ਭਾਰਤ ਨੂੰ ਹੁਣ ਪ੍ਰਤੀ ਵਿਅਕਤੀ ਆਮਦਨ ਵਧਾਉਣ ’ਤੇ ਦੇਣਾ ਹੋਵੇਗਾ ਧਿਆਨ : ਰੰਗਰਾਜਨ
Saturday, Sep 16, 2023 - 06:22 PM (IST)
ਹੈਦਰਾਬਾਦ (ਭਾਸ਼ਾ)– ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਸੀ. ਰੰਗਰਾਜਨ ਨੇ ਭਾਰਤ ਦੇ ਦੁਨੀਆ ਦੀ ਪੰਜਵੀਂ ਵੱਡੀ ਅਰਥਵਿਵਸਥਾ ਬਣਨ ਨੂੰ ਇਕ ‘ਅਸਰਦਾਰ ਕਾਮਯਾਬੀ’ ਦੱਸਣ ਦੇ ਨਾਲ ਹੀ ਸ਼ਨੀਵਾਰ ਨੂੰ ਕਿਹਾ ਕਿ ਦੇਸ਼ ਦੀ ਪ੍ਰਤੀ ਵਿਅਕਤੀ ਆਮਦਨ ਨੂੰ ਵੀ ਤੇਜ਼ੀ ਨਾਲ ਵਧਾਉਣ ਦੀ ਲੋੜ ਹੈ। ਰੰਗਰਾਜਨ ਨੇ ਆਈ. ਸੀ. ਐੱਫ. ਏ. ਆਈ. ਫਾਊਂਡੇਸ਼ਨ ਫਾਰ ਹਾਇਰ ਐਜੂਕੇਸ਼ਨ ਦੀ 13ਵੀਂ ਕਾਨਵੋਕੇਸ਼ਨ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕੋਵਿਡ ਖ਼ਤਮ ਹੋਣ ਅਤੇ ਰੂਸ-ਯੂਕ੍ਰੇਨ ਜੰਗ ਦੇ ਪਿਛੋਕੜ ਵਿੱਚ ਦੇਸ਼ ਦੇ ਵਿਕਾਸ ਲਈ ਇਕ ਸਪੱਸ਼ਟ ਖਾਕਾ ਤਿਆਰ ਕਰਨ ਦੀ ਲੋੜ ਹੈ। ਇਸ ਦਿਸ਼ਾ ਵਿੱਚ ਆਰਥਿਕ ਵਿਕਾਸ ਦਰ ਨੂੰ ਵਧਾਉਣਾ ਸਭ ਤੋਂ ਪਹਿਲਾ ਅਤੇ ਅਹਿਮ ਕੰਮ ਹੋਵੇਗਾ।
ਇਹ ਵੀ ਪੜ੍ਹੋ : ਤਿਉਹਾਰੀ ਸੀਜ਼ਨ ਤੋਂ ਪਹਿਲਾਂ ਨਿਪਟਾ ਲਓ ਜ਼ਰੂਰੀ ਕੰਮ, ਸਤੰਬਰ ਮਹੀਨੇ ਇਨ੍ਹਾਂ ਤਾਰੀਖ਼ਾਂ ਨੂੰ ਬੰਦ ਰਹਿਣਗੇ ਬੈਂਕ
ਭਾਰਤ ਦਾ ਦੁਨੀਆ ਦੀ ਪੰਜਵੀਂ ਵੱਡੀ ਅਰਥਵਿਵਸਥਾ ਬਣ ਜਾਣਾ ਇਕ ਵੱਡੀ ਸਫਲਤਾ
ਉਨ੍ਹਾਂ ਨੇ ਕਿਹਾ ਕਿ ਭਾਰਤ ਦਾ ਦੁਨੀਆ ਦੀ ਪੰਜਵੀਂ ਵੱਡੀ ਅਰਥਵਿਵਸਥਾ ਬਣ ਜਾਣਾ ਇਕ ਅਸਰਦਾਰ ਕਾਮਯਾਬੀ ਹੈ ਪਰ ਪ੍ਰਤੀ ਵਿਅਕਤੀ ਆਮਦਨ ਦੇ ਨਜ਼ਰੀਏ ਨਾਲ ਦੇਖੀਏ ਤਾਂ ਦੂਜੀ ਤਸਵੀਰ ਨਜ਼ਰ ਆਉਂਦੀ ਹੈ। ਸਾਲ 2020 ਵਿੱਚ ਪ੍ਰਤੀ ਵਿਅਕਤੀ ਆਮਦਨ ਦੇ ਮਾਮਲੇ ਵਿੱਚ ਭਾਰਤ 197 ਦੇਸ਼ਾਂ ਵਿੱਚ 142ਵੇਂ ਸਥਾਨ ’ਤੇ ਸੀ। ਇਹ ਦਰਸਾਉਂਦਾ ਹੈ ਕਿ ਹਾਲੇ ਸਾਨੂੰ ਕਿੰਨਾ ਲੰਬਾ ਸਫ਼ਰ ਤੈਅ ਕਰਨਾ ਹੈ। ਰੰਗਰਾਜਨ ਨੇ ਇਸ ਸਫ਼ਰ ਵਿੱਚ ਵਾਧੇ ਨੂੰ ਅਹਿਮ ਦੱਸਦੇ ਹੋਏ ਕਿਹਾ ਕਿ ਸਾਡੇ ਕੋਲ ਪ੍ਰਤੀ ਵਿਅਕੀਤ ਆਮਦਨ ਦੇ ਮੌਜੂਦਾ ਪੱਧਰ ਨੂੰ ਦੇਖਦੇ ਹੋਏ ਤੇਜ਼ੀ ਨਾਲ ਵਧਣ ਤੋਂ ਇਲਾਵਾ ਕੋਈ ਬਦਲ ਨਹੀਂ ਹੈ।
ਇਹ ਵੀ ਪੜ੍ਹੋ : ਬੈਂਕ ਦੀ ਨੌਕਰੀ 'ਚੋਂ ਕੱਢਿਆ ਬਾਹਰ, ਪਰੇਸ਼ਾਨ ਨੌਜਵਾਨ ਨੇ ਗਲ਼ ਲਾਈ ਮੌਤ, ਸੁਸਾਈਡ ਨੋਟ 'ਚ ਖੋਲ੍ਹੇ ਵੱਡੇ ਰਾਜ਼
ਅਗਲੇ 2 ਦਹਾਕਿਆਂ ਤੱਕ ਲਗਾਤਾਰ 7 ਫ਼ੀਸਦੀ ਗ੍ਰੋਥ ਰੇਟ ਦੀ ਲੋੜ
ਉਨ੍ਹਾਂ ਨੇ ਕਿਹਾ ਕਿ ਜੇ ਦੇਸ਼ ਅਗਲੇ ਦੋ ਦਹਾਕੇ ਜਾਂ ਉਸ ਤੋਂ ਵੱਧ ਸਮੇਂ ਤੱਕ ਪ੍ਰਤੀ ਸਾਲ 7 ਫ਼ੀਸਦੀ ਦੀ ਦਰ ਨਾਲ ਵਿਕਾਸ ਕਰਦਾ ਹੈ ਤਾਂ ਅਰਥਵਿਵਸਥਾ ਦੇ ਪੱਧਰ ’ਚ ਕਾਫ਼ੀ ਬਦਲਾਅ ਹੋ ਸਕੇਗਾ ਅਤੇ ਭਾਰਤ ਇਕ ਵਿਕਸਿਤ ਅਰਥਵਿਵਸਥਾ ਦਾ ਦਰਜਾ ਹਾਸਲ ਕਰ ਸਕਦਾ ਹੈ। ਉਨ੍ਹਾਂ ਨੇ ਭਾਰਤ ਲਈ ਹਾਲ ਹੀ ’ਚ ਸਾਹਮਣੇ ਆਈਆਂ ਤਕਨਾਲੋਜੀਆਂ ਨੂੰ ਅਪਣਾਉਣ ’ਚ ਤੇਜ਼ੀ ਦਿਖਾਉਣ ਅਤੇ ਇਸ ਦੇ ਮੁਤਾਬਕ ਹੁਨਰਮੰਦ ਕਾਮਿਆਂ ਦਾ ਵਿਕਾਸ ਕਰਨ ਨੂੰ ਅਹਿਮ ਦੱਸਿਆ। ਹਾਲਾਂਕਿ ਉਨ੍ਹਾਂ ਨੇ ਨਵੀਆਂ ਤਕਨਾਲੋਜੀਆਂ ਕਾਰਨ ਰੁਜ਼ਗਾਰ ਦ੍ਰਿਸ਼ ਵਿੱਚ ਬਦਲਾਅ ਦੀ ਸੰਭਾਵਨਾ ਪ੍ਰਗਟਾਈ।
ਇਹ ਵੀ ਪੜ੍ਹੋ : RBI ਨੇ ਗਾਹਕਾਂ ਨੂੰ ਦਿੱਤੀ ਵੱਡੀ ਰਾਹਤ, ਲੋਨ ਨੂੰ ਲੈ ਕੇ ਬੈਂਕਾਂ ਨੂੰ ਜਾਰੀ ਕੀਤੇ ਇਹ ਸਖ਼ਤ ਹੁਕਮ
ਰੁਜ਼ਗਾਰ ਪੈਦਾ ਹੋਣੇ ਚਾਹੀਦੇ ਹਨ
ਰੰਗਰਾਜਨ ਨੇ ਕਿਹਾ ਕਿ ਵਿਕਾਸ ਦੇ ਨਾਲ-ਨਾਲ ਰੁਜ਼ਗਾਰ ਪੈਦਾ ਹੋਣੇ ਚਾਹੀਦੇ ਹਨ। ਵਿਕਾਸ ਤੋਂ ਬਿਨਾਂ ਰੁਜ਼ਗਾਰ ਟਿਕਾਊ ਨਹੀਂ ਹੈ, ਇਸ ਲਈ ਸਾਨੂੰ ਘੱਟ ਤੋਂ ਘੱਟ 7 ਫ਼ੀਸਦੀ ਦੀ ਟਿਕਾਊ ਆਰਥਿਕ ਵਿਕਾਸ ਦਰ ਨੂੰ ਟੀਚਾ ਬਣਾਉਣਾ ਚਾਹੀਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਵਿਕਾਸ ਦੀ ਇਕਸਾਰ ਵੰਡ ’ਤੇ ਵੀ ਜ਼ੋਰ ਦਿੰਦੇ ਹੋਏ ਕਿਹਾ ਕਿ ਵਿਕਾਸ ਦੀ ਰਣਨੀਤੀ ਬਹੁਆਯਾਮੀ ਹੋਣੀ ਚਾਹੀਦੀ ਹੈ।
ਇਹ ਵੀ ਪੜ੍ਹੋ : ਕੇਂਦਰ ਸਰਕਾਰ ਨੇ ਤਿਉਹਾਰਾਂ ਤੋਂ ਪਹਿਲਾਂ ਔਰਤਾਂ ਨੂੰ ਦਿੱਤਾ ਵੱਡਾ ਤੋਹਫ਼ਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8