ਭਾਰਤ ਦੀ ਵਾਧਾ ਦਰ ਅਜੇ ਵੀ ਚਿੰਤਾ ਦਾ ਵਿਸ਼ਾ : ਡਨ ਐਂਡ ਬ੍ਰੈਡਸਟ੍ਰੀਟ
Thursday, Aug 24, 2017 - 02:23 AM (IST)
ਨਵੀਂ ਦਿੱਲੀ- ਭਾਰਤ 'ਚ ਵਾਧਾ ਦਰ ਅਜੇ ਵੀ ਚਿੰਤਾ ਦਾ ਵਿਸ਼ਾ ਹੈ। ਡਨ ਐਂਡ ਬ੍ਰੈਡਸਟ੍ਰੀਟ (ਡੀ. ਐਂਡ ਬੀ.) ਦੀ ਇਕ ਰਿਪੋਰਟ 'ਚ ਕਿਹਾ ਗਿਆ ਹੈ ਕਿ ਨੋਟਬੰਦੀ ਦੇ 9 ਮਹੀਨੇ ਅਤੇ ਵਸਤੂ ਅਤੇ ਸੇਵਾਕਰ (ਜੀ. ਐੱਸ. ਟੀ.) ਦੇ 2 ਮਹੀਨੇ ਬਾਅਦ ਵੀ ਉਦਯੋਗ ਤੇ ਨਿਵੇਸ਼ ਮੰਗ ਕਮਜ਼ੋਰ ਬਣੀ ਹੋਈ ਹੈ। ਇਸ ਦੇ ਇਲਾਵਾ ਰਿਪੋਰਟ 'ਚ ਬੈਂਕਾਂ ਦੇ ਵਧਦੇ ਡੁੱਬੇ ਕਰਜ਼ ਅਤੇ ਕੰਪਨੀਆਂ ਦੇ ਕਮਜ਼ੋਰ ਵਹੀਖਾਤਿਆਂ ਤੇ ਕਿਸਾਨਾਂ ਦੇ ਕਰਜ਼ ਮੁਆਫੀ ਨੂੰ ਵੀ ਇਸ ਸਮੱਸਿਆ ਦੀ ਵਜ੍ਹਾ ਦੱਸਿਆ ਗਿਆ। ਇਸ 'ਚ ਕਿਹਾ ਗਿਆ ਹੈ ਕਿ ਮਾਨਸੂਨ ਦੇ ਮੀਂਹ ਦੀ ਵੰਡ ਛਿੜੀ ਹੋਈ ਹੈ, ਜਿਸ ਨਾਲ ਪੇਂਡੂ ਮੰਗ ਪ੍ਰਭਾਵਿਤ ਹੋ ਸਕਦੀ ਹੈ, ਉਥੇ ਵਸਤੂ ਅਤੇ ਸੇਵਾ ਕਰ ਵਿਵਸਥਾ ਦੀ ਵਜ੍ਹਾ ਨਾਲ ਵੀ ਕੁਝ ਰੁਕਾਵਟਾਂ ਆ ਸਕਦੀਆਂ ਹਨ। ਹਾਲਾਂਕਿ ਰਿਪੋਰਟ 'ਚ ਕਿਹਾ ਗਿਆ ਹੈ ਕਿ ਜੀ. ਐੱਸ. ਟੀ. ਦੇ ਲਾਗੂਕਰਨ ਨਾਲ ਕਾਰੋਬਾਰ ਜਗਤ ਨੂੰ ਮੱਧ ਤੋਂ ਲੰਬੀ ਮਿਆਦ ਵਿਚ ਫਾਇਦਾ ਹੋਵੇਗਾ।
ਡਨ ਐਂਡ ਬ੍ਰੈਡਸਟ੍ਰੀਟ ਇੰਡੀਆ ਦੇ ਲੀਡ ਅਰਥਸ਼ਾਸਤਰੀ ਅਰੁਣ ਸਿੰਘ ਨੇ ਕਿਹਾ ਕਿ ਨੋਟਬੰਦੀ ਦੇ 9 ਮਹੀਨਿਆਂ ਅਤੇ ਜੀ. ਐੱਸ. ਟੀ. ਦੇ ਲਾਗੂ ਹੋਣ ਦੇ 2 ਮਹੀਨੇ ਬਾਅਦ ਨਿਵੇਸ਼ ਤੇ ਉਦਯੋਗ ਲਈ ਮੰਗ ਕਮਜ਼ੋਰ ਬਣੀ ਹੋਈ ਹੈ। ਡਨ ਐਂਡ ਬ੍ਰੈਡਸਟ੍ਰੀਟ ਦਾ ਅੰਦਾਜ਼ਾ ਹੈ ਕਿ ਜੁਲਾਈ ਮਹੀਨੇ 'ਚ ਉਦਯੋਗਿਕ ਉਤਪਾਦਨ (ਆਈ. ਆਈ. ਪੀ.) ਦੀ ਵਾਧਾ ਦਰ 2.2 ਤੋਂ 2.4 ਫੀਸਦੀ ਦੇ ਹੇਠਲੇ ਪੱਧਰ 'ਤੇ ਰਹੇਗੀ।
