ਭਾਰਤ ਬਣ ਸਕਦੈ ਦੁਨੀਆ ਦਾ ਸਭ ਤੋਂ ਵੱਡਾ ਵਾਹਨ ਨਿਰਮਾਣ ਕੇਂਦਰ : ਤੋਸ਼ੀਹਿਰੋ ਸੁਜ਼ੂਕੀ
Thursday, Jan 12, 2023 - 05:02 PM (IST)
ਬਿਜ਼ਨੈੱਸ ਡੈਸਕ- ਭਾਰਤ 'ਚ ਦੁਨੀਆ ਦਾ ਸਭ ਤੋਂ ਵੱਡਾ ਵਾਹਨ ਬਾਜ਼ਾਰ ਬਣਨ ਦੀ ਸਮਰੱਥਾ ਹੈ ਅਤੇ ਇਸ 'ਚ ਛੋਟੀਆਂ ਕਾਰਾਂ ਦੀ ਅਹਿਮ ਭੂਮਿਕਾ ਹੋਵੇਗੀ। ਸੁਜ਼ੂਕੀ ਮੋਟਰ ਕਾਰਪੋਰੇਸ਼ਨ ਦੇ ਪ੍ਰਤੀਨਿਧੀ ਨਿਰਦੇਸ਼ਕ ਅਤੇ ਪ੍ਰਧਾਨ ਤੋਸ਼ੀਹਿਰੋ ਸੁਜ਼ੂਕੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਆਟੋ ਐਕਸਪੋ 2023 'ਚ ਬੋਲਦਿਆਂ, ਉਨ੍ਹਾਂ ਨੇ ਕਿਹਾ ਕਿ ਇਲੈਕਟ੍ਰਿਕ ਵਾਹਨ ਭਾਰਤ ਦੀ ਕਾਰਬਨ ਨਿਰਪੱਖਤਾ ਦੀ ਖੋਜ ਦਾ ਇੱਕੋ ਇੱਕ ਹੱਲ ਨਹੀਂ ਹਨ ਅਤੇ ਕੰਪਨੀ ਫਲੈਕਸ ਫਿਊਲ, ਹਾਈਬ੍ਰਿਡ ਅਤੇ ਸੀ.ਐੱਨ.ਜੀ ਵਰਗੀਆਂ ਤਕਨੀਕਾਂ ਦੀ ਖੋਜ ਕਰੇਗੀ।
ਸੁਜ਼ੂਕੀ ਨੇ ਕਿਹਾ ਕਿ ਜਿੱਥੇ ਵਾਹਨ ਖੇਤਰ 'ਚ ਸੁਰੱਖਿਆ ਦੇ ਮੁੱਦੇ ਮਹੱਤਵਪੂਰਨ ਬਣ ਗਏ ਹਨ, ਉੱਥੇ ਬੁਨਿਆਦੀ ਟ੍ਰੈਫਿਕ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਨ ਅਤੇ ਸੜਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਢੁਕਵਾਂ ਬੁਨਿਆਦੀ ਢਾਂਚਾ ਵਿਕਸਤ ਕਰਨ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਦੇਖ ਸਕਦਾ ਹਾਂ ਕਿ ਇੱਕ ਸਮਾਂ ਆ ਸਕਦਾ ਹੈ ਜਦੋਂ ਭਾਰਤ ਦੁਨੀਆ ਦੇ ਵਾਹਨ ਬਾਜ਼ਾਰ 'ਚ ਸਿਖਰ 'ਤੇ ਆ ਜਾਵੇਗਾ। ਮਾਰੂਤੀ ਸੁਜ਼ੂਕੀ ਅਤੇ ਸੁਜ਼ੂਕੀ ਗਰੁੱਪ ਦੇ ਤੌਰ 'ਤੇ ਅਸੀਂ ਇਸ ਮੌਕੇ ਦਾ ਫ਼ਾਇਦਾ ਉਠਾਉਣਾ ਚਾਹਾਂਗੇ।"
ਹਾਲਾਂਕਿ ਉਸ ਨੇ ਭਾਰਤ ਨੂੰ ਸਿਖਰ 'ਤੇ ਪਹੁੰਚਣ ਲਈ ਸੰਭਾਵਿਤ ਸਮਾਂ ਨਹੀਂ ਦਿੱਤਾ। ਉਨ੍ਹਾਂ ਨੇ ਕਿਹਾ ਕਿ ਜਦੋਂ ਮੈਂ ਕਹਿੰਦਾ ਹਾਂ ਕਿ ਭਾਰਤ ਸਿਖਰ 'ਤੇ ਆ ਸਕਦਾ ਹੈ ਤਾਂ ਇਹ ਇਸ ਦ੍ਰਿਸ਼ਟੀਕੋਣ ਤੋਂ ਹੈ ਕਿ ਭਾਰਤ 'ਚ ਸਿਖਰ 'ਤੇ ਆਉਣ ਦੀ ਸਮਰੱਥਾ ਹੈ ਅਤੇ ਮੈਂ ਇੱਕ ਸੰਭਾਵਨਾ ਦੇਖਦਾ ਹਾਂ ਕਿ ਭਾਰਤ ਸਿਖਰ 'ਤੇ ਪਹੁੰਚ ਸਕਦਾ ਹੈ।" ਭਾਰਤ 2022 ਤੱਕ ਜਾਪਾਨ ਨੂੰ ਪਛਾੜ ਕੇ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਵਾਹਨ ਬਾਜ਼ਾਰ ਬਣ ਜਾਵੇਗਾ। ਚੀਨ ਪਹਿਲੇ ਸਥਾਨ 'ਤੇ ਹੈ ਜਦਕਿ ਅਮਰੀਕਾ ਦੂਜੇ 'ਤੇ ਹੈ।