Forbes : ਵਿਸ਼ਵ ਦੇ ਅਮੀਰਾਂ 'ਚ ਇਸ ਨੰਬਰ 'ਤੇ ਹੁਣ ਅੰਬਾਨੀ, ਜੈਕ ਮਾ ਪੱਛੜੇ
Wednesday, Apr 07, 2021 - 03:49 PM (IST)

ਨਿਊਯਾਰਕ- ਫੋਰਬਸ ਮੈਗਜ਼ੀਨ ਦੀ ਤਾਜ਼ਾ ਸਰਵੇ ਰਿਪੋਰਟ ਮੁਤਾਬਕ, ਦੁਨੀਆ ਵਿਚ ਅਮਰੀਕਾ ਅਤੇ ਚੀਨ ਤੋਂ ਬਾਅਦ ਸਭ ਤੋਂ ਜ਼ਿਆਦਾ ਅਰਬਪਤੀ ਭਾਰਤ ਵਿਚ ਹਨ। ਇਸ ਵਿਚਕਾਰ ਰਿਲਾਇੰਸ ਇੰਡਸਟਰੀਜ਼ ਦੇ ਮੁਖੀ ਮੁਕੇਸ਼ ਅੰਬਾਨੀ ਨੇ ਚੀਨੀ ਕਾਰੋਬਾਰੀ ਜੈਕ ਮਾ ਨੂੰ ਪਛਾੜ ਕੇ ਏਸ਼ੀਆ ਦੇ ਸਭ ਤੋਂ ਅਮੀਰ ਸ਼ਖਸ ਦਾ ਸਥਾਨ ਹਾਸਲ ਕਰ ਲਿਆ ਹੈ। ਉੱਥੇ ਹੀ, ਐਮਾਜ਼ੋਨ ਦੇ ਸੀ. ਈ. ਓ. ਤੇ ਸੰਸਥਾਪਕ ਜੈਫ ਬੇਜੋਸ ਲਗਾਤਾਰ ਚੌਥੇ ਸਾਲ ਦੁਨੀਆਂ ਦੇ ਅਰਬਪਤੀਆਂ ਦੀ 35ਵੀਂ ਸਲਾਨਾ ਸੂਚੀ ਵਿਚ ਪਹਿਲੇ ਸਥਾਨ 'ਤੇ ਹਨ। ਫੋਰਬਸ ਮੁਤਾਬਕ, ਬੇਜੋਸ ਦੀ ਸ਼ੁੱਧ ਸੰਪਤੀ 177 ਅਰਬ ਡਾਲਰ ਹੈ, ਇਹ ਇਕ ਸਾਲ ਪਹਿਲਾਂ 64 ਅਰਬ ਡਾਲਰ ਸੀ।
ਇਹ ਵੀ ਪੜ੍ਹੋ- RBI ਦਾ ਪੇਟੀਐੱਮ, AIRTEL ਵਰਗੇ ਪੇਮੈਂਟਸ ਬੈਂਕਾਂ ਦੇ ਗਾਹਕਾਂ ਨੂੰ ਵੱਡਾ ਤੋਹਫ਼ਾ
ਇਸ ਸੂਚੀ ਵਿਚ ਦੂਜੇ ਸਥਾਨ 'ਤੇ ਟੈਸਲਾ ਦੇ ਸੀ. ਈ. ਓ. ਐਲਨ ਮਸਕ ਹਨ। ਉਨ੍ਹਾਂ ਦੀ ਕੁੱਲ ਸੰਪਤੀ ਪਿਛਲੇ ਸਾਲ ਦੇ ਮੁਕਾਬਲੇ 126.4 ਅਰਬ ਡਾਲਰ ਵੱਧ ਕੇ 151 ਅਰਬ ਡਾਲਰ ਹੋ ਗਈ ਹੈ। ਪਿਛਲੇ ਸਾਲ ਮਸਕ 24.6 ਅਰਬ ਡਾਲਰ ਨਾਲ 31ਵੇਂ ਸਥਾਨ 'ਤੇ ਸਨ। ਫੋਰਬਸ ਨੇ ਕਿਹਾ ਕਿ ਇਸ ਦੀ ਮੁੱਖ ਵਜ੍ਹਾ ਟੈਸਲਾ ਦੇ ਸ਼ੇਅਰਾਂ ਵਿਚ 705 ਫ਼ੀਸਦੀ ਵਾਧਾ ਹੈ। ਭਾਰਤ ਅਤੇ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ 84.5 ਅਰਬ ਅਮਰੀਕੀ ਡਾਲਰ ਦੀ ਸੰਪਤੀ ਨਾਲ ਦੁਨੀਆ ਦੇ ਅਰਬਪਤੀਆਂ ਦੀ ਸੂਚੀ ਵਿਚ 10ਵੇਂ ਸਥਾਨ 'ਤੇ ਹਨ। ਪਿਛਲੇ ਸਾਲ ਚੀਨ ਦੇ ਜੈਕ ਮਾ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਸਨ। ਇਸ ਸੂਚੀ ਵਿਚ ਜੈਕ ਮਾ ਪਿਛਲੇ ਸਾਲ ਦੇ 17ਵੇਂ ਸਥਾਨ ਤੋਂ ਡਿੱਗ ਕੇ 26ਵੇਂ ਸਥਾਨ 'ਤੇ ਆ ਗਏ ਹਨ।
ਇਹ ਵੀ ਪੜ੍ਹੋ- ਸੋਨੇ 'ਚ ਉਛਾਲ, ਖ਼ਰੀਦਦਾਰਾਂ ਲਈ ਝਟਕਾ, 10 ਗ੍ਰਾਮ 46 ਹਜ਼ਾਰ ਤੋਂ ਪਾਰ
ਭਾਰਤ 'ਚ 140 ਅਰਬਪਤੀ-
ਉੱਥੇ ਹੀ, ਗੌਤਮ ਅਡਾਨੀ 50.5 ਅਰਬ ਅਮਰੀਕੀ ਡਾਲਰ ਦੀ ਸੰਪਤੀ ਨਾਲ ਭਾਰਤ ਦੇ ਦੂਜੇ ਅਤੇ ਵਿਸ਼ਵ ਪੱਧਰ 'ਤੇ ਇਸ ਸੂਚੀ ਵਿਚ 24ਵੇਂ ਸਥਾਨ 'ਤੇ ਹਨ। ਪੂਨਾਵਾਲਾ ਸਮੂਹ ਦੇ ਚੇਅਰਮੈਨ ਤੇ ਸੀਰਮ ਇੰਸਟੀਚਿਊਟ ਦੇ ਸੰਸਥਾਪਕ ਸਾਇਰਸ ਪੂਨਾਵਾਲਾ ਗਲੋਬਲ ਸੂਚੀ ਵਿਚ 169ਵੇਂ ਸਥਾਨ 'ਤੇ ਅਤੇ ਭਾਰਤੀ ਅਰਬਪਤੀਆਂ ਦੀ ਸੂਚੀ ਵਿਚ 7ਵੇਂ ਸਥਾਨ 'ਤੇ ਹਨ। ਐੱਚ. ਸੀ. ਐੱਲ. ਟੈਕਨਾਲੋਜੀ ਦੇ ਸੰਸਥਾਪਕ ਸ਼ਿਵ ਨਾਡਰ ਭਾਰਤ ਦੇ ਤੀਜੇ ਸਭ ਤੋਂ ਅਮੀਰ ਵਿਅਕਤੀ ਹਨ ਅਤੇ ਵਿਸ਼ਵ ਪੱਧਰ 'ਤੇ ਉਨ੍ਹਾਂ ਦਾ ਸਥਾਨ 71ਵਾਂ ਹੈ। ਫੋਰਬਸ ਨੇ ਕਿਹਾ ਕਿ ਸਭ ਤੋਂ ਵੱਧ 724 ਅਰਬਪਤੀ ਅਮਰੀਕਾ ਵਿਚ ਹਨ, ਜਦੋਂ ਕਿ 698 ਅਰਬਪਤੀਆਂ ਨਾਲ ਚੀਨ ਦੂਜੇ ਸਥਾਨ 'ਤੇ ਹੈ ਅਤੇ ਭਾਰਤ 140 ਅਰਬਪਤੀਆਂ ਨਾਲ ਤੀਜੇ ਸਥਾਨ 'ਤੇ ਹਨ। ਫਿਰ ਜਰਮਨੀ ਅਤੇ ਰੂਸ ਦਾ ਸਥਾਨ ਹੈ।
ਇਹ ਵੀ ਪੜ੍ਹੋ- RBI ਦੀ ਰਾਹਤ, ਰੇਪੋ ਦਰ 4 ਫ਼ੀਸਦੀ 'ਤੇ ਰੱਖੀ ਬਰਕਰਾਰ, ਨਹੀਂ ਵਧੇਗੀ EMI
►ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ