ਮਾਰਚ ਵਿਚ ਰੂਸ ਤੋਂ ਭਾਰਤ ਦੀ ਕੱਚਾ ਤੇਲ ਦਰਾਮਦ ਇਰਾਕ ਤੋਂ ਦੁੱਗਣੀ

Monday, Apr 10, 2023 - 10:52 AM (IST)

ਨਵੀਂ ਦਿੱਲੀ (ਭਾਸ਼ਾ) - ਰੂਸ ਤੋਂ ਭਾਰਤ ਦੀ ਕੱਚੇ ਤੇਲ ਦੀ ਦਰਾਮਦ ਮਾਰਚ ਵਿਚ ਵਧ ਕੇ 16.4 ਲੱਖ ਬੈਰਲ ਰੋਜ਼ਾਨਾ (ਬੀ. ਪੀ. ਡੀ.) ਦੀ ਨਵੀਂ ਉਚਾਈ ਉੱਤੇ ਪਹੁੰਚ ਗਈ। ਇਸ ਤਰ੍ਹਾਂ ਰੂਸ ਤੋਂ ਭਾਰਤ ਦੀ ਤੇਲ ਦਰਾਮਦ ਇਰਾਕ ਦੀ ਤੁਲਣਾ ਵਿਚ ਦੁੱਗਣੀ ਹੋ ਗਈ ਹੈ।

ਊਰਜਾ ਦੀ ਖੇਪ ਉੱਤੇ ਨਜ਼ਰ ਰੱਖਣ ਵਾਲੀ ਵਾਰਟੇਕਸਾ ਦੇ ਅਨੁਸਾਰ, ਰੂਸ ਲਗਾਤਾਰ 6ਵੇਂ ਮਹੀਨੇ ਭਾਰਤ ਦਾ ਸਭ ਤੋਂ ਵੱਡਾ ਕੱਚਾ ਤੇਲ ਸਪਲਾਈਕਰਤਾ ਬਣਿਆ ਹੋਇਆ ਹੈ। ਭਾਰਤ ਦੇ ਕੱਚੇ ਤੇਲ ਦੀ ਦਰਾਮਦ ਵਿਚ ਰੂਸ ਦਾ ਹਿੱਸਾ ਇਕ-ਤਿਹਾਈ ਤੋਂ ਜ਼ਿਆਦਾ ਹੈ। ਕੱਚੇ ਤੇਲ ਨੂੰ ਰਿਫਾਇਨਰੀ ਇਕਾਈਆਂ ’ਚ ਪੈਟਰੋਲ ਅਤੇ ਡੀਜ਼ਲ ਵਿਚ ਬਦਲਿਆ ਜਾਂਦਾ ਹੈ। ਰਿਫਾਇਨਰੀ ਕੰਪਨੀਆਂ ਹੋਰ ਗਰੇਡ ਦੀ ਤੁਲਣਾ ਵਿਚ ਰਿਆਇਤੀ ਮੁੱਲ ਉੱਤੇ ਉਪਲੱਬਧ ਰੂਸੀ ਤੇਲ ਖਰੀਦ ਕਰ ਰਹੀਆਂ ਹਨ। ਫਰਵਰੀ, 2022 ’ਚ ਰੂਸ-ਯੂਕ੍ਰੇਨ ਸੰਘਰਸ਼ ਸ਼ੁਰੂ ਹੋਣ ਤੋਂ ਪਹਿਲਾਂ ਭਾਰਤ ਦੀ ਕੱਚੇ ਤੇਲ ਦੀ ਦਰਾਮਦ ’ਚ ਰੂਸ ਦੀ ਬਾਜ਼ਾਰ ਹਿੱਸੇਦਾਰੀ ਇਕ ਫੀਸਦੀ ਤੋਂ ਵੀ ਘੱਟ ਸੀ। ਮਾਰਚ ’ਚ ਰੂਸ ਤੋਂ ਭਾਰਤ ਦੀ ਕੱਚੇ ਤੇਲ ਦੀ ਦਰਾਮਦ ਵਧ ਕੇ 16.4 ਲੱਖ ਬੈਰਲ ਰੋਜ਼ਾਨਾ ਹੋ ਗਈ।

ਇਹ ਵੀ ਪੜ੍ਹੋ : ਬੈਂਕ ਹੀ ਨਹੀਂ, LIC ਕੋਲ ਵੀ ‘ਲਾਵਾਰਿਸ’ ਪਏ ਹਨ 21,500 ਕਰੋੜ

ਭਾਰਤ ਦੀ ਦਰਾਮਦ ’ਚ ਰੂਸ ਦੀ ਹਿੱਸੇਦਾਰੀ 34 ਫੀਸਦੀ ਹੋ ਗਈ ਹੈ। ਮਾਰਚ ’ਚ ਭਾਰਤ ਦੀ ਰੂਸ ਤੋਂ ਕੱਚੇ ਤੇਲ ਦੀ ਖਰੀਦ ਇਰਾਕ ਤੋਂ ਦੁੱਗਣੀ ਰਹੀ ਹੈ। ਇਸ ਦੌਰਾਨ ਇਰਾਕ ਤੋਂ ਕੱਚੇ ਤੇਲ ਦੀ ਦਰਾਮਦ 8.1 ਲੱਖ ਬੈਰਲ ਰੋਜ਼ਾਨਾ ਤੋਂ ਜ਼ਿਆਦਾ ਰਹੀ ਹੈ। ਇਰਾਕ 2017-18 ਤੋਂ ਭਾਰਤ ਦਾ ਸਭ ਤੋਂ ਵੱਡਾ ਕੱਚਾ ਤੇਲ ਸਪਲਾਈਕਰਤਾ ਸੀ। ਚੀਨ ਅਤੇ ਅਮਰੀਕਾ ਤੋਂ ਬਾਅਦ ਭਾਰਤ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਕੱਚਾ ਤੇਲ ਦਰਾਮਦਕਾਰ ਹੈ। ਯੂਕ੍ਰੇਨ ਉੱਤੇ ਹਮਲੇ ਤੋਂ ਬਾਅਦ ਪੱਛਮ ਨੇ ਰੂਸ ਉੱਤੇ ਰੋਕ ਲਾਈ ਹੈ। ਅਜਿਹੇ ’ਚ ਰੂਸੀ ਕੱਚਾ ਤੇਲ ਰਿਆਇਤੀ ਮੁੱਲ ਉੱਤੇ ਉਪਲੱਬਧ ਹੈ ਅਤੇ ਭਾਰਤ ਇਸ ਦੀ ਜੰਮ ਕੇ ਖਰੀਦ ਕਰ ਰਿਹਾ ਹੈ।

ਵਾਰਟੈਕਸਾ ਅਨੁਸਾਰ, ਮਾਰਚ ’ਚ ਸਾਊਦੀ ਅਰਬ 9.86 ਲੱਖ ਬੈਰਲ ਰੋਜ਼ਾਨਾ ਦੇ ਨਾਲ ਭਾਰਤ ਦਾ ਦੂਜਾ ਸਭ ਤੋਂ ਵੱਡਾ ਸਪਲਾਈਕਰਤਾ ਸੀ, ਉਥੇ ਹੀ ਇਰਾਕ 8.21 ਲੱਖ ਬੈਰਲ ਰੋਜ਼ਾਨਾ ਦੀ ਸਪਲਾਈ ਦੇ ਨਾਲ ਤੀਜੇ ਨੰਬਰ ਉੱਤੇ ਸੀ। ਮਾਰਚ ’ਚ ਸੰਯੁਕਤ ਅਰਬ ਅਮੀਰਾਤ 3.13 ਲੱਖ ਬੈਰਲ ਰੋਜ਼ਾਨਾ ਨਾਲ ਭਾਰਤ ਦਾ ਚੌਥਾ ਸਭ ਤੋਂ ਵੱਡਾ ਕੱਚਾ ਤੇਲ ਸਪਲਾਈਕਰਤਾ ਬਣ ਗਿਆ। ਇਸ ਨੇ ਅਮਰੀਕਾ ਨੂੰ ਪਿੱਛੇ ਛੱਡਿਆ। ਅਮਰੀਕਾ ਨੇ ਮਾਰਚ ਵਿਚ ਭਾਰਤ ਨੂੰ 1.36 ਲੱਖ ਬੈਰਲ ਰੋਜ਼ਾਨਾ ਕੱਚੇ ਤੇਲ ਦੀ ਸਪਲਾਈ ਕੀਤੀ। ਫਰਵਰੀ ’ਚ ਅਮਰੀਕਾ ਤੋਂ ਭਾਰਤ ਦੀ ਦਰਾਮਦ 2.48 ਲੱਖ ਬੈਰਲ ਰੋਜ਼ਾਨਾ ਸੀ।

ਇਹ ਵੀ ਪੜ੍ਹੋ : ਵਧ ਸਕਦੇ ਹਨ ਆਈਸਕ੍ਰੀਮ, ਦਹੀਂ, ਘਿਓ, ਪਨੀਰ ਅਤੇ ਮੱਖਣ ਦੇ ਰੇਟ

ਭਾਰਤ ਦੀ ਕੋਲਾ ਦਰਾਮਦ 32 ਫੀਸਦੀ ਵਧੀ

ਦੇਸ਼ ਦੀ ਕੋਲਾ ਦਰਾਮਦ ਬੀਤੇ ਵਿੱਤੀ ਸਾਲ 2022-23 ਦੇ ਪਹਿਲੇ 11 ਮਹੀਨਿਆਂ (ਅਪ੍ਰੈਲ-ਫਰਵਰੀ) ਵਿਚ 32 ਫੀਸਦੀ ਵਧ ਕੇ 14.85 ਕਰੋਡ਼ ਟਨ ਹੋ ਗਈ। ਇਸ ਤੋਂ ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ ਵਿਚ ਇਹ 11.23 ਕਰੋਡ਼ ਟਨ ਸੀ। ਇਕ ਰਿਪੋਰਟ ’ਚ ਇਹ ਜਾਣਕਾਰੀ ਦਿੱਤੀ ਗਈ ਹੈ।

‘ਐਮਜੰਕਸ਼ਨ ਨੇ ਆਪਣੀ ਤਾਜ਼ਾ ਰਿਪੋਰਟ ’ਚ ਕਿਹਾ ਕਿ ਅਪ੍ਰੈਲ-ਫਰਵਰੀ ਦੌਰਾਨ ਕੋਕਿੰਗ ਕੋਲੇ ਦੀ ਦਰਾਮਦ 7.69 ਫੀਸਦੀ ਵਧ ਕੇ 5.05 ਕਰੋਡ਼ ਟਨ ਉੱਤੇ ਪਹੁੰਚ ਗਈ, ਜੋ ਇਕ ਸਾਲ ਪਹਿਲਾਂ ਇਸੇ ਮਿਆਦ ਵਿਚ 4.68 ਕਰੋਡ਼ ਟਨ ਸੀ। ਇਕੱਲੇ ਫਰਵਰੀ, 2023 ’ਚ ਗੈਰ-ਕੋਕਿੰਗ ਕੋਲੇ ਦੀ ਦਰਾਮਦ ਪਿਛਲੇ ਸਾਲ ਦੇ ਇਸ ਮਹੀਨੇ ਦੇ 94.2 ਲੱਖ ਟਨ ਤੋਂ ਵਧ ਕੇ 1.16 ਕਰੋਡ਼ ਟਨ ਰਹੀ। ਫਰਵਰੀ, 2023 ’ਚ ਕੋਕਿੰਗ ਕੋਲੇ ਦੀ ਦਰਾਮਦ ਵਧ ਕੇ 44 ਲੱਖ ਟਨ ਉੱਤੇ ਪਹੁੰਚ ਗਈ, ਜੋ ਫਰਵਰੀ, 2022 ’ਚ 40.3 ਲੱਖ ਟਨ ਸੀ। ਭਾਰਤ ਦੁਨੀਆ ਦੇ ਟਾਪ 5 ਕੋਲਾ ਉਤਪਾਦਕ ਦੇਸ਼ਾਂ ’ਚ ਸ਼ਾਮਿਲ ਹੈ। ਹਾਲਾਂਕਿ, ਇਸ ਨੂੰ ਆਪਣੀ ਕੋਲੇ ਦੀ ਕੁੱਝ ਜ਼ਰੂਰਤ ਨੂੰ ਦਰਾਮਦ ਜ਼ਰੀਏ ਪੂਰਾ ਕਰਨਾ ਪੈਂਦਾ ਹੈ।

ਕੋਕਿੰਗ ਕੋਲਾ ਇਸਪਾਤ ਵਿਨਿਰਮਾਣ ਦਾ ਮੁੱਖ ਕੱਚਾ ਮਾਲ ਹੈ। ਦੇਸ਼ ਇਸ ਦੀ ਦਰਾਮਦ ਉੱਤੇ ਕਾਫੀ ਨਿਰਭਰ ਹੈ। ਐਮਜੰਕਸ਼ਨ ਦੇ ਪ੍ਰਬੰਧ ਨਿਰਦੇਸ਼ਕ ਵਿਨੇ ਵਰਮਾ ਨੇ ਕਿਹਾ,‘‘ਉੱਚੀ ਘਰੇਲੂ ਮੰਗ ਦੇ ਨਾਲ-ਨਾਲ ਸਮੁੰਦਰ ਦੇ ਰਸਤੇ ਆਉਣ ਵਾਲੇ ਕੋਲੇ ਦੇ ਸਸਤੇ ਪੈਣ ਦੀ ਵਜ੍ਹਾ ਨਾਲ ਭਾਰਤੀ ਕਾਰੋਬਾਰੀ ਅਤੇ ਖਪਤਕਾਰ ਕੋਲੇ ਦੀ ਦਰਾਮਦ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਘਰੇਲੂ ਪੱਧਰ ਉੱਤੇ ਸਪਲਾਈ ਵਧਣ ਅਤੇ ਸਟਾਕ ਦੀ ਬਿਹਤਰ ਸਥਿਤੀ ਦੀ ਵਜ੍ਹਾ ਨਾਲ ਆਉਣ ਵਾਲੇ ਮਹੀਨਿਆਂ ’ਚ ਕੋਲੇ ਦੀ ਦਰਾਮਦ ਘੱਟ ਸਕਦੀ ਹੈ। ਐਮਜੰਕਸ਼ਨ, ਟਾਟਾ ਸਟੀਲ ਅਤੇ ਸਟੀਲ ਅਥਾਰਿਟੀ ਆਫ ਇੰਡੀਆ ਲਿ. (ਸੇਲ) ਦਾ ਬਿਜ਼ਨੈੱਸ-ਟੂ-ਬਿਜ਼ਨੈੱਸ (ਬੀ2ਬੀ) ਈ-ਕਾਮਰਸ ਸੰਯੁਕਤ ਉਦਮ ਹੈ।

ਇਹ ਵੀ ਪੜ੍ਹੋ : ਪਾਨ ਮਸਾਲਾ 'ਤੇ GST ਸੈੱਸ ਹੁਣ ਪ੍ਰਚੂਨ ਵਿਕਰੀ ਮੁੱਲ 'ਤੇ ਹੋਵੇਗਾ ਆਧਾਰਿਤ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News