ਭਾਰਤ ਦੇ ਸੇਵਾ ਖੇਤਰ ਦੀ ਵਾਧਾ ਦਰ ਜੂਨ ’ਚ ਸੁਸਤ ਹੋ 3 ਮਹੀਨਿਆਂ ਦੇ ਹੇਠਲੇ ਪੱਧਰ ’ਤੇ ਪੁੱਜੀ : PMI
Wednesday, Jul 05, 2023 - 05:42 PM (IST)
ਨਵੀਂ ਦਿੱਲੀ (ਭਾਸ਼ਾ) - ਭਾਰਤ ’ਚ ਸੇਵਾ ਖੇਤਰ ਦੀ ਵਾਧਾ ਦਰ ਜੂਨ ’ਚ ਸੁਸਤ ਪੈ ਕੇ ਤਿੰਨ ਮਹੀਨਿਆਂ ਦੇ ਹੇਠਲੇ ਪੱਧਰ ’ਤੇ ਆ ਗਈ ਹੈ। ਇਕ ਮਾਸਿਕ ਸਰਵੇਖਣ ’ਚ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ ਹੈ। ਹਾਲਾਂਕਿ ਭਾਰਤੀ ਸਰਵਿਸ ਪ੍ਰੋਵਾਈਡਰ ਲਗਾਤਾਰ ਹਾਂ ਪੱਖੀ ਮੰਗ ਦੇ ਰੁਝਾਨ ਦਾ ਸੰਕੇਤ ਦੇ ਰਹੇ ਹਨ, ਜਿਸ ਨਾਲ ਨਵੇਂ ਕਾਰੋਬਾਰ ਦੀ ਮਾਤਰਾ ਅਤੇ ਰੋਜ਼ਗਾਰ ਦੀ ਸਿਰਜਣਾ ’ਚ ਵਾਧਾ ਹੋਇਆ ਹੈ। ਮੌਸਮੀ ਤੌਰ ’ਤੇ ਐਡਜਸਟਡ ਐੱਸ. ਐਂਡ ਪੀ. ਗਲੋਬਲ ਇੰਡੀਆ ਸੇਵਾ ਪੀ. ਐੱਮ. ਆਈ. ਕਾਰੋਬਾਰੀ ਗਤੀਵਿਧੀ ਸੂਚਕ ਅੰਕ ਜੂਨ ’ਚ ਘਟ ਕੇ 58.5 ’ਤੇ ਆ ਗਿਆ। ਮਾਰਚ ’ਚ ਇਹ 61.2 ’ਤੇ ਸੀ।
ਸੇਵਾ ਪੀ. ਐੱਮ. ਆਈ. ਦਾ ਸੂਚਕ ਅੰਕ ਲਗਾਤਾਰ 23ਵੇਂ ਮਹੀਨੇ 50 ਤੋਂ ਉੱਪਰ ਬਣਿਆ ਹੋਇਆ ਹੈ। ਪੀ. ਐੱਮ. ਆਈ. ਦੀ ਭਾਸ਼ਾ ’ਚ 50 ਤੋਂ ਉੱਪਰ ਅੰਕ ਦਾ ਮਤਲਬ ਗਤੀਵਿਧੀਆਂ ਦੇ ਵਿਸਤਾਰ ਤੋਂ ਹੈ। ਜੇ ਇਹ 50 ਤੋਂ ਹੇਠਾਂ ਹੈ ਤਾਂ ਇਸ ਦਾ ਮਤਲਬ ਗਤੀਵਿਧੀਆਂ ਦੇ ਕਾਂਟ੍ਰੈਕਸ਼ਨ ਤੋਂ ਹੁੰਦਾ ਹੈ। ਐੱਸ. ਐਂਡ ਪੀ. ਗਲੋਬਲ ਮਾਰਕੀਟ ਇੰਟੈਲੀਜੈਂਸ ’ਚ ਅਰਥਸ਼ਾਸਤਰ ਦੀ ਐਸੋਸੀਏਟ ਡਾਇਰੈਕਟਰ ਪਾਲੀਆਨਾ ਡੀ ਲੀਮਾ ਨੇ ਕਿਹਾ ਕਿ ਜੂਨ ਵਿਚ ਭਾਰਤੀ ਸੇਵਾਵਾਂ ਦੀ ਮੰਗ ਉੱਚੀ ਰਹੀ। ਨਿਗਰਾਨੀ ਵਾਲੇ ਸਾਰੇ ਚਾਰ ਉੱਪ-ਖੇਤਰਾਂ ਦੇ ਨਵੇਂ ਕਾਰੋਬਾਰ ’ਚ ਤੇਜ਼ ਵਾਧਾ ਹੋਇਆ।
ਲੀਮਾ ਨੇ ਕਿਹਾ ਕਿ ਵਾਧੇ ਦੀ ਰਫ਼ਤਾਰ ਵਧਣ ਨਾਲ ਕਾਰੋਬਾਰੀ ਗਤੀਵਿਧੀਆਂ ’ਚ ਜ਼ੋਰਦਾਰ ਤੇਜ਼ੀ ਆਈ ਹੈ ਅਤੇ ਇਸ ਨਾਲ ਰੋਜ਼ਗਾਰ ਦੇ ਅੰਕੜੇ ਵੀ ਬਿਹਤਰ ਹੋਏ ਹਨ। ਇਹ ਨੇੜਲੀ ਮਿਆਦ ਦੇ ਵਿਕਾਸ ਦੀਆਂ ਸੰਭਾਵਨਾਵਾਂ ਦੇ ਨਜ਼ਰੀਏ ਤੋਂ ਚੰਗਾ ਹੈ। ਮੁੱਲ ਦੇ ਮੋਰਚੇ ’ਤੇ ਰਲਿਆ-ਮਿਲਿਆ ਰੁਖ ਦੇਖਣ ਨੂੰ ਮਿਲਿਆ ਹੈ। ਉਤਪਾਦਨ ਲਾਗਤ ’ਚ ਵਾਧਾ ਘੱਟ ਰਿਹਾ ਹੈ। ਹਾਲਾਂਕਿ ਇਸ ਨੂੰ ਨਿਰਮਾਣ ਨਾਲ ਜੋੜਨ ’ਤੇ ਨਿੱਜੀ ਖੇਤਰ ਲਈ ਉਤਪਾਦਨ ਮੁੱਲ ਵਾਧਾ ਕਰੀਬ ਇਕ ਦਹਾਕੇ ’ਚ ਸਭ ਤੋਂ ਉੱਚਾ ਰਿਹਾ ਹੈ।