ਵਿਦੇਸ਼ੀ ਮੁਦਰਾ ਭੰਡਾਰ ਦੇ ਮਾਮਲੇ 'ਚ ਭਾਰਤ ਨੇ ਰੂਸ ਨੂੰ ਪਛਾੜਿਆ, ਚੌਥੇ 'ਤੇ ਪੁੱਜਾ

Monday, Mar 15, 2021 - 09:48 AM (IST)

ਵਿਦੇਸ਼ੀ ਮੁਦਰਾ ਭੰਡਾਰ ਦੇ ਮਾਮਲੇ 'ਚ ਭਾਰਤ ਨੇ ਰੂਸ ਨੂੰ ਪਛਾੜਿਆ, ਚੌਥੇ 'ਤੇ ਪੁੱਜਾ

ਨਵੀਂ ਦਿੱਲੀ- ਵਿਦੇਸ਼ੀ ਮੁਦਰਾ ਭੰਡਾਰ ਦੇ ਮਾਮਲੇ ਵਿਚ ਭਾਰਤ ਨੇ ਰੂਸ ਨੂੰ ਪਛਾੜ ਦਿੱਤਾ ਹੈ। ਹੁਣ ਭਾਰਤ ਕੋਲ ਦੁਨੀਆ ਦਾ ਚੌਥਾ ਸਭ ਤੋਂ ਵੱਡਾ ਵਿਦੇਸ਼ੀ ਮੁਦਰਾ ਭੰਡਾਰ ਹੈ। ਹਾਲ ਹੀ ਦੇ ਹਫ਼ਤਿਆਂ ਵਿਚ ਰੂਸ ਦਾ ਭੰਡਾਰ ਤੇਜ਼ੀ ਨਾਲ ਘਟਿਆ ਹੈ, ਜਿਸ ਕਾਰਨ ਭਾਰਤ ਰੂਸ ਤੋਂ ਅੱਗੇ ਨਿੱਕਲਿਆ ਹੈ। ਹਾਲਾਂਕਿ, ਇਸ ਸਾਲ ਭਾਰਤ ਤੇ ਰੂਸ ਦੋਹਾਂ ਦਾ ਵਿਦੇਸ਼ੀ ਮੁਦਰਾ ਭੰਡਾਰ ਲਗਭਗ ਸਥਿਰ ਰਿਹਾ।

ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਮੁਤਾਬਕ, ਭਾਰਤ ਦਾ ਵਿਦੇਸ਼ੀ ਮੁਦਰਾ ਭੰਡਾਰ ਹਾਲਾਂਕਿ, 5 ਮਾਰਚ ਨੂੰ 4.3 ਅਰਬ ਡਾਲਰ ਘੱਟ ਕੇ 580.3 ਅਰਬ ਡਾਲਰ ਰਿਹਾ, ਜਦੋਂ ਕਿ ਰੂਸ ਦਾ ਇਸ ਦੌਰਾਨ ਵਿਦੇਸ਼ੀ ਮੁਦਰਾ ਭੰਡਾਰ 580.1 ਅਰਬ ਡਾਲਰ ਰਿਹਾ।

18 ਮਹੀਨਿਆਂ ਤੱਕ ਦੀ ਦਰਾਮਦ ਲਈ ਕਾਫ਼ੀ
ਕੌਮਾਂਤਰੀ ਮੁਦਰਾ ਫੰਡ (ਆਈ. ਐੱਮ. ਐੱਫ.) ਮੁਤਾਬਕ, ਦੁਨੀਆ ਦਾ ਸਭ ਤੋਂ ਵੱਡਾ ਵਿਦੇਸ਼ੀ ਮੁਦਰਾ ਭੰਡਾਰ ਚੀਨ ਕੋਲ ਹੈ। ਇਸ ਸੂਚੀ ਵਿਚ ਜਾਪਾਨ ਦੂਜੇ ਅਤੇ ਸਵਿਟਜ਼ਰਲੈਂਡ ਤੀਜੇ ਸਥਾਨ 'ਤੇ ਹੈ। ਭਾਰਤ ਦਾ ਵਿਦੇਸ਼ੀ ਮੁਦਰਾ ਭੰਡਾਰ 18 ਮਹੀਨਿਆਂ ਤੱਕ ਦੀ ਦਰਾਮਦ ਲਈ ਕਾਫ਼ੀ ਹੈ। ਚਾਲੂ ਖਾਤਾ ਸਰਪਲੱਸ, ਘਰੇਲੂ ਸ਼ੇਅਰ ਬਾਜ਼ਾਰ ਵਿਚ ਨਿਵੇਸ਼ ਅਤੇ ਵਿਦੇਸ਼ੀ ਪ੍ਰਤੱਖ ਨਿਵੇਸ਼ (ਐੱਫ. ਡੀ. ਆਈ.) ਵਧਣ ਨਾਲ ਭਾਰਤ ਦਾ ਵਿਦੇਸ਼ੀ ਮੁਦਰਾ ਭੰਡਾਰ ਵਧਿਆ ਹੈ। ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਵਿਦੇਸ਼ੀ ਮੁਦਰਾ ਭੰਡਾਰ ਮਜਬੂਤ ਹੋਣ ਨਾਲ ਵਿਦੇਸ਼ੀ ਨਿਵੇਸ਼ਕਾਂ ਅਤੇ ਕ੍ਰੈਡਿਟ ਰੇਟਿੰਗ ਏਜੰਸੀਆਂ ਨੂੰ ਇਹ ਵਿਸ਼ਵਾਸ ਹੁੰਦਾ ਹੈ ਕਿ ਸਰਕਾਰ ਆਪਣੇ ਕਰਜ਼ ਨੂੰ ਚੁਕਾਉਣ ਦੀ ਸਥਿਤੀ ਵਿਚ ਹੈ।


author

Sanjeev

Content Editor

Related News