ਭਾਰਤ ਸਿਰਫ 5 ਸਾਲ ’ਚ 2,000 ਤੋਂ 3,000 ਅਰਬ ਡਾਲਰ ਦੀ ਅਰਥਵਿਵਸਥਾ ਵਾਲਾ ਦੇਸ਼ ਬਣਿਆ : ਸ਼੍ਰਿੰਗਲਾ

Tuesday, Dec 10, 2019 - 01:12 AM (IST)

ਭਾਰਤ ਸਿਰਫ 5 ਸਾਲ ’ਚ 2,000 ਤੋਂ 3,000 ਅਰਬ ਡਾਲਰ ਦੀ ਅਰਥਵਿਵਸਥਾ ਵਾਲਾ ਦੇਸ਼ ਬਣਿਆ : ਸ਼੍ਰਿੰਗਲਾ

ਵਾਸ਼ਿੰਗਟਨ (ਭਾਸ਼ਾ)-ਅਮਰੀਕਾ ’ਚ ਭਾਰਤ ਦੇ ਰਾਜਦੂਤ ਹਰਸ਼ਵਰਧਨ ਸ਼੍ਰਿੰਗਲਾ ਨੇ ਕਿਹਾ ਕਿ ਭਾਰਤ ਨੂੰ 2,000 ਅਰਬ ਡਾਲਰ ਦੀ ਅਰਥਵਿਵਸਥਾ ਤੋਂ 3,000 ਅਰਬ ਡਾਲਰ ਦੀ ਅਰਥਵਿਵਸਥਾ ਬਣਨ ’ਚ ਸਿਰਫ 5 ਸਾਲ ਲੱਗੇ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਦੇਸ਼ ਆਉਣ ਵਾਲੇ ਸਾਲਾਂ ’ਚ 5,000 ਅਰਬ ਡਾਲਰ ਦੀ ਅਰਥਵਿਵਸਥਾ ਬਣੇਗਾ।

ਉਨ੍ਹਾਂ ਕਿਹਾ ਕਿ ਸਾਲ 2014 ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਰਜਭਾਰ ਸੰਭਾਲਿਆ, ਉਸ ਸਮੇਂ ਭਾਰਤੀ ਅਰਥਵਿਵਸਥਾ ਦੁਨੀਆ ’ਚ 11ਵੀਂ ਵੱਡੀ ਅਰਥਵਿਵਸਥਾ ਸੀ। 5 ਸਾਲ ’ਚ ਭਾਰਤ 5ਵੀਂ ਜਾਂ 6ਵੀਂ ਸਭ ਤੋਂ ਵੱਡੀ ਅਰਥਵਿਵਸਥਾ ਵਾਲਾ ਦੇਸ਼ ਬਣ ਗਿਆ। ਸ਼੍ਰਿੰਗਲਾ ਨੇ ਸੈਂਟਰਲ ਪੇਂਸਿਲਵੇਨੀਆ ਦੇ ਏਸ਼ੀਆਈ-ਭਾਰਤੀ ਅਮਰੀਕੀਆਂ ਦੇ ਸਾਲਾਨਾ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਇਹ ਪ੍ਰਧਾਨ ਮੰਤਰੀ ਦੀ ਅਗਵਾਈ ਅਤੇ ਰਾਜਨੀਤਕ ਸਥਿਰਤਾ ਦਾ ਨਤੀਜਾ ਹੈ।’’

ਉਨ੍ਹਾਂ ਕਿਹਾ, ‘‘ਆਜ਼ਾਦੀ ਦੇ ਲਗਭਗ 60 ਸਾਲ ਬਾਅਦ ਦੇਸ਼ 1,000 ਅਰਬ ਡਾਲਰ ਦੀ ਅਰਥਵਿਵਸਥਾ ਬਣ ਸਕਿਆ। ਉਸ ਤੋਂ ਬਾਅਦ 2,000 ਅਰਬ ਡਾਲਰ ਦੀ ਅਰਥਵਿਵਸਥਾ ਬਣਨ ’ਚ 12 ਸਾਲ ਲੱਗੇ। ਉਥੇ ਹੀ 3,000 ਅਰਬ ਡਾਲਰ ਦੀ ਅਰਥਵਿਵਸਥਾ ਬਣਨ ’ਚ ਸਿਰਫ 5 ਸਾਲ (2014-19) ਲੱਗੇ।’’ ਰਾਜਦੂਤ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ 2024 ਤੱਕ ਭਾਰਤ ਨੂੰ 5,000 ਅਰਬ ਡਾਲਰ ਦੀ ਅਰਥਵਿਵਸਥਾ ਬਣਾਉਣ ਦਾ ਟੀਚਾ ਰੱਖਿਆ ਹੈ। ਇਸ ਦਾ ਮਤਲਬ ਹੈ ਕਿ ਅਗਲੇ 5 ਸਾਲਾਂ ’ਚ ਅਰਥਵਿਵਸਥਾ ਦੇ ਆਕਾਰ ’ਚ 2,000 ਅਰਬ ਡਾਲਰ ਦਾ ਵਾਧਾ।

ਸ਼੍ਰਿੰਗਲਾ ਨੇ ਕਿਹਾ ਕਿ ਭਾਰਤ ਸਿਰਫ ਤੀਜਾ ਦੇਸ਼ ਹੈ ਜਿਸ ਨੇ ਮੰਗਲ ’ਤੇ ਉਪਗ੍ਰਹਿ ਭੇਜਿਆ ਅਤੇ ਮਿਸ਼ਨ ’ਤੇ ਕੰਮ ਕਰਨ ਵਾਲੇ ਵਿਗਿਆਨੀਆਂ ਦੀ ਔਸਤ ਉਮਰ 29 ਸਾਲ ਸੀ। ਉਨ੍ਹਾਂ ਕਿਹਾ ਕਿ ਭਾਰਤ ਨੇ ਦੁਨੀਆ ਦੇ ਦੇਸ਼ਾਂ ਦੇ ਨਾਲ ਮਜ਼ਬੂਤ ਸਬੰਧ ਵਿਕਸਿਤ ਕੀਤਾ ਹੈ। ਭਾਰਤ ਨੇ ਆਪਣੇ ਗੁਆਂਢੀ ਦੇਸ਼ਾਂ ਦੇ ਨਾਲ ਰਿਸ਼ਤਿਆਂ ਨੂੰ ਮਜ਼ਬੂਤ ਬਣਾਉਣ ਲਈ ਹੱਥ ਵਧਾਇਆ ਹੈ। ਰਾਜਦੂਤ ਨੇ ਕਿਹਾ ਕਿ ਭਾਰਤ-ਅਮਰੀਕਾ ਵਿਚਾਲੇ ਮਜ਼ਬੂਤ ਸਬੰਧ ਇਸ ਦੀ ਉਦਾਹਰਣ ਹੈ। ਉਨ੍ਹਾਂ ਕਿਹਾ ਕਿ ਪਿਛਲੇ 10-15 ਸਾਲ ’ਚ ਸਬੰਧ ਬਹੁ-ਆਯਾਮੀ ਅਤੇ ਵਿਆਪਕ ਹੋਏ ਹਨ। ਅਮਰੀਕਾ ਅੱਜ ਭਾਰਤ ਦਾ ਨਾ ਸਿਰਫ ਸਭ ਤੋਂ ਵੱਡਾ ਵਪਾਰਕ ਹਿੱਸੇਦਾਰ ਹੈ ਸਗੋਂ ਦੋਵਾਂ ਦੇਸ਼ਾਂ ਦੇ ਲੋਕਾਂ ਵਿਚਾਲੇ ਬਿਹਤਰ ਰਿਸ਼ਤੇ ਹਨ। ਸ਼੍ਰਿੰਗਲਾ ਨੇ ਕਿਹਾ ਕਿ ਇਸ ਸਬੰਧ ਨੂੰ ਮਜ਼ਬੂਤ ਬਣਾਉਣ ’ਚ ਭਾਰਤੀ-ਅਮਰੀਕੀਆਂ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਹੈ।


author

Karan Kumar

Content Editor

Related News