ਗਲੋਬਲ ਪ੍ਰਤਿਭਾ ਸੂਚਕ ਅੰਕ ’ਚ ਭਾਰਤ ਨੇ ਲਾਈ ਛਲਾਂਗ , 72ਵਾਂ ਸਥਾਨ ਕੀਤਾ ਹਾਸਲ

01/24/2020 12:14:16 PM

ਨਵੀਂ ਦਿੱਲੀ — ਸਾਲ 2020 ’ਚ ਗਲੋਬਲ ਪ੍ਰਤਿਭਾ ਸੂਚਕ ਅੰਕ ’ਚ ਭਾਰਤ ਨੇ 72ਵਾਂ ਸਥਾਨ ਹਾਸਲ ਕੀਤਾ ਹੈ। ਭਾਰਤ ਨੇ 8 ਪੌਡਾਂ ਦੀ ਛਲਾਂਗ ਲਾਈ ਹੈ। ਪ੍ਰਤਿਭਾ ਸੂਚਕ ਅੰਕ ਦੁਨੀਆ ਦੇ ਦੇਸ਼ਾਂ ਨੂੰ ਉਨ੍ਹਾਂ ਦੀ ਤਰੱਕੀ ਕਰਨ, ਪ੍ਰਤਿਭਾ ਨੂੰ ਆਪਣੇ ਨਾਲ ਬਣਾਈ ਰੱਖਣ ਅਤੇ ਆਕਰਸ਼ਿਤ ਕਰਨ ਦੀ ਉਨ੍ਹਾਂ ਦੀ ਸਮਰੱਥਾ ਦੇ ਆਧਾਰ ’ਤੇ ਤਿਆਰ ਕੀਤਾ ਜਾਂਦਾ ਹੈ। ਇਸ ਆਧਾਰ ’ਤੇ ਉਨ੍ਹਾਂ ਦੀ ਰੈਂਕਿੰਗ ਕੀਤੀ ਜਾਂਦੀ ਹੈ। ਗਲੋਬਲ ਪ੍ਰਤਿਭਾ ਸੂਚੀ ’ਚ ਦੁਨੀਆ ਭਰ ਦੇ 132 ਦੇਸ਼ ਸ਼ਾਮਲ ਹਨ। ਵਿਸ਼ਵ ਆਰਥਿਕ ਮੰਚ ’ਚ ਜਾਰੀ ਇਸ ਰਿਪੋਰਟ ’ਚ ਕਿਹਾ ਗਿਆ ਹੈ ਕਿ ਭਾਰਤ ਦੀ ਸਿੱਖਿਆ ਵਿਵਸਥਾ ਨੂੰ ਬਿਹਤਰ ਕਰਨ ਲਈ ਹੋਰ ਕੰਮ ਕਰਨ ਦੀ ਜ਼ਰੂਰਤ ਹੈ। ਉਸ ਦੀ ਸਭ ਤੋਂ ਵੱਡੀ ਮਜ਼ਬੂਤੀ ਉਸ ਦੀ ਵਧਦੀ ਪ੍ਰਤਿਭਾ ਹੈ।

ਗਲੋਬਲ ਪ੍ਰਤਿਭਾ ਸੂਚਕ ਅੰਕ ’ਚ ਸਿਖਰਲੇ 10 ਦੇਸ਼ਾਂ ’ਚ ਸਾਰੇ ਵਿਕਸਿਤ ਦੇਸ਼ ਹੀ ਸ਼ਾਮਲ ਹਨ। ਪਿਛਲੇ ਸਾਲ 21 ਜਨਵਰੀ 2019 ਨੂੰ ਗਲੋਬਲ ਪ੍ਰਤਿਭਾ ਮੁਕਾਬਲੇਬਾਜ਼ ਸੂਚਕ ਅੰਕ ਦਾ ਛੇਵਾਂ ਐਡੀਸ਼ਨ ਜਾਰੀ ਕੀਤਾ ਗਿਆ ਸੀ, ਇਸ ’ਚ ਭਾਰਤ ਦੀ ਰੈਂਕਿੰਗ ’ਚ ਇਕ ਸਥਾਨ ਦਾ ਸੁਧਾਰ ਹੋਇਆ ਸੀ ਅਤੇ ਉਹ 80ਵੇਂ ਨੰਬਰ ’ਤੇ ਸੀ। ਇਸ ਸੂਚਕ ਅੰਕ ਦਾ ਪ੍ਰਕਾਸ਼ਨ ਇਨਸੀਡ ਬਿਜ਼ਨੈੱਸ ਸਕੂਲ ਵੱਲੋਂ ਏਡਿਕੋ ਗਰੁੱਪ ਅਤੇ ਟਾਟਾ ਕਮਿਊਨੀਕੇਸ਼ਨਜ਼ ਦੇ ਸਹਿਯੋਗ ਨਾਲ ਕੀਤਾ ਗਿਆ ਸੀ। ਪਿਛਲੇ ਸਾਲ ਇਸ ਸੂਚਕ ਅੰਕ ’ਚ 125 ਦੇਸ਼ਾਂ ਨੂੰ ਸ਼ਾਮਲ ਕੀਤਾ ਗਿਆ ਸੀ।

ਸਵਿਟਜ਼ਰਲੈਂਡ ਟਾਪ ’ਤੇ

ਇਸ ਸੂਚੀ ’ਚ ਸਵਿਟਜ਼ਰਲੈਂਡ ਟਾਪ ’ਤੇ ਰਿਹਾ, ਉਸ ਤੋਂ ਬਾਅਦ ਅਮਰੀਕਾ ਅਤੇ ਸਿੰਗਾਪੁਰ ਨੂੰ ਜਗ੍ਹਾ ਮਿਲੀ ਹੈ। ਇਸ ਸੂਚਕ ਅੰਕ ’ਚ ਚੌਥੇ ਸਥਾਨ ’ਤੇ ਸਵੀਡਨ, 5ਵੇਂ ਸਥਾਨ ’ਤੇ ਡੈਨਮਾਰਕ ਅਤੇ ਛੇਵੇਂ ਨੰਬਰ ’ਤੇ ਨੀਦਰਲੈਂਡ ਹੈ। ਇਸ ਤੋਂ ਬਾਅਦ ਸੂਚੀ ’ਚ ਫਿਨਲੈਂਡ, ਲਗ਼ਜਮਬਰਗ, ਨਾਰਵੇ ਅਤੇ ਆਸਟਰੇਲੀਆ ਦਾ ਨੰਬਰ ਆਉਂਦਾ ਹੈ।


Related News