ਚੀਨ ਤੋਂ ਅੱਗੇ ਨਿਕਲ ਕੇ ਵਿਨਿਰਮਾਣ, ਨਿਰਯਾਤ ਅਤੇ ਰਿਸਰਚ ਦਾ ਕੌਮਾਂਤਰੀ ਕੇਂਦਰ ਬਣੇਗਾ ਭਾਰਤ
Thursday, Apr 07, 2022 - 03:49 PM (IST)
ਚੀਨ ਨੂੰ ਪਛਾੜਦੇ ਹੋਏ ਹੁਣ ਭਾਰਤ ਇਲੈਕਟ੍ਰਾਨਿਕ ਯੰਤਰਾਂ ਦੇ ਵਿਨਿਰਮਾਣ ਦਾ ਕੇਂਦਰ ਬਣਨ ਦੇ ਰਾਹ ਵੱਲ ਵਧ ਰਿਹਾ ਹੈ। ਅਮਰੀਕਾ ਨਾਲ ਵਪਾਰਕ ਸੰਘਰਸ਼ ਦੇ ਕਾਰਨ ਚੀਨ ਦੇ ਇਲੈਕਟ੍ਰਿਕ ਯੰਤਰਾਂ ਦੀ ਬਰਾਮਦ ’ਚ ਭਾਰੀ ਕਮੀ ਆਈ ਸੀ,ਇਸ ਦੇ ਬਾਅਦ ਰਹਿੰਦੀ-ਖੁੰਹਦੀ ਕਸਰ ਕੋਰੋਨਾ ਮਹਾਮਾਰੀ ਨੇ ਕੱਢ ਦਿੱਤੀ। ਮਹਾਮਾਰੀ ਦੇ ਕਾਰਨ ਚੀਨ ਦੇ ਵਿਨਿਰਮਾਣ ਖੇਤਰ ’ਚ ਇਸ ਦਾ ਬੁਰਾ ਅਸਰ ਪਿਆ ਅਤੇ ਬਾਅਦ ’ਚ ਸਪਲਾਈ ਲੜੀ ’ਤੇ ਵੀ ਇਸ ਦਾ ਨਾਂਪੱਖੀ ਅਸਰ ਦੇਖਿਆ ਗਿਆ। ਜਿਸ ਕਾਰਨ ਚੀਨ ਦੇ ਪੁਰਾਣੇ ਗਾਹਕਾਂ ਨੇ ਨਵੇਂ ਸਪਲਾਈ ਕਰਤਾਵਾਂ ਨੂੰ ਲੱਭਣਾ ਸ਼ੁਰੂ ਕਰ ਦਿੱਤਾ ਹੈ।
ਮਹਾਮਾਰੀ ਦੇ ਇਸ ਬੁਰੇ ਦੌਰ ’ਚ ਚੀਨ ’ਚੋਂ ਵਿਦੇਸੀ ਕੰਪਨੀਆਂ ਨਿਕਲ ਕੇ ਆਪਣਾ ਨਵਾਂ ਟਿਕਾਣਾ ਲੱਭਣ ਲੱਗੀਆਂ। ਇਨ੍ਹਾਂ ’ਚੋਂ ਕਈ ਉਦਯੋਗਾਂ ਨੇ ਵੀਅਤਨਾਮ ਸਮੇਤ ਦੱਖਣੀ-ਪੂਰਬੀ ਏਸ਼ੀਆਈ ਦੇਸ਼ਾਂ ਦਾ ਰੁਖ ਕੀਤਾ ਤਾਂ ਕੁਝ ਨੇ ਭਾਰਤ ਦਾ।
ਅਜਿਹੇ ਸਮੇਂ ’ਚ ਭਾਰਤ ਨੇ ਪ੍ਰੋਡਕਸ਼ਨ ਿਲੰਕਡ ਇੰਸੈਂਟਿਵ ਸਕੀਮ ਦੀ ਸ਼ੁਰੂਆਤ ਕੀਤੀ ਜਿਸ ਕਾਰਨ ਕਈ ਵਿਦੇਸ਼ੀ ਵਿਨਿਰਮਾਣ ਉਦਯੋਗਾਂ ਨੇ ਭਾਰਤ ਦਾ ਰੁਖ ਕੀਤਾ ਜਿਸ ਦਾ ਲਾਭ ਭਾਰਤ ਨੂੰ ਹੁਣ ਮਿਲਦਾ ਦਿੱਸ ਰਿਹਾ ਹੈ। ਵਿਦੇਸ਼ੀ ਕੰਪਨੀਆਂ ਭਾਰਤ ਦੇ 1 ਅਰਬ ਦੀ ਆਬਾਦੀ ਤੋਂ ਵੱਧ ਦੇ ਬਾਜ਼ਾਰ ਨੂੰ ਵੀ ਦੇਖ ਰਹੀਆਂ ਹਨ ਅਤੇ ਇਸ ਦੇ ਨਾਲ ਹੀ ਭਾਰਤੀਆਂ ਦੀ ਵਧਦੀ ਖਰਚ ਸ਼ਕਤੀ ਨੂੰ ਵੀ। ਇਸ ਦੇ ਨਾਲ ਹੀ ਭਾਰਤੀ ਕੰਪਨੀਆਂ ਚੀਨੀ ਵਿਨਿਰਮਾਣ ਅਤੇ ਬਰਾਮਦ ਨੂੰ ਸਖਤ ਟੱਕਰ ਦੇਣ ਲੱਗੀਆਂ ਹਨ।
ਘਰੇਲੂ ਵਿਨਿਰਮਾਣ ਖੇਤਰ ਨੂੰ ਉਤਸ਼ਾਹਿਤ ਕਰਨ ਲਈ ਭਾਰਤ ਸਰਕਾਰ ਦੀ ਪਹਿਲ ਦੇ ਨਤੀਜੇ ਹੁਣ ਨਜ਼ਰ ਆਉਣ ਲੱਗੇ ਹਨ। ਸਾਲ 2012-13 ’ਚ ਭਾਰਤ ਤੋਂ ਇਲੈਕਟ੍ਰਿਕ ਵਸਤੂਆਂ ਦੀ ਬਰਾਮਦ 6600 ਅਰਬ ਡਾਲਰ ਦੀ ਹੁੰਦੀ ਸੀ ਜੋ 88 ਫੀਸਦੀ ਵਾਧੇ ਦੇ ਨਾਲ ਸਾਲ 2021-22 ’ਚ 12400 ਅਰਬ ਡਾਲਰ ਦੀ ਹੋ ਗਈ। ਭਾਰਤ ਤੋਂ ਇਲੈਕਟ੍ਰਿਕ ਉਦਯੋਗ ’ਚ ਜੋ ਵਸਤੂਆਂ ਸਭ ਤੋਂ ਵੱਧ ਬਰਾਮਦ ਹੋ ਰਹੀਆਂ ਹਨ ਉਨ੍ਹਾਂ ’ਚ ਮੋਬਾਇਲ ਫੋਨ, ਆਈ. ਟੀ. ਹਾਰਵੇਅਰ ਜਿਨ੍ਹਾਂ ’ਚ ਲੈਪਟਾਪ ਟੈਬਲੇਟਸ ਦੇ ਯੰਤਰ, ਮਦਰ ਬੋਰਡ, ਟੈਲੀਵਿਜ਼ਨ ਅਤੇ ਆਡੀਓ ਯੰਤਰ, ਉਦਯੋਗਿਕ ਇਲੈਕਟ੍ਰਾਨਿਕ ਅਤੇ ਆਟੋਮੋਟਿਵ ਇਲੈਕਟ੍ਰਾਨਿਕਸ ਦੇ ਪੁਰਜ਼ੇ ਸ਼ਾਮਲ ਹਨ। ਭਾਰਤ ਦੀ ਸਥਿਤੀ ’ਚ ਕਿੰਨੀ ਤਬਦੀਲੀ ਆਈ ਹੈ ਇਸ ਦਾ ਅੰਦਾਜ਼ਾ ਸਹਿਜੇ ਹੀ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਜਿੱਥੇ ਪਹਿਲਾਂ ਇਹ ਸਾਰੇ ਯੰਤਰ ਭਾਰਤ ਚੀਨ ਤੋਂ ਬਰਾਮਦ ਕਰਦਾ ਸੀ, ਉੱਥੇ ਹੀ ਹੁਣ ਇਹ ਸਾਰੇ ਯੰਤਰ ਭਾਰਤ ਬਰਾਮਦ ਕਰਨ ਲੱਗਾ ਹੈ ਜਿਸ ਨਾਲ ਵਿਦੇਸ਼ੀ ਬਾਜ਼ਾਰਾਂ ਤੋਂ ਲੈ ਕੇ ਭਾਰਤ ਦੇ ਸਵਦੇਸ਼ੀ ਬਾਜ਼ਾਰ ਨੂੰ ਲਾਭ ਮਿਲਣ ਲੱਗਾ ਹੈ। ਭਾਰਤ ਦੇ ਸਵਦੇਸ਼ੀ ਇਲੈਟ੍ਰਾਨਿਕ ਬਾਜ਼ਾਰ ਦੇ ਸਾਲ 2025 ਤੱਕ 400 ਅਰਬ ਡਾਲਰ ਤੱਕ ਵਧਣ ਦੀ ਬੜੀ ਸੰਭਾਵਨਾ ਦਿਖਾਈ ਦੇ ਰਹੀ ਹੈ।
ਸਾਲ 2019-20 ’ਚ ਭਾਰਤ ਦੇ ਕੁਲ ਇਲੈਕਟ੍ਰਾਨਿਕ ਬਾਜ਼ਾਰ ਦੀ ਹਿੱਸੇਦਾਰੀ 118 ਅਰਬ ਅਮਰੀਕੀ ਡਾਲਰ ਸੀ ਜਿਸ ’ਚ ਵੱਖ-ਵੱਖ ਖੇਤਰ ’ਚ 24 ਫੀਸਦੀ ਹਿੱਸੇਦਾਰੀ ਮੋਬਾਇਲ ਫੋਨ ਦੀ, 22 ਫੀਸਦੀ ਖਪਤਕਾਰ ਇਲੈਟ੍ਰਾਨਿਕਸ ਦੀ, 12 ਫੀਸਦੀ ਰਣਨੀਤਕ ਖੇਤਰ ਨਾਲ ਜੁੜੇ ਇਲੈਕਟ੍ਰਾਨਿਕ ਯੰਤਰਾਂ ਦੀ, 7 ਫੀਸਦੀ ਕੰਪਿਊਟਰ ਹਾਰਡਵੇਅਰ ਦੀ, 2 ਫੀਸਦੀ ਐੱਲ. ਈ. ਡੀ. ਲਾਈਟਸ ਦੀ ਸੀ ਤੇ ਓਧਰ ਉਦਯੋਗਿਕ ਇਲੈਕਟ੍ਰਾਨਿਕਸ ’ਚ 34 ਫੀਸਦੀ ਹਿੱਸੇਦਾਰੀ ਆਟੋ, ਮੈਡੀਕਲ ਅਤੇ ਹੋਰਨਾਂ ਉਦਯੋਗਿਕ ਇਲੈਕਟ੍ਰਾਨਿਕ ਯੰਤਰਾਂ ਦੀ ਸੀ।
ਜਾਣਕਾਰਾਂ ਅਨੁਸਾਰ ਸਾਲ 2025 ਤੱਕ ਭਾਰਤੀ ਇਲੈਕਟ੍ਰਾਨਿਕ ਵਿਨਿਰਮਾਣ ਤੇ ਸੇਵਾ ਉਦਯੋਗ ਦੇ 6.5 ਗੁਣਾ ਤੇਜ਼ੀ ਨਾਲ ਵਧਣ ਦੀ ਸੰਭਾਵਨਾ ਹੈ ਅਤੇ ਇਸ ਦਾ ਬਾਜ਼ਾਰ ਮੁਲ ਕ੍ਰਮਵਾਰ 23.5 ਅਰਬ ਅਮਰੀਕੀ ਡਾਲਰ ਹੈ ਅਤੇ 152 ਅਰਬ ਡਾਲਰ ਦਾ ਹੋਵੇਗਾ।
ਇਸ ਦੇ ਨਾਲ ਹੀ 1140 ਮਲਟੀਨੈਸ਼ਨਲ ਕੰਪਨੀਆਂ ਦੇ ਰਿਸਰਚ ਐਂਡ ਡਿਵੈਲਪਮੈਂਟ ਕੇਂਦਰ ਭਾਰਤ ’ਚ ਬਣੇ ਹਨ ਜਿਨ੍ਹਾਂ ਕਾਰਨ 9 ਲੱਖ ਤੋਂ ਵੱਧ ਲੋਕਾਂ ਨੂੰ ਹੁਣ ਤੱਕ ਰੋਜ਼ਗਾਰ ਮਿਲ ਚੁੱਕਾ ਹੈ। ਆਉਣ ਵਾਲੇ ਸਮੇਂ ’ਚ ਭਾਰਤ ਰਿਸਰਚ ਐਂਡ ਡਿਵੈਲਪਮੈਂਟ ਕੇਂਦਰ ਦਾ ਖੇਤਰ ਬਣੇਗਾ ਅਤੇ ਚੀਨ ਇਨ੍ਹਾਂ ਸਾਰੇ ਲਾਭਾਂ ਤੋਂ ਵਾਂਝਾ ਰਹੇਗਾ ਜਿਸ ਦਾ ਵੱਡਾ ਆਰਥਿਕ ਨੁਕਸਾਨ ਉਸ ਨੂੰ ਝੱਲਣਾ ਪਵੇਗਾ।
ਭਾਰਤ ਦਾ ਇਲੈਕਟ੍ਰਾਨਿਕਸ ਬਾਜ਼ਾਰ ਦੁਨੀਆ ਦੇ ਸਭ ਤੋਂ ਵੱਡੇ ਬਾਜ਼ਾਰਾਂ ’ਚੋਂ ਇਕ ਹੈ ਜਿਸ ’ਚ ਸਭ ਤੋਂ ਵੱਧ ਤੇਜ਼ੀ ਨਾਲ ਵਾਧਾ ਸਮਾਰਟਫੋਨ ਦੇ ਬਾਜ਼ਾਰ ’ਚ ਦੇਖਿਆ ਗਿਆ ਜੋ ਚੀਨ ਅਤੇ ਅਮਰੀਕਾ ਦੇ ਬਾਅਦ ਸਭ ਤੋਂ ਵੱਧ ਹੈ। ਸਾਲ 2018 ’ਚ ਇਹ 10 ਫੀਸਦੀ ਦੀ ਰਫਤਾਰ ਨਾਲ ਵਧ ਰਿਹਾ ਹੈ। ਹਾਲ ਦੇ ਸਾਲਾਂ ’ਚ ਵਿਦੇਸ਼ੀ ਨਿਵੇਸ਼ਕਾਂ ਦਾ ਭਰੋਸਾ ਭਾਰਤੀ ਬਾਜ਼ਾਰ ’ਚ ਵਧਿਆ ਹੈ ਅਤੇ ਸਾਲ 2018-19 ’ਚ 451.9 ਅਰਬ ਡਾਲਰ ਦਾ ਸੀ ਜੋ ਉਸ ਤੋਂ ਪਿਛਲੇ ਸਾਲ ਭਾਵ 2017-18 ’ਚ 196.9 ਅਰਬ ਡਾਲਰ ਸੀ। ਜਾਣਕਾਰਾਂ ਦੀ ਰਾਏ ’ਚ ਇਹ ਵਾਧਾ ਤਸੱਲੀਬਖਸ਼ ਹੈ ਅਤੇ ਇਸ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਦੁਨੀਆ ਭਰ ’ਚ ਚੀਨ ਦੀ ਤੁਲਨਾ ’ਚ ਭਾਰਤ ਦਾ ਅਕਸ ਹੋਰ ਮਜ਼ਬੂਤ ਹੋਇਆ ਹੈ।
ਵਿਸ਼ਵ ਪੱਧਰ ’ਤੇ ਭਾਰਤ ਦੇ ਉਤਪਾਦਾਂ ਨੂੰ ਲੈ ਕੇ ਗਾਹਕਾਂ ’ਚ ਹਾਂ-ਪੱਖ ਦਿੱਸ ਰਿਹਾ ਹੈ ਜਿੱਥੇ ਇਕ ਪਾਸੇ ਇਹ ਟ੍ਰੈਂਡ ਭਾਰਤ ਲਈ ਚੰਗਾ ਹੈ ਤਾਂ ਦੂਸਰੇ ਪਾਸੇ ਚੀਨ ਲਈ ਖਤਰੇ ਦੀ ਘੰਟੀ ਕਿਉਂਕਿ ਹੁਣ ਚੀਨ ਤੋਂ ਵਿਦੇਸ਼ੀ ਗਾਹਕਾਂ ਦਾ ਯਕੀਨ ਘੱਟ ਹੋ ਰਿਹਾ ਹੈ। ਇਹ ਵਿਦੇਸ਼ੀ ਕੰਪਨੀਆਂ ਵੀ ਚੀਨ ਤੋਂ ਬਾਹਰ ਦੂਸਰੇ ਦੇਸ਼ਾਂ ਦਾ ਰੁਖ ਕਰ ਰਹੀਆਂ ਹਨ ਜਿਸ ਨਾਲ ਭਵਿੱਖ ’ਚ ਅਜਿਹੀ ਕਿਸੇ ਮਹਾਮਾਰੀ ਦੇ ਆਉਣ ਦੀ ਹਾਲਤ ’ਚ ਉਨ੍ਹਾਂ ਦਾ ਵਿਨਿਰਮਾਣ ਅਤੇ ਸਪਲਾਈ ਇਕ ਹੀ ਦੇਸ਼ ’ਚ ਨਾ ਸੁੰਗੜੀ ਰਹੇ ਜਿਸ ਨਾਲ ਦੋਵਾਂ ਹੀ ਖੇਤਰਾਂ ’ਚ ਅੜਿੱਕਾ ਆਵੇ।
ਵਿਦੇਸ਼ੀ ਕੰਪਨੀਆਂ ਅਤੇ ਉਦਯੋਗ ਵੱਡੀ ਗਿਣਤੀ ’ਚ ਭਾਰਤ ਨੂੰ ਆਪਣਾ ਵਿਨਿਰਮਾਣ ਅਤੇ ਬਰਾਮਦ ਦਾ ਕੇਂਦਰ ਬਣਾ ਰਹੇ ਹਨ ਕਿਉਂਕਿ ਭਾਰਤ ਦਾ ਘਰੇਲੂ ਬਾਜ਼ਾਰ ਹੀ ਬਹੁਤ ਵਿਸ਼ਾਲ ਹੈ ਅਤੇ ਇੱਥੇ ਸਭ ਤੋਂ ਉੱਚੀ ਸ਼੍ਰੇਣੀ ਦੀ ਤਕਨੀਕੀ ਅਤੇ ਗੈਰ-ਤਕਨੀਕੀ ਕਿਰਤ ਘੱਟ ਮਿਹਨਤਾਨਾ ’ਤੇ ਮੁਹੱਈਆ ਹੈ। ਇਹ ਦੋਵੇਂ ਹੀ ਗੱਲਾਂ ਭਾਰਤ ਨੂੰ ਇਕ ਬਿਹਤਰ ਨਿਰਮਾਣ ਕੇਂਦਰ ਬਣਾਉਣ ’ਚ ਸਾਰਥਕ ਸਾਬਤ ਹੋ ਰਹੀਆਂ ਹਨ।