ਇਨ੍ਹਾਂ ਦੇਸ਼ਾਂ ਦੇ ਸਟੀਲ ਉਤਪਾਦਾਂ 'ਤੇ ਭਾਰਤ ਲਾ ਸਕਦੈ ਡੰਪਿੰਗ ਰੋਕੂ ਡਿਊਟੀ
Thursday, Jun 18, 2020 - 07:48 PM (IST)
ਨਵੀਂ ਦਿੱਲੀ— ਭਾਰਤ ਘਰੇਲੂ ਕੰਪਨੀਆਂ ਨੂੰ ਸਸਤੀ ਦਰਾਮਦ ਤੋਂ ਸੁਰੱਖਿਆ ਪ੍ਰਦਾਨ ਕਰਨ ਲਈ ਯੂਰਪੀ ਸੰਘ (ਈ. ਯੂ.), ਜਪਾਨ, ਅਮਰੀਕਾ ਤੇ ਦੱਖਣੀ ਕੋਰੀਆ ਤੋਂ ਕੁਝ ਸਟੀਲ ਉਤਪਾਦਾਂ ਦੀ ਦਰਾਮਦ 'ਤੇ ਡੰਪਿੰਗ ਰੋਕੂ ਡਿਊਟੀ ਲਾ ਸਕਦਾ ਹੈ।
ਜੇ. ਐੱਸ. ਡਬਲਿਊ. ਵੱਲਭ ਟਿਨਪਲੇਟ ਪ੍ਰਾਈਵੇਟ ਲਿਮਟਿਡ ਅਤੇ ਦਿ ਟਿਨਪਲੇਟ ਕੰਪਨੀ ਆਫ ਇੰਡੀਆ ਲਿਮਟਿਡ ਨੇ ਇਨ੍ਹਾਂ ਦੇਸ਼ਾਂ ਤੋਂ ਕੋਟੇਡ-ਪਲੇਟਿਡ ਟਿਨ ਮਿਲ ਫਲੈਟ-ਰੋਲਡ ਸਟੀਲ ਉਤਪਾਦਾਂ ਦੀ ਦਰਾਮਦ 'ਤੇ ਡੰਪਿੰਗ ਰੋਕੂ ਡਿਊਟੀ ਲਾਉਣ ਦੀ ਮੰਗ ਕੀਤੀ ਸੀ। ਵਣਜ ਮੰਤਰਾਲਾ ਦੀ ਜਾਂਚ ਇਕਾਈ ਡੀ. ਜੀ. ਟੀ. ਆਰ. ਨੇ ਜਾਂਚ ਤੋਂ ਬਾਅਦ ਇਨ੍ਹਾਂ ਦੇਸ਼ਾਂ ਤੋਂ ਕੁਝ ਸਟੀਲ ਉਤਪਾਦਾਂ ਦੀ ਦਰਾਮਦ 'ਤੇ ਡੰਪਿੰਗ ਰੋਕੂ ਡਿਊਟੀ ਲਾਉਣ ਦੀ ਸਿਫਾਰਸ਼ ਕੀਤੀ ਹੈ। ਇਨ੍ਹਾਂ ਉਤਪਾਦਾਂ 'ਤੇ 222 ਡਾਲਰ ਤੋਂ 334 ਡਾਲਰ ਪ੍ਰਤੀ ਟਨ ਦੀ ਡਿਊਟੀ ਲਾਉਣ ਦੀ ਸਿਫਾਰਸ਼ ਕੀਤੀ ਗਈ ਹੈ।
ਡੀ. ਜੀ. ਟੀ. ਆਰ. ਦੇ ਨੋਟੀਫਿਕੇਸ਼ਨ 'ਚ ਕਿਹਾ ਗਿਆ ਹੈ ਕਿ ਇਨ੍ਹਾਂ ਦੇਸ਼ਾਂ ਤੋਂ ਅਜਿਹੇ ਉਤਪਾਦਾਂ ਦੀ ਦਰਾਮਦ ਆਮ ਤੋਂ ਘੱਟ ਮੁੱਲ 'ਤੇ ਹੋ ਰਹੀ ਹੈ। ਇਨ੍ਹਾਂ ਉਤਪਾਦਾਂ ਦੀ ਡੰਪਿੰਗ ਨਾਲ ਘਰੇਲੂ ਉਦਯੋਗ ਪ੍ਰਭਾਵਿਤ ਹੋ ਰਿਹਾ ਹੈ। ਇਸ ਉਤਪਾਦ ਦਾ ਇਸਤੇਮਾਲ ਖਾਦ ਤੇ ਗੈਰ ਖਾਦ ਉਦਯੋਗ 'ਚ ਹੁੰਦਾ ਹੈ। ਵਿਸ਼ਵ ਪੱਧਰੀ ਨਿਯਮਾਂ ਮੁਤਾਬਕ ਘਰੇਲੂ ਨਿਰਮਾਤਾਵਾਂ ਨੂੰ ਬਰਾਬਰ ਮੌਕੇ ਉਪਲਬਧ ਕਰਾਉਣ ਲਈ ਕੋਈ ਦੇਸ਼ ਡੰਪ ਕੀਤੇ ਜਾਣ ਵਾਲੇ ਉਤਪਾਦਾਂ 'ਤੇ ਡਿਊਟੀ ਲਾ ਸਕਦਾ ਹੈ।