ਭਾਰਤ ਨੇ ‘ਟੈਰਿਫ-ਰੇਟ ਕੋਟਾ’ ਦੇ ਤਹਿਤ ਅਮਰੀਕਾ ਨੂੰ 8,424 ਟਨ ਕੱਚੀ ਖੰਡ ਦੀ ਬਰਾਮਦ ਦੀ ਇਜਾਜ਼ਤ ਦਿੱਤੀ
Saturday, Oct 16, 2021 - 11:59 AM (IST)
ਨਵੀਂ ਦਿੱਲੀ (ਭਾਸ਼ਾ) – ਸਰਕਾਰ ਨੇ ਸ਼ੁੱਕਰਵਾਰ ਨੂੰ ਅਮਰੀਕਾ ਨੂੰ ‘ਟੈਰਿਫ-ਰੇਟ ਕੋਟਾ’ (ਟੀ. ਆਰ. ਕਿਊ.) ਦੇ ਤਹਿਤ 8424 ਟਨ ਕੱਚੀ ਜਾਂ ਸਫੈਦ ਖੰਡ ਦੀ ਬਰਾਮਦ ਦੀ ਇਜਾਜ਼ਤ ਦਿੱਤੀ ਹੈ। ਇਸ ਨਾਲ ਇਸ ਬਰਾਮਦ ਦੀ ਖੇਪ ’ਤੇ ਉਮੀਦ ਤੋਂ ਘੱਟ ਟੈਕਸ ਲੱਗੇਗਾ। ਟੀ. ਆਰ. ਕਿਊ. ਨਿਰਧਾਰਤ ਵਸਤੂ ਦੀ ਬਰਾਮਦ ਦੀ ਇਕ ਨਿਸ਼ਚਿਤ ਮਾਤਰਾ ਦਾ ਕੋਟਾ ਹੈ, ਜਿਸ ’ਤੇ ਅਮਰੀਕਾ ’ਚ ਜਾਣ ’ਤੇ ਉਮੀਦ ਤੋਂ ਘੱਟ ਟੈਕਸ ਲਗਦਾ ਹੈ। ਕੋਟਾ ਪੂਰਾ ਹੋਣ ਤੋਂ ਬਾਅਦ ਵਾਧੂ ਦਰਾਮਦ ’ਤੇ ਕਿਤੇ ਵੱਧ ਟੈਕਸ ਲਾਗੂ ਹੁੰਦਾ ਹੈ।
ਡਾਇਰੈਕਟੋਰੇਟ ਜਨਰਲ ਆਫ ਫਾਰੇਨ ਟ੍ਰੇਡ (ਡੀ. ਜੀ. ਐੱਫ. ਟੀ.) ਨੇ ਇਕ ਜਨਤਕ ਸੂਚਨਾ ’ਚ ਕਿਹਾ ਕਿ ਇਕ ਅਕਤੂਬਰ ਤੋਂ 30 ਸਤੰਬਰ 2022 ਤੱਕ ਟੀ. ਆਰ. ਕਿਊ. ਯੋਜਨਾ ਦੇ ਤਹਿਤ ਅਮਰੀਕਾ ਨੂੰ ਬਰਾਮਦ ਕੀਤੀ ਜਾਣ ਵਾਲੀ 8,424 ਟਨ ਖੰਡ (ਕੱਚੀ ਜਾਂ ਸਫੈਦ ਖੰਡ) ਦੀ ਮਤਾਰਾ ਨੂੰ ਨੋਟੀਫਾਈ ਕੀਤਾ ਗਿਆ ਹੈ। ਭਾਰਤ ਨੂੰ ਇਸ ਤਰਜੀਹੀ ਕੋਟਾ ਵਿਵਸਥਾਤਹਿਤ ਅਮਰੀਕਾ ਨੂੰ ਸਾਲਾਨਾ 10,000 ਟਨ ਤੱਕ ਟੈਕਸ ਫ੍ਰੀ ਖੰਡ ਬਰਾਮਦ ਦੀ ਛੋਟ ਮਿਲਦੀ ਹੈ।
ਦੁਨੀਆ ’ਚ ਖੰਡ ਦਾ ਦੂਜਾ ਸਭ ਤੋਂ ਵੱਡਾ ਉਤਪਾਦਕ ਅਤੇ ਸਭ ਤੋਂ ਵੱਡਾ ਖਪਤਕਾਰ ਦੇਸ਼ ਭਾਰਤ ਦਾ ਯੂਰਪੀ ਸੰਘ ਨਾਲ ਵੀ ਖੰਡ ਬਰਾਮਦ ਲਈ ਇਕ ਤਰਜੀਹੀ ਕੋਟਾ ਵਿਵਸਥਾ ਹੈ। ਬਿਹਤਰ ਮੰਗ ਅਤੇ ਸਰਕਾਰ ਤੋਂ ਮਿਲਣ ਵਾਲੀ ਵਿੱਤੀ ਮਦਦ ਕਾਰਨ ਪਿਛਲੇ ਮਹੀਨੇ ਸਮਾਪਤ ਹੋਏ 2020-21 ਦੇ ਮਾਰਕੀਟਿੰਗ ਸਾਲ ’ਚ ਦੇਸ਼ ਦੀ ਖੰਡ ਬਰਾਮਦ 20 ਫੀਸਦੀ ਵਧ ਕੇ 71 ਲੱਖ ਟਨ ਹੋ ਗਈ। ਮਾਰਕੀਟਿੰਗ ਸਾਲ 2019-20 ’ਚ ਖੰਡ ਦੀ ਬਰਾਮਦ 59 ਲੱਖ ਟਨ ਰਹੀ। ਇੰਡੀਅਨ ਸ਼ੂਗਰ ਮਿਲਜ਼ ਐਸੋਸੀਏਸ਼ਨ (ਇਸਮਾ) ਮੁਤਾਬਕ ਮਾਰਕੀਟਿੰਗ ਸਾਲ 2021-22 ’ਚ ਖੰਡ ਦਾ ਉਤਪਾਦਨ 3.1 ਕਰੋੜ ਟਨ ਰਹਿਣ ਦਾ ਅਨੁਮਾਨ ਹੈ।