ਭਾਰਤ ਦੀ ਅਰਥਵਿਵਸਥਾ ’ਤੇ ਟੀਚੇ ਦੀ ਸਮਾਂ-ਹੱਦ ਦੱਸਣਾ ਮੁਸ਼ਕਿਲ : ਰਜਨੀਸ਼ ਕੁਮਾਰ
Saturday, Jan 04, 2020 - 11:10 PM (IST)

ਹੈਦਰਾਬਾਦ(ਭਾਸ਼ਾ)-ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਦੇ ਚੇਅਰਮੈਨ ਰਜਨੀਸ਼ ਕੁਮਾਰ ਨੇ ਕਿਹਾ ਕਿ ਭਾਰਤ 5000 ਅਰਬ ਡਾਲਰ ਦੀ ਅਰਥਵਿਵਸਥਾ ਬਣ ਸਕਦਾ ਹੈ ਪਰ ਇਹ ਟੀਚਾ ਕਦੋਂ ਹਾਸਲ ਹੋਵੇਗਾ ਇਸ ਦੀ ਸਮਾਂ-ਹੱਦ ਦੱਸਣਾ ਮੁਸ਼ਕਿਲ ਹੈ। ਇਹ ਟੀਚਾ 2024-25 ਤੱਕ ਹਾਸਲ ਹੋਵੇਗਾ ਜਾਂ ਨਹੀਂ, ਇਸ ਬਾਰੇ ’ਚ ਉਨ੍ਹਾਂ ਕੁਝ ਨਹੀਂ ਕਿਹਾ। ਸਰਕਾਰ ਨੇ ਹਾਲਾਂਕਿ ਦੇਸ਼ ਨੂੰ 2024-25 ਤੱਕ 5000 ਅਰਬ ਡਾਲਰ ਦੀ ਅਰਥਵਿਵਸਥਾ ਬਣਾਉਣ ਦਾ ਟੀਚਾ ਰੱਖਿਆ ਹੈ।
ਕੁਮਾਰ ਨੇ ਫਿੱਕੀ ਵੱਲੋਂ ਆਯੋਜਿਤ ਇਕ ਪ੍ਰੋਗਰਾਮ ’ਚ ਕਿਹਾ ਕਿ ਇਸ ਟੀਚੇ ਨੂੰ ਹਾਸਲ ਕਰਨ ਲਈ ਵੱਡੇ ਪੱਧਰ ’ਤੇ ਨਿੱਜੀ ਨਿਵੇਸ਼ ਹੋਣਾ ਜ਼ਰੂਰੀ ਹੈ। ਫਿੱਕੀ ਦੀ ਚੇਅਰਪਰਸਨ ਸੰਗੀਤਾ ਰੈੱਡੀ ਨੇ ਕਿਹਾ ਕਿ ਅਰਥਵਿਵਸਥਾ ’ਚ ਸੁਸਤੀ ਹੈ ਅਤੇ ਅਜਿਹੇ ’ਚ ਧਾਰਨਾ ਸੁਧਾਰਨ ਲਈ ਸਰਕਾਰ ਨੂੰ 1-2 ਲੱਖ ਕਰੋਡ਼ ਰੁਪਏ ਬਾਜ਼ਾਰ ’ਚ ਪਾਉਣ ਦੀ ਜ਼ਰੂਰਤ ਹੈ।
ਉਨ੍ਹਾਂ ਕਿਹਾ ਕਿ 5000 ਅਰਬ ਡਾਲਰ ਦੀ ਅਰਥਵਿਵਸਥਾ ਦੇ ਟੀਚੇ ਨੂੰ ਇਕੱਲੇ ਸਰਕਾਰੀ ਜਾਂ ਇਕੱਲੇ ਨਿੱਜੀ ਨਿਵੇਸ਼ ਦੇ ਦਮ ’ਤੇ ਹਾਸਲ ਨਹੀਂ ਕੀਤਾ ਜਾ ਸਕਦਾ ਹੈ। ਇਸ ਨੂੰ ਹਾਸਲ ਕਰਨ ਲਈ ਦੋਵਾਂ ਨੂੰ ਇਕੱਠੇ ਹੱਥ ਮਿਲਾਉਣ ਦੀ ਜ਼ਰੂਰਤ ਹੈ।