ਭਾਰਤ ਵਪਾਰ ’ਚ ਵੀ ਬਣ ਸਕਦਾ ਹੈ ਵਿਸ਼ਵ ਗੁਰੂ : ਹੋਸਬੋਲੇ

Saturday, Apr 05, 2025 - 11:44 PM (IST)

ਭਾਰਤ ਵਪਾਰ ’ਚ ਵੀ ਬਣ ਸਕਦਾ ਹੈ ਵਿਸ਼ਵ ਗੁਰੂ : ਹੋਸਬੋਲੇ

ਮੁੰਬਈ (ਭਾਸ਼ਾ)- ਰਾਸ਼ਟਰੀ ਸਵੈਮ ਸੇਵਕ ਸੰਘ (ਆਰ. ਐੱਸ. ਐੱਸ.) ਦੇ ਜਨਰਲ ਸਕੱਤਰ ਦੱਤਾਤ੍ਰੇਯ ਹੋਸਬੋਲੇ ਨੇ ਕਿਹਾ ਹੈ ਕਿ ਭਾਰਤ ਦਰਸ਼ਨ ਦੇ ਨਾਲ-ਨਾਲ ਵਪਾਰ ਦੇ ਖੇਤਰ ’ਚ ਵੀ ‘ਵਿਸ਼ਵ ਗੁਰੂ’ ਬਣ ਸਕਦਾ ਹੈ।ਭਾਜਪਾ ਦੇ ਮੂਲ ਸੰਗਠਨ ਆਰ. ਐੱਸ. ਐੱਸ. ਦੇ ਸੀਨੀਅਰ ਨੇਤਾ ਹੋਸਬੋਲੇ ਨੇ ਸ਼ਨੀਵਾਰ ਨੈਸ਼ਨਲ ਸਟਾਕ ਐਕਸਚੇਂਜ ਦੀ ਸ਼ਿਸ਼ਟਾਚਾਰ ਫੇਰੀ ਦੌਰਾਨ ਕਿਹਾ ਕਿ ਕੋਈ ਵੀ ਦੇਸ਼ ਸਿਰਫ਼ ਭਰੋਸੇ ਅਤੇ ਪਾਰਦਰਸ਼ਤਾ ਦੇ ਆਧਾਰ ’ਤੇ ਹੀ ਵਧ-ਫੁੱਲ ਸਕਦਾ ਹੈ।
ਉਨ੍ਹਾਂ ਕਿਹਾ ਕਿ ਵਿਸ਼ਵ ਗੁਰੂ ਹੋਣ ਦਾ ਮਤਲਬ ਹੈ ਦੁਨੀਆ ਨੂੰ ਚੰਗੇ ਵਪਾਰਕ ਅਭਿਆਸਾਂ ਤੇ ਨੈਤਿਕਤਾ ਬਾਰੇ ਸਿਖਾਉਣਾ। ਉਨ੍ਹਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਲਾਏ ਗਏ ਜਵਾਬੀ ਟੈਰਿਫ ਕਾਰਨ ਵਿਸ਼ਵ ਵਪਾਰ ’ਚ ਮਚੀ ਉਥਲ-ਪੁਥਲ ਦਰਮਿਆਨ ਇਹ ਗੱਲ ਕਹੀ। ਉਨ੍ਹਾਂ ਕਿਹਾ ਕਿ ਇਸ ’ਚ ਕੰਮ ਵਾਲੀ ਥਾਂ, ਪਰਿਵਾਰ, ਸਿਆਸੀ ਖੇਤਰ ਤੇ ਵਿਗਿਆਨ ’ਚ ਚੰਗੇ ਅਭਿਆਸਾਂ ਬਾਰੇ ਗੱਲ ਕਰਨਾ ਵੀ ਸ਼ਾਮਲ ਹੈ।

ਸਟਾਕ ਮਾਰਕੀਟ ਵੱਲੋਂ ਵਰਤੇ ਜਾਂਦੇ ‘ਭਰੋਸੇ ਤੇ ਪਾਰਦਰਸ਼ਤਾ’ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਸਮਾਜ ਤੇ ਰਾਸ਼ਟਰ ਇਨ੍ਹਾਂ ਕਦਰਾਂ-ਕੀਮਤਾਂ ਦੀ ਤਾਕਤ ’ਤੇ ਵਧ-ਫੁੱਲ ਸਕਦੇ ਹਨ। ਭਾਰਤ ’ਚ ਵਪਾਰ ਦੀ ਇਕ ਲੰਬੀ ਪਰੰਪਰਾ ਹੈ। ਦੂਜੀ ਸਦੀ ਦੇ ਇਕ ਸ਼ਿਲਾਲੇਖ ’ਚ ਸਾੜੀ ਦਾ ਇਸ਼ਤਿਹਾਰ ਸੀ, ਜੋ ਔਰਤਾਂ ਨੂੰ ਇਹ ਸੁਨੇਹਾ ਦਿੰਦਾ ਸੀ ਕਿ ਉਨ੍ਹਾਂ ਦੇ ਪਤੀਆਂ ਨੂੰ ਉਨ੍ਹਾਂ ਦਾ ਕਿਹੜਾ ਪਹਿਰਾਵਾ ਸਭ ਤੋਂ ਵੱਧ ਪਸੰਦ ਆਵੇਗਾ।
ਨੈਸ਼ਨਲ ਸਟਾਕ ਐਕਸਚੇਂਜ ਦੀ ਪ੍ਰਸ਼ੰਸਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਭਾਰਤ ਦਾ ਉੱਚ ਆਰਥਿਕ ਵਿਕਾਸ ਤੇ ਲੋਕਾਂ ਦੇ ਵਤੀਰੇ ’ਚ ਤਬਦੀਲੀ ਐਕਸਚੇਂਜ ਵਰਗੇ ਅਦਾਰਿਆਂ ਕਾਰਨ ਹੈ। ਉਨ੍ਹਾਂ ਸਾਈਬਰ ਹਮਲਿਆਂ ਦੇ ਖਤਰਨਾਕ ਇਰਾਦੇ ਨੂੰ ਅਸਫਲ ਕਰਨ ਲਈ ਪ੍ਰਣਾਲੀ ਸਥਾਪਤ ਕਰਨ ਲਈ ਨੈਸ਼ਨਲ ਸਟਾਕ ਐਕਸਚੇਂਜ ਦੀ ਪ੍ਰਸ਼ੰਸਾ ਕੀਤੀ।
ਹਰ ਖੇਤਰ ’ਚ ਫਰੰਟ ਲਾਈਨ ਸਈ ਯੋਧਿਆਂ ਦੀ ਹੁੰਦੀ ਹੈ ਲੋੜ
ਦੱਤਾਤ੍ਰੇਯ ਹੋਸਬੋਲੇ ਨੇ ਕਿਹਾ ਕਿ ਅਰਥਵਿਵਸਥਾ ਨੂੰ ਡਾਵਾਂਡੋਲ ਕਰਨ ਲਈ ਸਾਈਬਰ ਹਮਲਾ, ਰਸਾਇਣਕ ਹਮਲਾ ਜਾਂ ਇੱਥੋਂ ਤੱਕ ਕਿ ਵਾਇਰਸ ਹਮਲਾ ਵੀ ਹੋ ਸਕਦਾ ਹੈ। ਸਾਨੂੰ ਹਰ ਖੇਤਰ ’ਚ ਫਰੰਟ ਲਾਈਨ ਸਈ ਯੋਧਿਆਂ ਦੀ ਲੋੜ ਹੈ। ਕਿਸੇ ਵੀ ਖੇਤਰ ’ਚ ਭਾਰਤ ਦੀ ਸੁਰੱਖਿਆ ਲਈ ਨੁਕਸਾਨਦੇਹ ਕਿਸੇ ਵੀ ਚੀਜ਼ ਵਿਰੁੱਧ ਦੇਸ਼ ਨੂੰ ਮਜ਼ਬੂਤ ​​ਕਰਨ ਦੀ ਸ਼ਕਤੀ ਲੋਕਾਂ ’ਚ ਹੈ।


author

DILSHER

Content Editor

Related News