ਭਾਰਤ ਨੇ 2015-20 ਦੌਰਾਨ ਵਪਾਰ ਨੂੰ ਆਸਾਨ ਬਣਾਉਣ ਲਈ ਕਈ ਕਦਮ ਚੁੱਕੇ : WTO
Friday, Jan 08, 2021 - 10:01 AM (IST)
ਨਵੀਂ ਦਿੱਲੀ (ਭਾਸ਼ਾ) - ਵਿਸ਼ਵ ਵਪਾਰ ਸੰਗਠਨ ਨੇ ਕਿਹਾ ਹੈ ਕਿ ਭਾਰਤ ਨੇ ਵਪਾਰ ਨੂੰ ਸੁਵਿਧਾਜਨਕ ਬਣਾਉਣ ਲਈ 2015 ਤੋਂ 2020 ਦੌਰਾਨ ਕਈ ਉਪਰਾਲਿਆਂ ਨੂੰ ਲਾਗੂ ਕੀਤਾ ਹੈ, ਜਿਨ੍ਹਾਂ ’ਚ ਦਰਾਮਦ ਅਤੇ ਬਰਾਮਦ ਲਈ ਪ੍ਰਕਿਰਿਆਵਾਂ ਅਤੇ ਕਸਟਮ ਡਿਊਟੀ ਨਿਕਾਸੀ ਨੂੰ ਸਰਲ ਬਣਾਉਣਾ ਸ਼ਾਮਲ ਹੈ। ਜਿਨੇਵਾ ਸਥਿਤ ਡਬਲਯੂ. ਟੀ. ਓ. ਨੇ ਕਿਹਾ ਕਿ ਭਾਰਤ ਵੱਲੋਂ 2015 ਤੋਂ ਸ਼ੁਰੂ ਕੀਤੀ ਗਈ ਵਪਾਰ ਸਹੂਲਤ ਪਹਿਲਾਂ ’ਚ ਭਾਰਤੀ ਕਸਟਮ ਡਿਊਟੀ ਇਲੈਕਟ੍ਰਾਨਿਕ ਗੇਟਵੇ (ਆਈਸਗੇਟ), ਵਪਾਰ ਨੂੰ ਬੜ੍ਹਾਵਾ ਦੇਣ ਲਈ ਸਿੰਗਲ ਵਿੰਡੋ ਇੰਟਰਫੇਸ (ਸਵਿਫਟ), ਬੰਦਰਗਾਹ ’ਤੇ ਸਿੱਧੇ ਡਲਿਵਰੀ ਅਤੇ ਸਿੱਧੇ ਐਂਟਰੀ ਦੀਆਂ ਸੁਵਿਧਾਵਾਂ ਅਤੇ ਜੋਖਮ ਪ੍ਰਬੰਧਨ ਪ੍ਰਣਾਲੀ (ਆਰ. ਐੱਮ. ਐੱਸ.) ਦਾ ਜ਼ਿਆਦਾ ਇਸਤੇਮਾਲ ਸ਼ਾਮਲ ਹੈ।
ਵਿਸ਼ਵ ਵਪਾਰ ਸੰਗਠਨ ’ਚ 6 ਜਨਵਰੀ ਤੋਂ ਸ਼ੁਰੂ ਹੋਈ ਭਾਰਤ ਦੀ 7ਵੀਂ ਵਪਾਰ ਨੀਤੀ ਸਮੀਖਿਆ (ਟੀ. ਪੀ. ਆਰ.) ਦੀ ਰਿਪੋਰਟ ’ਚ ਉਕਤ ਬਿੰਦੁੂਆਂ ਦਾ ਜ਼ਿਕਰ ਕੀਤਾ ਗਿਆ ਹੈ । ਟੀ. ਪੀ. ਆਰ. ਤਹਿਤ ਮੈਂਬਰ ਦੇਸ਼ ਦੀ ਰਾਸ਼ਟਰੀ ਵਪਾਰ ਨੀਤੀਆਂ ਦੀ ਵਿਆਪਕ ਸਮੀਖਿਆ ਕੀਤੀ ਜਾਂਦੀ ਹੈ। ਭਾਰਤ ਦੀ ਆਖਰੀ ਟੀ. ਪੀ. ਆਰ. 2015 ’ਚ ਹੋਈ ਸੀ।