ਡੀ ਬੀਅਰਸ ਗਰੁੱਪ ਦਾ ਦਾਅਵਾ: ਭਾਰਤ ਬਣਿਆ ਗਲੋਬਲ ਡਾਇਮੰਡ ਹੱਬ, 2025 ’ਚ ਸਭ ਤੋਂ ਤੇਜ਼ ਗ੍ਰੋਥ
Saturday, Jan 10, 2026 - 05:30 AM (IST)
ਨਵੀਂ ਦਿੱਲੀ - ਭਾਰਤ ਦਾ ਹੀਰਾ ਬਾਜ਼ਾਰ ਸਾਲ 2025 ’ਚ ਦੁਨੀਆ ਦਾ ਸਭ ਤੋਂ ਤੇਜ਼ੀ ਨਾਲ ਵਧਣ ਵਾਲਾ ਡਾਇਮੰਡ ਹੱਬ ਬਣ ਕੇ ਉਭਰਿਆ ਹੈ। ਦੁਨੀਆ ਦੀ ਮੋਹਰੀ ਹੀਰਾ ਕੰਪਨੀ ਡੀ ਬੀਅਰਸ ਗਰੁੱਪ ਨੇ ਦਾਅਵਾ ਕੀਤਾ ਹੈ ਕਿ ਅਮਰੀਕਾ ਤੋਂ ਬਾਅਦ ਦੂਜਾ ਸਭ ਤੋਂ ਵੱਡਾ ਭਾਰਤੀ ਡਾਇਮੰਡ ਬਾਜ਼ਾਰ ਹੁਣ ਵਾਧੇ ਦੇ ਮਾਮਲੇ ’ਚ ਸਾਰੇ ਦੇਸ਼ਾਂ ਤੋਂ ਅੱਗੇ ਨਿਕਲ ਗਿਆ ਹੈ।
ਡੀ ਬੀਅਰਸ ਗਰੁੱਪ ਦੇ ਸੀ. ਈ. ਓ. ਅਲ ਕੁੱਕ ਅਨੁਸਾਰ ਕੰਪਨੀ ਭਾਰਤ ’ਚ ਨੈਚੁਰਲ ਡਾਇਮੰਡਸ ਦੇ ਪ੍ਰਚਾਰ-ਪ੍ਰਸਾਰ ’ਤੇ ਰਿਕਾਰਡ ਨਿਵੇਸ਼ ਕਰ ਰਹੀ ਹੈ। ‘ਲਵ ਫਰਾਮ ਡੈਡ’, ‘ਲਵ ਫਰਾਮ ਬੈਸਟੀ’ ਵਰਗੀਆਂ ਭਾਵਨਾਤਮਕ ਮੁਹਿੰਮਾਂ ਅਤੇ ਆਈ. ਪੀ. ਐੱਲ. ਨਾਲ ਜੁੜੇ ਮਾਰਕੀਟਿੰਗ ਕੈਂਪੇਨ ਰਾਹੀਂ ਭਾਰਤੀ ਖਪਤਕਾਰਾਂ ਨੂੰ ਜੋੜਿਆ ਜਾ ਰਿਹਾ ਹੈ। ਕੰਪਨੀ ਆਪਣੇ ਪ੍ਰੀਮੀਅਮ ਬ੍ਰਾਂਡ ‘ਫਾਰਐਵਰਮਾਰਕ’ ਨੂੰ ਲੈ ਕੇ ਹਮਲਾਵਰ ਵਿਸਤਾਰ ਰਣਨੀਤੀ ਅਪਣਾ ਰਹੀ ਹੈ। ਫਿਲਹਾਲ ਦੇਸ਼ ’ਚ ਇਸ ਦੇ 5 ਸਟੋਰ ਹਨ, ਜਿਨ੍ਹਾਂ ਨੂੰ ਸਾਲ ਦੇ ਆਖਿਰ ਤੱਕ ਵਧਾ ਕੇ ਕਰੀਬ 25 ਸਟੋਰ ਕਰਨ ਦੀ ਯੋਜਨਾ ਹੈ। ਡੀ ਬੀਅਰਸ ਦਾ ਅੰਦਾਜ਼ਾ ਹੈ ਕਿ ਭਾਰਤੀ ਡਾਇਮੰਡ ਬਾਜ਼ਾਰ ਕਰੀਬ 11 ਫੀਸਦੀ ਦੀ ਦਰ ਨਾਲ ਵਧੇਗਾ, ਜੋ ਗਲੋਬਲ ਪੱਧਰ ’ਤੇ ਸਭ ਤੋਂ ਵੱਧ ਹੋਵੇਗਾ।
ਫਾਰਐਵਰਮਾਰਕ ਦੀ ਸੀ. ਈ. ਓ. ਸ਼ਵੇਤਾ ਹਰਿਤ ਨੇ ਕਿਹਾ ਕਿ ਸੋਨੇ ਦੀਆਂ ਉੱਚੀਆਂ ਕੀਮਤਾਂ ਕਾਰਨ ਜਿਊਲਰਜ਼ ਅਤੇ ਗਾਹਕ ਹੀਰੇ ਜੜੇ ਗਹਿਣਿਆਂ ਵੱਲ ਜ਼ਿਆਦਾ ਰੁਖ ਕਰ ਰਹੇ ਹਨ, ਜਿਸ ਨਾਲ ਸਟੱਡਿਡ ਜਿਊਲਰੀ ਦੀ ਮੰਗ ਵਧ ਰਹੀ ਹੈ। ਲੈਬ-ਗ੍ਰੋਨ ਡਾਇਮੰਡਸ ’ਤੇ ਡੀ ਬੀਅਰਸ ਨੇ ਸਪੱਸ਼ਟ ਕੀਤਾ ਕਿ ਭਾਰਤੀ ਗਾਹਕ ਜਾਗਰੂਕ ਹਨ ਅਤੇ ਨੈਚੁਰਲ ਹੀਰਿਆਂ ਦੀ ਦੁਰਲੱਭਤਾ ਤੇ ਭਾਵਨਾਤਮਕ ਮੁੱਲ ਨੂੰ ਬਿਹਤਰ ਢੰਗ ਨਾਲ ਸਮਝਦੇ ਹਨ, ਜੋ ਉਨ੍ਹਾਂ ਨੂੰ ਖਾਸ ਪਛਾਣ ਦਿੰਦਾ ਹੈ।
