AIR INDIA 'ਤੇ ਸਰਕਾਰ ਨੇ ਹੱਥ ਕੀਤੇ ਖੜ੍ਹੇ, ਕਿਹਾ- ਵਿਕੇਗੀ ਜਾਂ ਬੰਦ ਹੋਵੇਗੀ
Tuesday, Sep 15, 2020 - 09:00 PM (IST)
ਨਵੀਂ ਦਿੱਲੀ— ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਮੰਗਲਵਾਰ ਨੂੰ ਕਿਹਾ ਕਿ ਭਾਰੀ ਕਰਜ਼ੇ ਨਾਲ ਜੂਝ ਰਹੀ ਰਾਸ਼ਟਰੀ ਜਹਾਜ਼ ਸੇਵਾ ਕੰਪਨੀ ਏਅਰ ਇੰਡੀਆ ਲਿਮਟਿਡ ਨੂੰ ਲੈ ਕੇ ਭਾਰਤ ਸਰਕਾਰ ਕੋਲ ਇਸ ਦੇ ਨਿੱਜੀਕਰਨ ਜਾਂ ਇਸ ਨੂੰ ਬੰਦ ਕਰਨ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਹੈ।
ਉਨ੍ਹਾਂ ਕਿਹਾ ਕਿ ਰਾਸ਼ਟਰੀ ਜਹਾਜ਼ ਸੇਵਾ ਕੰਪਨੀ ਤਕਰੀਬਨ 60,000 ਕਰੋੜ ਰੁਪਏ ਦੇ ਕਰਜ਼ ਨਾਲ ਜੂਝ ਰਹੀ ਹੈ। ਪੁਰੀ ਨੇ ਕਿਹਾ, ''ਹਾਲਾਂਕਿ, ਸਾਨੂੰ ਪੂਰਾ ਵਿਸ਼ਵਾਸ ਹੈ ਕਿ ਏਅਰ ਇੰਡੀਆ ਨੂੰ ਨਵਾਂ ਮਾਲਕ ਮਿਲੇਗਾ, ਜਿਸ ਨਾਲ ਇਹ ਉਡਾਣ ਭਰਨਾ ਜਾਰੀ ਰੱਖੇਗੀ।''
ਇਹ ਵੀ ਪੜ੍ਹੋ- ਝਟਕਾ! ਕਾਰਾਂ 'ਤੇ ਭਾਰੀ ਭਰਕਮ ਟੈਕਸ ਤੋਂ ਪ੍ਰੇਸ਼ਾਨ ਟੋਇਟਾ ਮੋਟਰ ਦਾ ਵੱਡਾ ਫ਼ੈਸਲਾ ► 1,013 ਰੁ: ਮਹਿੰਗੀ ਹੋਈ ਚਾਂਦੀ, ਸੋਨੇ ਲਈ ਹੁਣ ਇੰਨੀ ਜੇਬ ਹੋਵੇਗੀ ਢਿੱਲੀ
ਉੱਥੇ ਹੀ, ਬਲੂਮਬਰਗ ਨੇ ਸੋਮਵਾਰ ਨੂੰ ਕਿਹਾ ਸੀ ਕਿ ਸਰਕਾਰ ਏਅਰ ਇੰਡੀਆ ਦੇ ਸਫਲ ਬੋਲੀਦਾਤਾ ਲਈ ਸ਼ਰਤਾਂ 'ਚ ਇਕ ਢਿੱਲ ਦੇਣ ਦਾ ਪ੍ਰਸਤਾਵ ਕਰ ਰਹੀ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਨਵੀਂ ਤਜਵੀਜ਼ ਤਹਿਤ ਸੰਭਾਵਿਤ ਖਰੀਦਦਾਰਾਂ ਨੂੰ ਇੰਟਰਪ੍ਰਾਈਜ ਵੈਲਿਊ 'ਤੇ ਬੋਲੀ ਲਾਉਣ ਦੀ ਇਜ਼ਾਜ਼ਤ ਦਿੱਤੀ ਜਾਏਗੀ ਨਾ ਕਿ ਇਕਾਈ ਦੇ ਮੁੱਲ 'ਤੇ। ਗੌਰਤਲਬ ਹੈ ਕਿ ਏਅਰ ਇੰਡੀਆ 'ਤੇ ਭਾਰੀ ਭਰਕਮ ਕਰਜ਼ ਦਾ ਬੋਝ ਹੋਣ ਕਾਰਨ ਸਰਕਾਰ ਨੂੰ ਇਸ ਨੂੰ ਚਲਾਉਣਾ ਮੁਸ਼ਕਲ ਹੋ ਰਿਹਾ ਹੈ। ਹੁਣ ਤੱਕ ਸਰਕਾਰ ਇਸ ਦੇ ਨਿੱਜੀਕਰਨ ਨੂੰ ਲੈ ਕੇ ਕਈ ਕੋਸ਼ਿਸ਼ਾਂ ਕਰ ਰਹੀ ਹੈ, ਤਾਂ ਜੋ ਇਸ ਨੂੰ ਚੱਲਦਾ ਰੱਖਿਆ ਜਾ ਸਕੇ। ਉੱਥੇ ਹੀ, ਦੇਸ਼ ਦੇ ਹਵਾਈ ਅੱਡਿਆਂ ਨੂੰ ਅਡਾਣੀ ਗਰੁੱਪ ਦੇ ਹੱਥਾਂ 'ਚ ਵੇਚਣ ਦੇ ਵਿਰੋਧੀ ਧਿਰਾਂ ਦੇ ਦੋਸ਼ਾਂ ਦੇ ਜਵਾਬ 'ਚ ਰਾਜ ਸਭ 'ਚ ਪੁਰੀ ਨੇ ਕਿਹਾ ਕਿ ਮੁੰਬਈ ਅਤੇ ਦਿੱਲੀ ਹਵਾਈ ਅੱਡੇ 'ਚ ਹਵਾਈ ਟ੍ਰੈਫਿਕ ਦਾ 33 ਫੀਸਦੀ ਹਿੱਸਾ ਹੈ, ਜਦੋਂ ਕਿ ਅਡਾਣੀ ਗਰੁੱਪ ਨੂੰ ਦਿੱਤੇ ਗਏ 6 ਹਵਾਈ ਅੱਡਿਆਂ ਦੇ ਕੁੱਲ ਟ੍ਰੈਫਿਕ 'ਚ ਸਿਰਫ 9 ਫੀਸਦੀ ਹਿੱਸੇਦਾਰੀ ਹੈ। ਉਨ੍ਹਾਂ ਕਿਹਾ ਕਿ ਅਡਾਣੀ ਗਰੁੱਪ ਨੇ ਨਿਲਾਮੀ 'ਚ ਹਵਾਈ ਅੱਡਿਆਂ ਦੇ ਸੰਚਾਲਨ ਦਾ ਅਧਿਕਾਰ ਹਾਸਲ ਕੀਤਾ ਹੈ।