ਕਰੰਸੀ ਨੂੰ ਲੈ ਕੇ ਇਥੇ ਚੀਨ ਤੋਂ ਬਹੁਤ ਅੱਗੇ ਹੈ ਭਾਰਤ

08/17/2018 2:16:56 PM


ਨਵੀਂ ਦਿੱਲੀ—ਕੌਮਾਂਤਰੀ ਮੁਦਰਾ ਫੰਡ (ਆਈ.ਐੱਮ.ਐੱਫ.) ਦੇ ਮਾਨਕਾਂ ਦੇ ਹਿਸਾਬ ਨਾਲ ਰਿਜ਼ਰਵ ਬੈਂਕ ਆਫ ਇੰਡੀਆ (ਆਰ.ਬੀ.ਆਈ.) ਦੇ ਕੋਲ ਵਿਦੇਸ਼ੀ ਮੁਦਰਾ ਭੰਡਾਰ ਨੂੰ ਲੈ ਕੇ ਅਜਿਹੀ ਸਹੂਲਤ ਹੈ ਜੋ ਚੀਨ ਦੇ ਕੋਲ ਨਹੀਂ ਹੈ। ਆਈ.ਐੱਮ.ਐੱਫ. ਦੇ 'ਰਿਜ਼ਰਵ ਐਡਿਕਵੇਸੀ' ਦੇ ਮਾਨਕ 'ਤੇ ਭਾਰਤ ਦੀ ਸਥਿਤੀ ਚੀਨ ਅਤੇ ਦੱਖਣੀ ਅਫਰੀਕਾ ਤੋਂ ਵਧੀਆ ਹੈ। ਰਿਜ਼ਰਵ ਐਡਿਕਵੇਸੀ 'ਚ ਰਿਜ਼ਰਵ, ਵਿਦੇਸ਼ੀ ਕਰਜ਼, ਆਯਾਤ ਅਤੇ ਇੰਵੈਸਟਮੈਂਟ ਫਲੋਅ ਨੂੰ ਸ਼ਾਮਲ ਕੀਤਾ ਜਾਂਦਾ ਹੈ। ਰਿਜ਼ਰਵ ਬੈਂਕ ਨੇ ਹਾਲ ਹੀ 'ਚ 20 ਅਰਬ ਡਾਲਰ ਵੇਚੇ ਹਨ ਪਰ ਅਰਥਸ਼ਾਸਤਰੀਆਂ ਦੇ ਅਨੁਮਾਨ ਦੇ ਮੁਤਾਬਕ ਰੁਪਏ ਨੂੰ ਸਪੋਰਟ ਦੇਣ ਲਈ ਉਹ 8-10 ਫੀਸਦੀ ਵਿਦੇਸ਼ੀ ਮੁਦਰਾ ਭੰਡਾਰ ਦੀ ਹੋਰ ਵਰਤੋਂ ਕਰ ਸਕਦਾ ਹੈ। 
ਭਾਰਤ ਦੇ ਕੋਲ ਅਜੇ 402 ਅਰਬ ਡਾਲਰ ਦਾ ਵਿਦੇਸ਼ੀ ਮੁਦਰਾ ਭੰਡਾਰ ਹੈ। ਉਸ ਦਾ ਰਿਜ਼ਰਵ ਐਡਿਕਵੇਸੀ 150.7 ਫੀਸਦੀ ਹੈ ਜਦਕਿ ਚੀਨ ਲਈ ਇਹ 85.9 ਫੀਸਦੀ ਅਤੇ ਦੱਖਣੀ ਅਫਰੀਕਾ ਲਈ 64.2 ਫੀਸਦੀ ਹੈ। ਇਸ ਬਾਰੇ 'ਚ ਡੀ.ਬੀ.ਐੱਸ. ਦੀ ਚੀਫ ਇੰਡੀਆ ਇਕਨਾਮਿਸਟ ਰਾਧਿਕਾ ਰਾਓ ਨੇ ਇਕ ਨੋਟ 'ਚ ਲਿਖਿਆ ਕਿ ਇਸ ਪੈਮਾਨੇ ਦੇ ਹਿਸਾਬ ਨਾਲ ਭਾਰਤ ਆਰਾਮਦਾਇਕ ਸਥਿਤੀ 'ਚ ਹੈ। ਇਸ 'ਚ ਲਿਖਿਆ ਗਿਆ ਹੈ ਕਿ ਐਕਸਟਰਨਲ ਚੈਲੇਂਜ ਵਧਣ ਨਾਲ ਭਾਰਤ ਦੇ ਵਿਦੇਸ਼ੀ ਮੁਦਰਾ ਭੰਡਾਰ 'ਚ ਹੋਰ 5-8 ਫੀਸਦੀ ਦੀ ਗਿਰਾਵਟ ਆ ਸਕਦੀ ਹੈ ਪਰ ਉਸ ਨਾਲ ਐਡਿਕਵੇਸੀ 'ਤੇ ਬਹੁਤ ਫਰਕ ਨਹੀਂ ਪਏਗਾ।  
ਰਿਜ਼ਰਵ ਐਡਿਕਵੇਸੀ ਦੇ 100-150 ਫੀਸਦੀ ਰਹਿਣ 'ਤੇ ਮੰਨਿਆ ਜਾਂਦਾ ਹੈ ਕਿ ਦੇਸ਼ ਬਾਹਰੀ ਝਟਕਿਆਂ ਦਾ ਸਾਹਮਣਾ ਆਸਾਨੀ ਨਾਲ ਕਰ ਸਕਦਾ ਹੈ। ਆਈ.ਐੱਮ.ਐੱਫ. ਦੇ ਮੁਤਾਬਕ ਇਸ ਰਿਜ਼ਰਵ ਨਾਲ ਮੁਸ਼ਕਿਲ ਹਾਲਾਤ 'ਚ ਕਿੰਨੀ ਵਿਦੇਸ਼ੀ ਮੁਦਰਾ ਦੀ ਲੋੜ ਪੈ ਸਕਦੀ ਹੈ ਇਸ ਦਾ ਪਤਾ ਲੱਗਦਾ ਹੈ। ਉੱਧਰ ਰਿਜ਼ਰਵ ਦੇ ਇਕ ਹਿੱਸੇ ਨੂੰ ਬਫਰ ਦੇ ਤੌਰ 'ਤੇ ਰੱਖਣਾ ਹੁੰਦਾ ਹੈ।
ਭਾਰਤ ਦਾ ਵਿਦੇਸ਼ੀ ਮੁਦਰਾ ਭੰਡਾਰ ਅਪ੍ਰੈਲ ਦੇ 426 ਅਰਬ ਡਾਲਰ ਤੋਂ ਘਟ ਕੇ ਅਗਸਤ ਦੀ ਸ਼ੁਰੂਆਤ 'ਚ 403 ਅਰਬ ਡਾਲਰ ਰਹਿ ਗਿਆ ਸੀ। ਇਸ ਦੌਰਾਨ ਰਿਜ਼ਰਵ ਬੈਂਕ ਨੇ ਰੁਪਏ ਨੂੰ ਸਥਿਰ ਬਣਾਏ ਰੱਖਣ ਲਈ 23 ਅਰਬ ਡਾਲਰ ਦੀ ਵਿਦੇਸ਼ੀ ਮੁਦਰਾ ਦੀ ਵਰਤੋਂ ਕੀਤੀ। ਹਾਲਾਂਕਿ ਇਸ ਦੇ ਬਾਵਜੂਦ ਡਾਲਰ ਦੇ ਮੁਕਾਬਲੇ ਰੁਪਿਆ 70 ਦੇ ਨਵੇਂ ਹੇਠਲੇ ਪੱਧਰ 'ਤੇ ਪਹੁੰਚ ਗਿਆ ਹੈ। ਰਾਓ ਨੇ ਦੱਸਿਆ ਕਿ ਪੂੰਜੀ ਦਾ ਪ੍ਰਵਾਹ ਘਟ ਰਹਿਣ ਦੇ ਕਾਰਨ ਇਸ ਸਾਲ ਭਾਰਤ ਦੇ ਵਿਦੇਸ਼ੀ ਮੁਦਰਾ ਭੰਡਾਰ 'ਚ ਵਾਧੇ ਦੀ ਸੰਭਾਵਨਾ ਨਹੀਂ ਦਿਸ ਰਹੀ ਇਸ ਨਾਲ ਚਾਲੂ ਖਾਤੇ 'ਤੇ ਦਬਾਅ ਬਣ ਸਕਦਾ ਹੈ।  


Related News