ਦੇਸ਼ ਦੀਆਂ ਨਜ਼ਰਾਂ ਹੁਣ 5ਜੀ ਤੋਂ ਅੱਗੇ, ਧਿਆਨ 6ਜੀ ਤੇ ਉਪਗ੍ਰਹਿ ਸੰਚਾਰ ’ਤੇ : ਸਿੰਧੀਆ

Thursday, Oct 09, 2025 - 12:06 AM (IST)

ਦੇਸ਼ ਦੀਆਂ ਨਜ਼ਰਾਂ ਹੁਣ 5ਜੀ ਤੋਂ ਅੱਗੇ, ਧਿਆਨ 6ਜੀ ਤੇ ਉਪਗ੍ਰਹਿ ਸੰਚਾਰ ’ਤੇ : ਸਿੰਧੀਆ

ਨਵੀਂ ਦਿੱਲੀ, (ਭਾਸ਼ਾ)- ਸੰਚਾਰ ਮੰਤਰੀ ਜੋਤਿਰਾਦਿੱਤਿਆ ਸਿੰਧੀਆ ਨੇ ਕਿਹਾ ਕਿ ਭਾਰਤ ਦੀਆਂ ਨਜ਼ਰਾਂ 5ਜੀ ਤੱਕ ਹੀ ਨਹੀਂ ਹਨ, ਸਗੋਂ ਹੁਣ ਧਿਆਨ 6ਜੀ ਅਤੇ ਉਪਗ੍ਰਹਿ ਸੰਚਾਰ ’ਤੇ ਹੈ। ਟੀਚਾ 6ਜੀ ਪੇਟੈਂਟ ਦਾ 10 ਫ਼ੀਸਦੀ ਹਾਸਲ ਕਰਨਾ ਹੈ। ਸਿੰਧੀਆ ਨੇ ਇੰਡੀਆ ਮੋਬਾਈਲ ਕਾਂਗਰਸ (ਆਈ. ਐੱਮ. ਸੀ.) 2025 ’ਚ ਆਪਣੇ ਸੰਬੋਧਨ ’ਚ ਕਿਹਾ ਕਿ ਭਾਰਤ ਅੱਜ ਗਲੋਬਲ ਮੰਚ ’ਤੇ ਇਕ ਡਿਜੀਟਲ ਲੀਡਰ ਵਜੋਂ ਉੱਭਰ ਰਿਹਾ ਹੈ।

ਮੰਤਰੀ ਨੇ ਭਾਰਤ ਦੇ ਇਕ ਆਤਮ-ਨਿਰਭਰ ਰਾਸ਼ਟਰ ਦੇ ਰੂਪ ’ਚ ਬਦਲਾਅ ਦਾ ਜ਼ਿਕਰ ਕਰਦੇ ਹੋਏ ਕਿਹਾ, ‘‘ਉਹ ਦਿਨ ਦੂਰ ਨਹੀਂ ਜਦੋਂ ਲੋਕ ਕਹਿਣਗੇ ਕਿ ਦੁਨੀਆ, ਭਾਰਤ ’ਤੇ ਨਿਰਭਰ ਹੈ। ਮੈਂ ਅੱਜ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਇੱਥੇ ਤਿਆਰ ਕਰੋ, ਇੱਥੇ ਹੱਲ ਕਰੋ, ਭਾਰਤ ਇਨੋਵੇਟ ਕਰਦਾ ਹੈ ਅਤੇ ਦੁਨੀਆ ਬਦਲਦੀ ਹੈ।’’ ਉਨ੍ਹਾਂ ਕਿਹਾ ਕਿ ਉਪਗ੍ਰਹਿ ਸੰਚਾਰ’ਚ ਅੱਜ ਵਿਸਥਾਰ ਹੋ ਰਿਹਾ ਹੈ, ਜ਼ਮੀਨ ਤੋਂ ਸਮੁੰਦਰ ਅਤੇ ਪੁਲਾੜ ਤੱਕ ਸੰਪਰਕ ਸਹੂਲਤ ਨੂੰ ਅੱਗੇ ਵਧਾ ਰਿਹਾ ਹੈ।

ਸਿੰਧੀਆ ਨੇ ਕਿਹਾ, ‘‘ਦੂਰਸੰਚਾਰ ਅਤੇ ਪ੍ਰਸਾਰਣ ਖੇਤਰ ’ਚ ਅੱਜ ਉਪਗ੍ਰਹਿ ਸੰਚਾਰ ਬਾਜ਼ਾਰ ਕਰੀਬ 4 ਅਰਬ ਡਾਲਰ ਦਾ ਹੈ, ਜੋ 2033 ਤੱਕ ਤਿੰਨ ਗੁਣਾ ਵਧ ਕੇ ਲੱਗਭਗ 15 ਅਰਬ ਡਾਲਰ ਹੋ ਜਾਵੇਗਾ। ਇਸ ਪੂਰੀ ਕ੍ਰਾਂਤੀ ਦੇ ਕੇਂਦਰ ’ਚ ਸਾਡੇ ਲੋਕ ਹਨ, ਆਉਣ ਵਾਲੇ ਦਿਨਾਂ ’ਚ ਭਾਰਤ ਦੁਨੀਆ ਦੀ ਸਭ ਤੋਂ ਵੱਡੀ ਡਿਜੀਟਲ ਕੁਸ਼ਲ ਸ਼ਕਤੀ ਬਣਨ ਜਾ ਰਿਹਾ ਹੈ।’’ ਸਿੰਧੀਆ ਨੇ ਕਿਹਾ ਕਿ ਭਾਰਤ ਦੀ ਇੱਛਾ ਹੁਣ 5ਜੀ ਤੋਂ ਵੀ ਅੱਗੇ ਤੱਕ ਹੈ। ਭਾਰਤ 6ਜੀ ਗੱਠਜੋੜ ਦਾ ਟੀਚਾ 10 ਫ਼ੀਸਦੀ ਪੇਟੈਂਟ ਹਾਸਲ ਕਰਨਾ ਹੈ। 6ਜੀ ਲਈ ਮਾਪਦੰਡ ਤੈਅ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਭਾਰਤ ਅੱਜ ਇਕ ਉਤਪਾਦ ਬਣਾਉਣ ਵਾਲਾ ਦੇਸ਼ ਹੈ, ਨਾ ਕਿ ਸਿਰਫ ਸੇਵਾ ਪ੍ਰਦਾਨ ਕਰਨ ਵਾਲਾ ਰਾਸ਼ਟਰ। ਸਿੰਧੀਆ ਨੇ ਕਿਹਾ, ‘‘ਪੀ. ਐੱਲ. ਆਈ. ਯੋਜਨਾ ( ਉਤਪਾਦਨ ਆਧਾਰਿਤ ਇਨਸੈਂਟਿਵ ਯੋਜਨਾ) ਦੇ ਨਾਲ ਪ੍ਰਧਾਨ ਮੰਤਰੀ ਦੇ ਸੰਕਲਪ ਦੇ ਨਤੀਜੇ ਵਜੋਂ ਅੱਜ ਲੱਗਭਗ 91,000 ਕਰੋੜ ਰੁਪਏ ਦਾ ਨਵਾਂ ਉਤਪਾਦਨ ਹੋਇਆ। 18,000 ਕਰੋੜ ਰੁਪਏ ਦੀ ਬਰਾਮਦ ਹੋਈ ਤੇ 30,000 ਨਵੇਂ ਰੋਜ਼ਗਾਰ ਪੈਦਾ ਹੋਏ ਹਨ।


author

Rakesh

Content Editor

Related News