ਭਾਰਤ ਅਤੇ ਯੂ. ਏ. ਈ. ਦਾ 2030 ਤੱਕ ਗੈਰ-ਤੇਲ ਵਪਾਰ ਨੂੰ 100 ਅਰਬ ਡਾਲਰ ਤੱਕ ਪਹੁੰਚਾਉਣ ਦਾ ਟੀਚਾ

Tuesday, Jun 13, 2023 - 10:19 AM (IST)

ਭਾਰਤ ਅਤੇ ਯੂ. ਏ. ਈ. ਦਾ 2030 ਤੱਕ ਗੈਰ-ਤੇਲ ਵਪਾਰ ਨੂੰ 100 ਅਰਬ ਡਾਲਰ ਤੱਕ ਪਹੁੰਚਾਉਣ ਦਾ ਟੀਚਾ

ਨਵੀਂ ਦਿੱਲੀ (ਭਾਸ਼ਾ) - ਵਪਾਰ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਨੇ ਸੋਮਵਾਰ ਨੂੰ ਕਿਹਾ ਕਿ ਭਾਰਤ ਅਤੇ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਨੇ ਆਪਣੇ ਗੈਰ-ਤੇਲ ਦੋਪੱਖੀ ਵਪਾਰ ਨੂੰ ਸਾਲ 2030 ਤੱਕ 100 ਅਰਬ ਡਾਲਰ ’ਤੇ ਲਿਜਾਣ ਦਾ ਇਰਾਦਾ ਪ੍ਰਗਟਾਇਆ ਹੈ। ਫਿਲਹਾਲ ਦੋਵੇਂ ਦੇਸ਼ਾਂ ਦਰਮਿਆਨ ਪੈਟਰੋਲੀਅਮ ਉਤਪਾਦਾਂ ਤੋਂ ਵੱਖ ਦੋਪੱਖੀ ਵਪਾਰ 48 ਅਰਬ ਡਾਲਰ ਹੈ। ਭਾਰਤ ਅਤੇ ਯੂ. ਏ. ਈ. ਦਰਮਿਆਨ ਪਿਛਲੇ ਸਾਲ ਇਕ ਮਈ ਤੋਂ ਲਾਗੂ ਹੋਏ ਵਿਆਪਕ ਆਰਥਿਕ ਭਾਈਵਾਲੀ ਸਮਝੌਤੇ (ਸੀ. ਈ. ਪੀ. ਏ.) ਦੀ ਜੁਆਇੰਟ ਕਮੇਟੀ ਦੀ ਪਹਿਲੀ ਬੈਠਕ ’ਚ ਗੈਰ-ਤੇਲ ਵਪਾਰ ਨੂੰ ਵਧਾਉਣ ਦੇ ਟੀਚੇ ’ਤੇ ਸਹਿਮਤੀ ਪ੍ਰਗਟਾਈ ਗਈ।

ਗੋਇਲ ਨੇ ਸਾਂਝੀ ਕਮੇਟੀ ਦੀ ਬੈਠਕ ਤੋਂ ਬਾਅਦ ਕਿਹਾ ਕਿ ਅਸੀਂ ਮਿਲ ਕੇ ਇਹ ਤੈਅ ਕੀਤਾ ਹੈ ਕਿ ਹੁਣ ਸਾਨੂੰ ਵਧੇਰੇ ਅਭਿਲਾਸ਼ੀ ਹੋਣਾ ਚਾਹੀਦਾ ਹੈ, ਇਸ ਲਈ ਸਾਲ 2030 ਤੱਕ ਕੁੱਲ ਦੋਪੱਖੀ ਵਪਾਰ ਨੂੰ 100 ਅਰਬ ਡਾਲਰ ਤੱਕ ਲਿਜਾਣ ਦੇ ਪਿਛਲੇ ਟੀਚੇ ਦੀ ਥਾਂ ਹੁਣ ਅਸੀਂ ਗੈਰ-ਪੈਟਰੋਲੀਅਮ ਕਾਰੋਬਾਰ ਨੂੰ ਹੀ 2030 ਤੱਕ 100 ਅਰਬ ਡਾਲਰ ਤੱਕ ਪਹੁੰਚਾਉਣਾ ਚਾਹਾਂਗੇ। ਇਸ ਤਰ੍ਹਾਂ 7 ਸਾਲਾਂ ’ਚ ਗੈਰ-ਪੈਟਰੋਲੀਅਮ ਕਾਰੋਬਾਰ ਨੂੰ ਦੁੱਗਣੇ ਤੋਂ ਵੀ ਵੱਧ ਕਰਨ ਦਾ ਇਰਾਦਾ ਹੈ।

ਰੁਪਏ-ਦਿਰਹਮ ’ਚ ਵਪਾਰ ਲਈ ਗੱਲਬਾਤ ’ਚ ਜ਼ਿਕਰਯੋਗ ਤਰੱਕੀ ਹੋਈ
ਭਾਰਤ ਅਤੇ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਦੇ ਕੇਂਦਰੀ ਬੈਂਕਾਂ ਦਰਮਿਆਨ ਰੁਪਏ ਅਤੇ ਦਿਰਹਮ ਵਿਚ ਦੋਪੱਖੀ ਵਪਾਰ ਨੂੰ ਉਤਸ਼ਾਹਿਤ ਕਰਨ ਲਈ ਗੱਲਬਾਤ ਕਾਫੀ ‘ਤੇਜ਼ੀ’ ਨਾਲ ਅੱਗੇ ਵਧ ਰਹੀ ਹੈ। ਵਪਾਰ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਨੇ ਇਹ ਜਾਣਕਾਰੀ ਦਿੱਤੀ। ਇਸ ਕਦਮ ਨਾਲ ਦੋਪੱਖੀ ਵਪਾਰ ’ਚ ਲੈਣ-ਦੇਣ ਦੀ ਲਾਗਤ ਘਟੇਗੀ।

ਗੋਇਲ ਨੇ ਕਿਹਾ ਕਿ ਦੋਵੇਂ ਦੇਸ਼ਾਂ ਦੇ ਚੋਟੀ ਦੇ ਨੇਤਾ ਤੇਜੀ਼ ਨਾਲ ਫ਼ੈਸਲਾ ਲੈਣ ਵਾਲੇ ਹਨ। ਅਜਿਹੇ ’ਚ ਅਸੀਂ ਛੇਤੀ ਹੀ ਚੰਗੇ ਨਤੀਜਿਆਂ ਦੀ ਉਮੀਦ ਕਰ ਸਕਦੇ ਹਾਂ। ਭਾਰਤ ਅਤੇ ਯੂ. ਏ. ਈ. ਦਰਮਿਆਨ ਫ੍ਰੀ ਟਰੇਡ ਐਗਰੀਮੈਂਟ (ਐੱਫ. ਟੀ. ਏ.) ਪਿਛਲੇ ਸਾਲ ਮਈ ਤੋਂ ਲਾਗੂ ਹੋਇਆ। ਐੱਫ. ਟੀ. ਏ. ਨਾਲ ਦੋਪੱਖੀ ਵਪਾਰ ਅਤੇ ਆਰਥਿਕ ਸਬੰਧਾਂ ਨੂੰ ਮਜ਼ਬੂਤੀ ਮਿਲੇਗੀ। ਗੋਇਲ ਨੇ ਕਿਹਾ ਕਿ ਦੋਵੇਂ ਦੇਸ਼ਾਂ ਦੇ ਕੇਂਦਰੀ ਬੈਂਕ ਮਿਆਰੀ ਸੰਚਾਲਨ ਪ੍ਰਕਿਰਿਆ (ਐੱਸ. ਓ. ਪੀ.) ਅਤੇ ਤੌਰ-ਤਰੀਕਿਆਂ ’ਤੇ ਗੱਲਬਾਤ ਕਰ ਰਹੇ ਹਨ। ਗੋਇਲ ਨੇ ਕਿਹਾ ਕਿ ਇਹ ਗੱਲਬਾਤ ਮਾਰਚ, 2022 ਵਿਚ ਸ਼ੁਰੂ ਹੋਈ ਸੀ ਅਤੇ ਹੁਣ ਇਸ ਨੂੰ ਇਕ ਸਾਲ ਤੋਂ ਵੱਧ ਹੋ ਗਿਆ ਹੈ। ਦੋਵੇਂ ਦੇਸ਼ਾਂ ਨੇ ਇਸ ਬਾਰੇ ਜ਼ਿਕਰਯੋਗ ਤਰੱਕੀ ਕੀਤੀ ਹੈ।


author

rajwinder kaur

Content Editor

Related News