ਕਸਟਮ ਡਿਊਟੀ ਕਾਰਨ ਬੰਦਰਗਾਹਾਂ 'ਤੇ ਅਟਕੀ ਕਣਕ ਦੇ ਨਿਰਯਾਤ ਲਈ ਭਾਰਤ ਸਰਕਾਰ ਨੇ ਦਿੱਤੀ ਮਨਜ਼ੂਰੀ

Wednesday, May 18, 2022 - 03:39 PM (IST)

ਨਵੀਂ ਦਿੱਲੀ- ਭਾਰਤ ਨੇ ਕਣਕ ਦੇ ਨਿਰਯਾਤ ਨੂੰ ਲੈ ਕੇ ਸ਼ਰਤੀਆ ਢਿੱਲ ਦੇ ਦਿੱਤੀ ਹੈ। ਸਰਕਾਰ ਨੇ ਕਿਹਾ ਕਿ ਜੋ ਵੀ ਕਣਕ ਦੀ ਖੇਪ ਨਿਰਯਾਤ ਲਈ ਆਖਿਰੀ ਦਹਿਲੀਜ਼ 'ਤੇ ਹੈ ਅਤੇ ਸਿਰਫ ਕਸਟਮ ਭਾਵ ਕਸਟਮ ਡਿਊਟੀ ਦੀ ਮਨਜ਼ੂਰੀ ਦੀ ਉਡੀਕ ਦੇ ਕਾਰਨ ਅਟਕੀ ਹੈ, ਉਸ ਨੂੰ ਨਹੀਂ ਰੋਕਿਆ ਜਾਵੇਗਾ। ਸਰਕਾਰ ਨੇ ਇਸ ਤੋਂ ਪਹਿਲੇ 13 ਮਈ ਨੂੰ ਕਣਕ ਦੇ ਨਿਰਯਾਤ 'ਤੇ ਤੁਰੰਤ ਪ੍ਰਭਾਵ ਤੋਂ ਰੋਕ ਲਗਾ ਦਿੱਤੀ ਸੀ। ਹੁਣ ਸਰਕਾਰ ਨੇ ਨਿਯਮਾਂ 'ਚ ਕੁਝ ਢਿੱਲ ਦਿੰਦੇ ਹੋਏ ਕਸਟਮ ਡਿਊਟੀ ਦੇ ਕੋਲ ਨਿਰਯਾਤ ਪਾਬੰਦੀ ਤੋਂ ਪਹਿਲੇ ਪੰਜੀਕ੍ਰਿਤ ਹੋ ਚੁੱਕੇ ਮਾਮਲਿਆਂ 'ਚ ਕਣਕ ਦੇ ਨਿਰਯਾਤ ਦੀ ਆਗਿਆ ਦੇ ਦਿੱਤੀ ਹੈ। ਸਰਕਾਰ ਨੇ ਕਣਕ ਨਿਰਯਾਤ 'ਤੇ 13 ਮਈ ਨੂੰ ਪਾਬੰਦੀ ਲਗਾਈ ਸੀ। ਵਿਦੇਸ਼ ਵਪਾਰ ਡਾਇਰੈਕਟੋਰੇਟ ਜਨਰਲ (ਡੀ.ਜੀ.ਐੱਫ.ਟੀ) ਨੇ 13 ਮਈ ਨੂੰ ਸੂਚਨਾ ਜਾਰੀ ਕਰਕੇ ਕਣਕ ਦੇ ਨਿਰਯਾਤ 'ਤੇ ਪਾਬੰਦੀ ਲਗਾਉਣ ਦੀ ਘੋਸ਼ਣਾ ਕੀਤੀ ਸੀ। ਕਣਕ ਅਤੇ ਆਟੇ ਦੀਆਂ ਕੀਮਤਾਂ ਨੂੰ ਕੰਟਰੋਲ ਕਰਨ ਲਈ ਸਰਕਾਰ ਨੇ ਇਹ ਕਦਮ ਚੁੱਕਿਆ ਹੈ। ਕਣਕ ਅਤੇ ਆਟੇ ਦੀਆਂ ਖੁਦਰਾ ਕੀਮਤਾਂ ਨੂੰ ਕੰਟਰੋਲ ਕਰਨ 'ਚ ਮਦਦ ਮਿਲੇਗੀ ਜੋ ਪਿਛਲੇ ਇਕ ਸਾਲ 'ਚ ਔਸਤਨ 14 ਤੋਂ 20 ਫੀਸਦੀ ਤੱਕ ਵਧ ਗਈ ਹੈ। 
ਸਰਕਾਰ ਨੇ 13 ਮਈ ਕਣਕ ਦੇ ਨਿਰਯਾਤ 'ਤੇ ਤੁਰੰਤ ਪ੍ਰਭਾਵ ਤੋਂ ਰੋਕ ਲਗਾ ਦਿੱਤੀ ਸੀ। ਦੇਸ਼ 'ਚ ਕਣਕ ਅਤੇ ਆਟੇ ਦੀਆਂ ਵਧਦੀਆਂ ਕੀਮਤਾਂ ਅਤੇ ਖਾਧ ਸੁਰੱਖਿਆ ਦੇ ਤਹਿਤ ਗਰੀਬਾਂ ਨੂੰ ਕਾਫੀ ਮਾਤਰਾ 'ਚ ਭੋਜਨ ਉਪਲੱਬਧ ਕਰਵਾਉਣ ਲਈ ਇਹ ਕਦਮ ਚੁੱਕਿਆ ਸੀ। ਹਾਲਾਂਕਿ ਕੀ ਕਿਸਾਨ ਸੰਗਠਨਾਂ ਨੇ ਇਸ ਕਦਮ ਦਾ ਵਿਰੋਧ ਕੀਤਾ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਇਕ ਪਾਸੇ ਸਰਕਾਰੀ ਖਰੀਦ 'ਤੇ ਉਨ੍ਹਾਂ ਨੂੰ ਕੋਈ ਬੋਨਸ ਨਹੀਂ ਦਿੱਤਾ ਜਾ ਰਿਹਾ ਹੈ। ਉਧਰ ਦੂਜੇ ਪਾਸੇ ਨਿਰਯਾਤ 'ਤੇ ਰੋਕ ਲਗਾ ਕੇ ਕਿਸਾਨਾਂ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ।
ਅਮਰੀਕਾ ਸਮੇਤ ਕਈ ਦੇਸ਼ਾਂ ਨੇ ਭਾਰਤ ਦੇ ਫ਼ੈਸਲੇ ਦੀ ਆਲੋਚਨਾ ਵੀ ਕੀਤੀ ਸੀ। ਦਰਅਸਲ ਯੂਕ੍ਰੇਨ ਅਤੇ ਰੂਸ ਦੇ ਯੁੱਧ ਦੇ ਮੱਦੇਨਜ਼ਰ ਦੁਨੀਆ ਭਰ 'ਚ ਕਣਕ ਦੀ ਕਮੀ ਪੈਦਾ ਹੋਣ ਲੱਗੀ ਹੈ। ਦੁਨੀਆ ਦਾ ਦੂਜਾ ਸਭ ਤੋਂ ਵੱਡਾ ਉਤਪਾਦਨ ਭਾਰਤ 'ਚ ਵੀ ਸਮੇਂ ਤੋਂ ਪਹਿਲੇ ਗਰਮੀ ਪੈਣ ਦੇ ਕਾਰਨ ਕਣਕ ਦਾ ਉਤਪਾਦਨ ਘੱਟ ਰਹਿਣ ਦਾ ਅਨੁਮਾਨ ਹੈ।
ਇਕ ਦਿਨ ਪਹਿਲੇ ਮੱਧ ਪ੍ਰਦੇਸ਼ ਦੇ ਇਕ ਕਾਰੋਬਾਰੀ ਸੰਗਠਨ ਨੇ ਕਣਕ ਦੇ ਨਿਰਯਾਤ 'ਤੇ ਪਾਬੰਦੀ ਲਗਾਉਣ ਦੇ ਕੇਂਦਰ ਸਰਕਾਰ ਦੇ ਫ਼ੈਸਲੇ ਦੀ ਆਲੋਚਨਾ ਕੀਤੀ ਸੀ। ਸੰਗਠਨ ਨੇ ਕਿਹਾ ਸੀ ਕਿ ਕਾਰੋਬਾਰੀਆਂ ਦੇ ਕਰੀਬ 5,000 ਟਰੱਕ ਦੇਸ਼ ਦੇ ਦੋ ਵੱਡੇ ਬੰਦਰਗਾਹਾਂ 'ਤੇ ਅਟਕ ਗਏ ਹਨ। ਇਨ੍ਹਾਂ ਟਰੱਕਾਂ ਦੇ ਰਾਹੀਂ ਕਣਕ ਦੀ ਵੱਡੀ ਖੇਪ ਨਿਰਯਾਤ ਲਈ ਬੰਦਰਗਾਹਾਂ ਤੱਕ ਪਹੁੰਚਾਈ ਗਈ ਸੀ। ਸੰਗਠਨ ਨੇ ਘੋਸ਼ਣਾ ਕੀਤੀ ਸੀ ਕਿ ਕਣਕ ਨਿਰਯਾਤ 'ਤੇ ਪਾਬੰਦੀ ਦੇ ਖ਼ਿਲਾਫ਼ ਸੂਬੇ ਦੀਆਂ ਸਭ 270 ਖੇਤੀ ਉਪਜ ਮੰਡੀਆਂ 'ਚ ਮੰਗਲਵਾਰ ਅਤੇ ਬੁੱਧਵਾਰ ਨੂੰ ਕਾਰੋਬਾਰ ਨਹੀਂ ਹੋਵੇਗਾ।
ਵਣਜ ਮੰਤਰਾਲੇ ਨੇ ਮੰਗਲਵਾਰ ਨੂੰ ਇਕ ਬਿਆਨ 'ਚ ਕਿਹਾ ਕਿ ਕਣਕ ਦੀ ਜੋ ਵੀ ਖੇਪ ਕਸਟਮ ਡਿਊਟੀ ਨੂੰ ਜਾਂਚ ਲਈ ਸੌਂਪੀ ਗਈ ਹੈ ਅਤੇ ਉਸ ਦੀ ਪ੍ਰਣਾਲੀ 'ਤੇ 13 ਮਈ ਤੋਂ ਪਹਿਲੇ ਪੰਜੀਕ੍ਰਿਤ ਹੈ, ਉਸ ਦੇ ਨਿਰਯਾਤ ਦੀ ਆਗਿਆ ਦੇਣ ਦੇ ਫ਼ੈਸਲਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸਰਕਾਰ ਨੇ ਮਿਸਰ ਲਈ ਕਣਕ ਦੀ ਖੇਪ ਦੇ ਨਿਰਯਾਤ ਦੀ ਆਗਿਆ ਦਿੱਤੀ ਹੈ। ਇਹ ਕਣਕ ਪਹਿਲੇ ਕਾਂਡਲਾ ਬੰਦਰਗਾਹ 'ਤੇ ਸ਼ਿਪਮੈਂਟ ਦੀ ਪ੍ਰਕਿਰਿਆ 'ਚ ਹੈ। ਮਿਸਰ ਸਰਕਾਰ ਨੇ ਬੇਨਤੀ ਕੀਤੀ ਸੀ ਕਿ ਕਾਂਡਲਾ ਬੰਦਰਗਾਹ 'ਤੇ ਜਿਸ ਕਣਕ ਦਾ ਸ਼ਿਪਮੈਂਟ ਕੀਤਾ ਜਾ ਰਿਹਾ ਹੈ, ਉਸ ਦੇ ਨਿਰਯਾਤ ਦੀ ਆਗਿਆ ਦਿੱਤੀ ਜਾਵੇ। 
ਮਿਸਰ ਨੂੰ ਕਣਕ ਦਾ ਨਿਰਯਾਤ ਕਰਨ ਵਾਲੀ ਕੰਪਨੀ ਮੀਰਾ ਇੰਟਰਨੈੱਲ ਇੰਡੀਆ ਪ੍ਰਾਈਵੇਟ ਲਿਮਟਿਡ ਨੇ ਕਿਹਾ ਕਿ 61,500 ਟਨ 'ਚੋਂ 44,340 ਟਨ ਕਣਕ ਦਾ ਸ਼ਿਪਮੈਂਟ ਪੂਰਾ ਹੋ ਚੁੱਕਾ ਹੈ ਅਤੇ 17,160 ਟਨ ਦਾ ਸ਼ਿਪਮੈਂਟ ਵੀ ਪੂਰਾ ਹੋਣ ਦੀ ਪ੍ਰਕਿਰਿਆ 'ਚ ਹੈ। ਮੰਤਰਾਲੇ ਨੇ 61,500 ਟਨ ਦੀ ਪੂਰੀ ਖੇਪ ਦੇ ਨਿਰਯਾਤ ਦੀ ਆਗਿਆ ਦੇਣ ਦਾ ਫ਼ੈਸਲਾ ਕੀਤਾ ਹੈ। ਸਰਕਾਰ ਨੇ ਇਹ ਕਦਮ ਅਜਿਹੇ ਸਮੇਂ ਚੁੱਕਿਆ ਹੈ ਜਦੋਂ ਅਜਿਹੀਆਂ ਖ਼ਬਰਾਂ ਆ ਰਹੀਆਂ ਹਨ ਕਿ ਕਣਕ ਨਿਰਯਾਤ 'ਤੇ ਅਚਾਨਕ ਪਾਬੰਦੀ ਦੀ ਘੋਸ਼ਣਾ ਨਾਲ ਕੁਝ ਬੰਦਰਗਾਹਾਂ 'ਤੇ ਕਣਕ ਨਾਲ ਲੱਦੇ ਟਰੱਕਾਂ ਦੀ ਲਾਈਨ ਲੱਗ ਗਈ ਹੈ। 


Aarti dhillon

Content Editor

Related News