''ਭਾਰਤ ਦਾ ਸਟੀਲ ਉਤਪਾਦਨ 18 ਫੀਸਦੀ ਵੱਧ ਕੇ 12 ਕਰੋੜ ਟਨ ਹੋ ਜਾਵੇਗਾ''

Sunday, Sep 05, 2021 - 12:01 PM (IST)

ਨਵੀਂ ਦਿੱਲੀ- ਦੇਸ਼ ਦਾ ਕੱਚਾ ਸਟੀਲ ਉਤਪਾਦਨ ਮੌਜੂਦਾ ਵਿੱਤੀ ਸਾਲ 2021-22 ਦੇ ਅੰਤ ਤੱਕ 18 ਫੀਸਦੀ ਵੱਧ ਕੇ 12 ਕਰੋੜ ਟਨ ਹੋ ਜਾਵੇਗਾ। ਸਟੀਲ ਰਾਜ ਮੰਤਰੀ ਫੱਗਨ ਸਿੰਘ ਕੁਲਸਤੇ ਨੇ ਇਹ ਉਮੀਦ ਪ੍ਰਗਟ ਕੀਤੀ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਵਿੱਤੀ ਸਾਲ ਵਿਚ ਸਟੀਲ ਦੀ ਮੰਗ 10 ਕਰੋੜ ਟਨ ਰਹਿਣ ਦੀ ਉਮੀਦ ਹੈ। ਪਿਛਲੇ ਵਿੱਤੀ ਸਾਲ 2020-21 ਵਿਚ ਭਾਰਤ ਦਾ ਕੱਚੇ ਸਟੀਲ ਦਾ ਉਤਪਾਦਨ 10.2 ਕਰੋੜ ਟਨ ਰਿਹਾ ਸੀ। ਇਹ ਪਿਛਲੇ ਵਿੱਤੀ ਸਾਲ 2019-20 ਦੇ ਮੁਕਾਬਲੇ 6.1 ਫੀਸਦੀ ਦੀ ਗਿਰਾਵਟ ਹੈ।


ਪਿਛਲੇ ਵਿੱਤੀ ਸਾਲ ਵਿਚ ਕੋਵਿਡ -19 ਮਹਾਮਾਰੀ ਅਤੇ ਇਸ ਕਾਰਨ ਲਗਾਈ ਗਈ ਦੇਸ਼ ਵਿਆਪੀ ਤਾਲਾਬੰਦੀ ਕਾਰਨ ਸਟੀਲ ਸੈਕਟਰ ਦਾ ਉਤਪਾਦਨ ਪ੍ਰਭਾਵਿਤ ਹੋਇਆ ਸੀ। ਕੁਲਸਤੇ ਨੇ ਮੌਜੂਦਾ ਵਿੱਤੀ ਸਾਲ ਦੇ ਉਤਪਾਦਨ ਅਨੁਮਾਨਾਂ ਨੂੰ ਸਾਂਝਾ ਕਰਦੇ ਹੋਏ ਕਿਹਾ, "ਅਪ੍ਰੈਲ-ਜੁਲਾਈ, 2021 ਵਿਚ ਦੇਸ਼ ਦਾ ਕੱਚੇ ਸਟੀਲ ਉਤਪਾਦਨ 44.6 ਫੀਸਦੀ ਵੱਧ ਕੇ 3.75 ਕਰੋੜ ਟਨ ਤੋਂ ਵੱਧ ਰਿਹਾ। ਇਸ ਨਾਲ ਮੈਨੂੰ ਵਿਸ਼ਵਾਸ ਹੈ ਕਿ ਮੌਜੂਦਾ ਵਿੱਤੀ ਸਾਲ ਵਿਚ ਅਸੀਂ 11.5 ਤੋਂ 12 ਕਰੋੜ ਟਨ ਦਾ ਉਤਪਾਦਨ ਪ੍ਰਾਪਤ ਕਰ ਸਕਾਂਗੇ।" 

ਰਾਸ਼ਟਰੀ ਸਟੀਲ ਨੀਤੀ -2017 ਦੇ ਤਹਿਤ, ਸਰਕਾਰ ਨੇ 2030-31 ਤੱਕ 30 ਕਰੋੜ ਟਨ ਦਾ ਸਟੀਲ ਉਤਪਾਦਨ ਟੀਚਾ ਰੱਖਿਆ ਹੈ। ਕੁਲਸਤੇ ਨੇ ਕਿਹਾ ਕਿ ਸਰਕਾਰ ਨੇ 100 ਕਰੋੜ ਰੁਪਏ ਦੀ ਰਾਸ਼ਟਰੀ ਬੁਨਿਆਦੀ ਢਾਂਚਾ ਪਾਈਪਲਾਈਨ (ਐੱਨ. ਆਈ. ਪੀ.) ਦਾ ਐਲਾਨ ਕੀਤਾ ਹੈ। ਇਸ ਤਹਿਤ ਦੇਸ਼ ਭਰ ਵਿਚ ਅਜਿਹੇ ਕਈ ਪ੍ਰਾਜੈਕਟ ਲਾਗੂ ਕੀਤੇ ਜਾਣਗੇ ਜਿਨ੍ਹਾਂ ਵਿਚ ਸਟੀਲ ਦੀ ਵੱਡੀ ਮਾਤਰਾ ਵਿੱਚ ਵਰਤੋਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ, ਭਾਰਤਮਾਲਾ, ਸਾਗਰਮਾਲਾ ਅਤੇ ਢੁਆਈ ਕਾਰੀਡੋਰ ਵਰਗੇ ਬੁਨਿਆਦੀ ਢਾਂਚੇ ਦੇ ਪ੍ਰਾਜੈਕਟ ਪਹਿਲਾਂ ਹੀ ਚੱਲ ਰਹੇ ਹਨ। ਇਸ ਨਾਲ ਦੇਸ਼ ਵਿਚ ਸਟੀਲ ਦੀ ਮੰਗ ਵਧੇਗੀ।
 


Sanjeev

Content Editor

Related News