰਯੋਗ ਹੈ ਕਿ ਜੈੱਟ ਏਅਰਵੇਜ਼ ਪਹਿਲਾਂ ਹੀ ਵਿੱਤੀ ਸੰਕਟ ਨਾਲ ਜੂਝ ਰਹੀ ਹੈ। ਅਜਿਹੇ 'ਚ ਜੇਕਰ ਸਰਕਾਰ ਵੱਲੋਂ ਏਅਰਲਾਈਨਸ ਨੂੰ ਕੋਈ ਸਹਾਇਤਾ ਨਹੀਂ ਮਿਲਦੀ ਹੈ ਤਾਂ ਹਵਾਈ ਕਿਰਾਏ ਵਧ ਸਕਦੇ ਹਨ।