ਭਾਰਤ ਦਾ ਆਰਥਿਕ ਵਿਕਾਸ ‘ਅਤਿਅੰਤ ਨਾਜ਼ੁਕ’, ਉਮੀਦਾਂ ਮੁਤਾਬਕ ਨਹੀਂ ਵਧੇਗੀ ਅਰਥਵਿਵਸਥਾ

Saturday, Dec 24, 2022 - 11:07 AM (IST)

ਭਾਰਤ ਦਾ ਆਰਥਿਕ ਵਿਕਾਸ ‘ਅਤਿਅੰਤ ਨਾਜ਼ੁਕ’, ਉਮੀਦਾਂ ਮੁਤਾਬਕ ਨਹੀਂ ਵਧੇਗੀ ਅਰਥਵਿਵਸਥਾ

ਨਵੀਂ ਦਿੱਲੀ–ਭਾਰਤੀ ਰਿਜ਼ਰਵ ਬੈਂਕ ਦੀ ਮੁਦਰਾ ਨੀਤੀ ਕਮੇਟੀ (ਐੱਮ. ਪੀ. ਸੀ.) ਦੇ ਮੈਂਬਰ ਜਯੰਤ ਆਰ. ਵਰਮਾ ਦਾ ਮੰਨਣਾ ਹੈ ਕਿ ਭਾਰਤ ਦਾ ਆਰਥਿਕ ਵਿਕਾਸ ‘ਅਤਿਅੰਤ ਨਾਜ਼ੁਕ’ ਸਥਿਤੀ ’ਚ ਹੈ ਅਤੇ ਇਸ ਨੂੰ ਹਾਲੇ ਪੂਰਾ ਸਮਰਥਨ ਦੇਣ ਦੀ ਲੋੜ ਹੈ। ਵਰਮਾ ਨੇ ਕਿਹਾ ਕਿ ਨਿੱਜੀ ਖਪਤ ਅਤੇ ਪੂੰਜੀ ਨਿਵੇਸ਼ ਨੇ ਹੁਣ ਤੱਕ ਰਫਤਾਰ ਨਹੀਂ ਫੜੀ ਹੈ, ਅਜਿਹੇ ’ਚ ਅਰਥਵਿਵਸਥਾ ਦਾ ਆਰਥਿਕ ਵਿਕਾਸ ਕਮਜ਼ੋਰ ਬਣਿਆ ਹੋਇਆ ਹੈ। ਉਨ੍ਹਾਂ ਨੇ ਇਸ ਗੱਲ ਦਾ ਖਦਸ਼ਾ ਪ੍ਰਗਟਾਇਆ ਕਿ ਭਾਰਤ ਦੀ ਅਰਥਵਿਵਸਥਾ ਆਪਣੀਆਂ ਉਮੀਦਾਂ ਅਤੇ ਲੋੜ ਦੇ ਹਿਸਾਬ ਨਾਲ ਵਾਧਾ ਦਰਜ ਨਹੀਂ ਕਰ ਸਕੇਗੀ।
ਦੂਜੇ ਪਾਸੇ ਵਿਸ਼ਵ ਬੈਂਕ ਨੇ ਕੁੱਲ ਘਰੇਲੂ ਉਤਪਾਦ (ਜੀ. ਡੀ. ਪੀ.) ਦੀ ਵਾਧਾ ਦਰ ਦੇ ਅਨੁਮਾਨ ਨੂੰ ਵਧਾ ਕੇ 6.9 ਫੀਸਦੀ ਕਰ ਦਿੱਤਾ ਹੈ। ਭਾਰਤੀ ਪ੍ਰਬੰਧ ਸੰਸਥਾਨ-ਅਹਿਮਦਾਬਾਦ (ਆਈ. ਆਈ. ਐੱਮ.-ਅਹਿਮਦਾਬਾਦ) ਦੇ ਪ੍ਰੋਫੈਸਰ ਵਰਮਾ ਨੇ ਹਾਲਾਂਕਿ ਭਰੋਸਾ ਪ੍ਰਗਟਾਇਆ ਕਿ ਦੁਨੀਆ ਦੇ ਹੋਰ ਦੇਸ਼ਾਂ ਵਾਂਗ ਭਾਰਤ ਦੇ ਸਾਹਮਣੇ ਮੰਦੀ ਦਾ ਜੋਖਮ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਅਸਲ ’ਚ ਭਾਰਤੀ ਅਰਥਵਿਵਸਥਾ ਦਾ ਪ੍ਰਦਰਸ਼ਨ ਹੋਰ ਵੱਡੇ ਦੇਸ਼ਾਂ ਤੋਂ ਬਿਹਤਰ ਹੈ।
ਅਰਥਵਿਵਸਥਾ ਨੂੰ ਅੱਗੇ ਵਧਾਉਣ ਦੇ 4 ਇੰਜਣ
ਵਰਮਾ ਨੇ ਕਿਹਾ ਕਿ ਅਰਥਵਿਵਸਥਾ ਨੂੰ ਅੱਗੇ ਵਧਾਉਣ ਦੇ ਚਾਰ ਇੰਜਣ ਹਨ। ਇਨ੍ਹਾਂ ’ਚੋਂ ਦੋ ਇੰਜਣ ਐਕਸਪੋਰਟ ਅਤੇ ਸਰਕਾਰ ਦੇ ਖਰਚੇ ਨੇ ਮਹਾਮਾਰੀ ਦੌਰਾਨ ਅਰਥਵਿਵਸਥਾ ਨੂੰ ਅੱਗੇ ਵਧਾਉਣ ’ਚ ਮਦਦ ਕੀਤੀ ਪਰ ਹੁਣ ਇਸ ’ਚ ਹੋਰ ਇੰਜਣਾਂ ਨੂੰ ‘ਬੈਟਨ’ ਆਪਣੇ ਹੱਥ ’ਚ ਲੈਣ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਅਰਥਵਿਵਸਥਾ ਦੇ ਵਿਕਾਸ ਦੇ ਚਾਰ ਇੰਜਣ ਬਾਰੇ ਸੋਚਦਾ ਹਾਂ। ਇਹ ਹਨ-ਐਕਸਪੋਰਟ, ਸਰਕਾਰੀ ਖਰਚ, ਪੂੰਜੀ ਨਿਵੇਸ਼ ਅਤੇ ਨਿੱਜੀ ਖਪਤ।
ਨਿੱਜੀ ਰਫਤਾਰ ’ਚ ਨਿਵੇਸ਼ ਦੀ ਲੋੜ
ਵਰਮਾ ਨੇ ਕਿਹਾ ਕਿ ਗਲੋਬਲ ਅਰਥਵਿਵਸਥਾ ’ਚ ਸੁਸਤੀ ਦੇ ਕਾਰਨ ਨਾਲ ਐਕਸਪੋਰਟ ਵਾਧੇ ਦਾ ਮੁੱਖ ਕਾਰਕ ਨਹੀਂ ਰਹਿ ਸਕਦਾ। ਉੱਥੇ ਹੀ ਸਰਕਾਰ ਦਾ ਖਰਚ ਵੀ ਵਿੱਤੀ ਦਿੱਕਤਾਂ ਕਾਰਨ ਸੀਮਤ ਹੈ। ਐੱਮ. ਪੀ. ਸੀ. ਦੇ ਮੈਂਬਰ ਨੇ ਕਿਹਾ ਕਿ ਮਾਹਰ ਕਾਫੀ ਸਮੇਂ ਤੋਂ ਇਸ ਗੱਲ ਦੀ ਉਡੀਕ ਕਰ ਰਹੇ ਹਨ ਕਿ ਨਿੱਜੀ ਨਿਵੇਸ਼ ਰਫਤਾਰ ਫੜੇ। ਹਾਲਾਂਕਿ ਭਵਿੱਖ ਦੇ ਵਾਧੇ ਦੀਆਂ ਸੰਭਾਵਨਾਵਾਂ ਨੂੰ ਲੈ ਕੇ ਚਿੰਤਾ ਕਾਰਨ ਪੂੰਜੀ ਨਿਵੇਸ਼ ਪ੍ਰਭਾਵਿਤ ਹੋ ਰਿਹਾ ਹੈ।
ਆਰ. ਬੀ. ਆਈ. ਨੇ ਘਟਾਇਆ ਗ੍ਰੋਥ ਰੇਟ
ਉਨ੍ਹਾਂ ਨੇ ਕਿਹਾ ਕਿ ਅਹਿਮ ਸਵਾਲ ਇਹ ਹੈ ਕਿ ਕੀ ਆਗਾਮੀ ਮਹੀਨਿਆਂ ’ਚ ਦੱਬੀ ਮੰਗ ਠੰਡੀ ਪੈਣ ਤੋਂ ਬਾਅਦ ਚੌਥੇ ਇੰਜਣ ਯਾਨੀ ਨਿੱਜੀ ਖਪਤ ਦੀ ਤੇਜ਼ੀ ਜਾਰੀ ਰਹੇਗੀ। ਵਰਮਾ ਨੇ ਕਿਹਾ ਕਿ ਇਨ੍ਹਾਂ ਸਥਿਤੀਆਂ ਨੂੰ ਦੇਖਦੇ ਹੋਏ ਮੈਨੂੰ ਉਮੀਦ ਹੈ ਕਿ ਆਰਥਿਕ ਵਿਕਾਸ ਅਤਿਅੰਤ ਨਾਜ਼ੁਕ ਸਥਿਤੀ ’ਚ ਹੈ ਅਤੇ ਇਸ ਨੂੰ ਪੂਰੇ ਸਮਰਥਨ ਦੀ ਲੋੜ ਹੈ।
ਇਸ ਤੋਂ ਪਹਿਲਾਂ ਇਸੇ ਮਹੀਨੇ ਭਾਰਤੀ ਰਿਜ਼ਰਵ ਬੈਂਕ ਨੇ ਚਾਲੂ ਵਿੱਤੀ ਸਾਲ (2022-23) ਲਈ ਵਾਧਾ ਦਰ ਦੇ ਅਨੁਮਾਨ ਨੂੰ ਸੱਤ ਤੋਂ ਘਟਾ ਕੇ 6.8 ਫੀਸਦੀ ਕਰ ਦਿੱਤਾ ਹੈ।
2 ਸਾਲ ਮਹਾਮਾਰੀ ’ਚ ਗੁਆ ਦਿੱਤੇ
ਵਰਮਾ ਨੇ ਕਿਹਾ ਕਿ ਸਮੱਸਿਆ ਇਹ ਹੈ ਕਿ ਭਾਰਤ ਦੀਆਂ ਉਮੀਦਾਂ ਦਾ ਪੱਧਰ ਉੱਚਾ ਹੈ, ਵਿਸ਼ੇਸ਼ ਤੌਰ ’ਤੇ ਇਹ ਦੇਖਦੇ ਹੋਏ ਕਿ ਅਸੀਂ ਦੋ ਸਾਲ ਮਹਾਮਾਰੀ ਕਾਰਨ ਗੁਆ ਦਿੱਤੇ ਹਨ। ਉਨ੍ਹਾਂ ਨੇ ਕਿਹਾ ਕਿ ਭਾਰਤ ਨਾਲ ਡੈਮੋਗ੍ਰਾਫਿਕ ਲਾਭ ਹੈ। ਅਜਿਹੇ ’ਚ ਕਿਰਤ ਸ਼ਕਤੀ ’ਚ ਸ਼ਾਮਲ ਹੋਣ ਵਾਲੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਲਈ ਉੱਚੇ ਵਾਧੇ ਦੀ ਲੋੜ ਹੈ। ਵਰਮਾ ਨੇ ਕਿਹਾ ਕਿ ਮੈਨੂੰ ਇਸ ਗੱਲ ਦਾ ਖਦਸ਼ਾ ਨਹੀਂ ਹੈ ਕਿ ਭਾਰਤ ਬਾਕੀ ਦੁਨੀਆ ਤੋਂ ਹੌਲੀ ਰਫਤਾਰ ਨਾਲ ਵਧੇਗਾ। ਮੈਨੂੰ ਖਦਸ਼ਾ ਇਸ ਗੱਲ ਦਾ ਹੈ ਕਿ ਅਸੀਂ ਆਪਣੀਆਂ ਉਮੀਦਾਂ ਅਤੇ ਲੋੜ ਦੇ ਹਿਸਾਬ ਨਾਲ ਵਾਧਾ ਹਾਸਲ ਨਹੀਂ ਕਰ ਸਕਾਂਗੇ।

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।


author

Aarti dhillon

Content Editor

Related News