ਚੀਨ ਨੂੰ ਪਛਾੜ ਕੇ ਦੁਨੀਆ ਦਾ ਦੂਜਾ ਸਭ ਤੋਂ ਵੱਡਾ IPO ਬਾਜ਼ਾਰ ਬਣਿਆ ਭਾਰਤ
Sunday, Nov 10, 2024 - 05:39 AM (IST)
ਨਵੀਂ ਦਿੱਲੀ - ਸਾਲ 2024 ’ਚ ਭਾਰਤ ਦੇ ਆਈ. ਪੀ. ਓ. (ਇਨੀਸ਼ੀਅਲ ਪਬਲਿਕ ਆਫਰ) ਬਾਜ਼ਾਰ ਨੇ ਇਕ ਨਵਾਂ ਰਿਕਾਰਡ ਬਣਾਇਆ ਹੈ ਅਤੇ ਹੁਣ ਇਹ ਅਮਰੀਕਾ ਤੋਂ ਬਾਅਦ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਆਈ. ਪੀ. ਓ. ਬਾਜ਼ਾਰ ਬਣ ਚੁੱਕਿਆ ਹੈ। ਇਸ ਸਾਲ ਹੁਣ ਤੱਕ ਭਾਰਤੀ ਕੰਪਨੀਆਂ ਨੇ ਆਈ. ਪੀ. ਓ. ਰਾਹੀਂ ਕੁੱਲ 1.19 ਲੱਖ ਕਰੋੜ ਰੁਪਏ ਜੁਟਾਏ ਹਨ, ਜੋ 2021 ’ਚ ਬਣੇ ਪਹਿਲਾਂ ਦੇ ਰਿਕਾਰਡ 1.18 ਲੱਖ ਕਰੋੜ ਰੁਪਏ ਤੋਂ ਵੀ ਜ਼ਿਆਦਾ ਹੈ।
ਉਥੇ ਹੀ ਅਮਰੀਕਾ ’ਚ ਇਸ ਸਾਲ ਕੰਪਨੀਆਂ ਨੇ 26.3 ਬਿਲੀਅਨ ਡਾਲਰ (ਲੱਗਭਗ 2 ਲੱਖ ਕਰੋੜ ਰੁਪਏ) ਜੁਟਾਏ ਹਨ, ਜੋ ਕਿ ਸਭ ਤੋਂ ਜ਼ਿਆਦਾ ਹੈ। ਭਾਰਤ ਨੇ ਇਸ ਸਾਲ ਦੁਨੀਆ ਦੇ ਤੀਸਰੇ ਸਭ ਤੋਂ ਵੱਡੇ ਆਈ. ਪੀ. ਓ. ਬਾਜ਼ਾਰ ਚੀਨ ਨੂੰ ਵੀ ਪਛਾੜ ਦਿੱਤਾ ਹੈ, ਜਿੱਥੇ ਕੰਪਨੀਆਂ 10.7 ਬਿਲੀਅਨ ਡਾਲਰ (ਕਰੀਬ 88 ਹਜ਼ਾਰ ਕਰੋੜ ਰੁਪਏ) ਹੀ ਜੁਟਾ ਸਕੀਆਂ ਹਨ।
ਸਵਿੱਗੀ ਦੇ 11,300 ਕਰੋੜ ਰੁਪਏ ਦੇ ਆਈ. ਪੀ. ਓ. ਅਤੇ ਏ. ਸੀ. ਐੱਮ. ਈ. ਸੋਲਰ ਦੇ 2,900 ਕਰੋੜ ਰੁਪਏ ਦੇ ਆਫਰ ਫਾਰ ਸੇਲ (ਓ. ਐੱਫ. ਐੱਸ.) ਦੇ ਨਾਲ ਭਾਰਤ ਦੇ ਪ੍ਰਾਈਮਰੀ ਬਾਜ਼ਾਰ ਨੇ ਇਕ ਨਵਾਂ ਮੀਲ-ਪੱਥਰ ਸਥਾਪਿਤ ਕੀਤਾ। ਹੁਣ ਤੱਕ 2024 ’ਚ ਆਈ. ਪੀ. ਓ. ਰਾਹੀਂ ਜੁਟਾਈ ਗਈ ਰਕਮ 1.19 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਹੋ ਚੁੱਕੀ ਹੈ ਅਤੇ ਦਸੰਬਰ ਤੱਕ ਕਈ ਹੋਰ ਆਈ. ਪੀ. ਓ. ਜਾਰੀ ਹੋਣ ਦੀ ਉਮੀਦ ਹੈ, ਜਿਸ ਨਾਲ ਇਹ ਅੰਕੜਾ ਹੋਰ ਵਧ ਸਕਦਾ ਹੈ।
ਡੀਮੈਟ ਖਾਤਿਆਂ ’ਚ ਰਿਕਾਰਡ ਵਾਧਾ
2024 ਦੇ ਅਕਤੂਬਰ ਮਹੀਨੇ ’ਚ ਭਾਰਤ ’ਚ ਡੀਮੈਟ ਖਾਤਿਆਂ ਦੀ ਕੁੱਲ ਗਿਣਤੀ 179 ਮਿਲੀਅਨ (17.9 ਕਰੋੜ) ਤੱਕ ਪਹੁੰਚ ਗਈ ਹੈ। ਇਸ ਸਾਲ ’ਚ ਲੱਗਭਗ 35 ਮਿਲੀਅਨ (3.5 ਕਰੋੜ) ਨਵੇਂ ਡੀਮੈਟ ਖਾਤੇ ਖੋਲ੍ਹੇ ਗਏ ਹਨ, ਜਿਸ ਨਾਲ ਆਈ. ਪੀ. ਓ. ਬਾਜ਼ਾਰ ’ਚ ਰਿਟੇਲ ਅਤੇ ਐੱਚ. ਐੱਨ. ਆਈ. ਨਿਵੇਸ਼ਕਾਂ ਦੀ ਗਿਣਤੀ ’ਚ ਲਗਾਤਾਰ ਵਾਧਾ ਹੋ ਰਿਹਾ ਹੈ। ਇਹ ਪੂਰੀ ਰਿਪੋਰਟ ਵਿਖਾਉਂਦੀ ਹੈ ਕਿ ਭਾਰਤੀ ਆਈ. ਪੀ. ਓ. ਬਾਜ਼ਾਰ ਆਪਣੀ ਮਜ਼ਬੂਤੀ ਅਤੇ ਨਿਵੇਸ਼ਕਾਂ ਦੇ ਭਰੋਸੇ ਦੇ ਨਾਲ ਇਕ ਨਵੀਂ ਉਚਾਈ ਵੱਲ ਵਧ ਰਿਹਾ ਹੈ।