ਭਾਰਤ ਦੇ ਵਾਹਨ ਖੇਤਰ ਕੋਲ ਵਿਸ਼ਵ ਪੱਧਰੀ ਕੇਂਦਰ ਬਣਨ ਦਾ ਮੌਕਾ : ਮੁੰਜਾਲ

Saturday, Sep 05, 2020 - 04:31 PM (IST)

ਭਾਰਤ ਦੇ ਵਾਹਨ ਖੇਤਰ ਕੋਲ ਵਿਸ਼ਵ ਪੱਧਰੀ ਕੇਂਦਰ ਬਣਨ ਦਾ ਮੌਕਾ : ਮੁੰਜਾਲ

ਨਵੀਂ ਦਿੱਲੀ— ਹੀਰੋ ਮੋਟੋਕਾਰਪ ਦੇ ਚੇਅਰਮੈਨ ਤੇ ਪ੍ਰਬੰਧਕ ਨਿਰਦੇਸ਼ਕ ਅਤੇ ਮੁੱਖ ਕਾਰਜਕਾਰੀ (ਸੀ. ਈ. ਓ.) ਪਵਨ ਮੁੰਜਾਲ ਦਾ ਮੰਨਣਾ ਹੈ ਕਿ ਕੋਵਿਡ-19 ਮਹਾਮਾਰੀ ਭਾਰਤ ਦੇ ਵਾਹਨ ਅਤੇ ਸਾਜੋ-ਸਾਮਾਨ ਖੇਤਰਾਂ ਲਈ ਵਿਸ਼ਵ ਪੱਧਰੀ ਬਣਨ ਦਾ ਮੌਕਾ ਹੈ।

ਉਨ੍ਹਾਂ ਕਿਹਾ ਕਿ ਇਨ੍ਹਾਂ ਉਦਯੋਗਾਂ ਨੂੰ ਇਸ ਮੌਕੇ ਨੂੰ ਗੁਆਉਣਾ ਨਹੀਂ ਚਾਹੀਦਾ। ਮੁੰਜਾਲ ਨੇ ਸ਼ਨੀਵਾਰ ਨੂੰ ਭਾਰਤੀ ਵਾਹਨ ਸਾਜੋ-ਸਾਮਾਨ ਨਿਰਮਾਤਾ ਸੰਘ (ਏ. ਸੀ. ਐੱਮ. ਏ.) ਦੇ ਸਾਲਾਨਾ ਇਜਲਾਸ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 'ਆਤਮਨਿਰਭਰ ਭਾਰਤ' ਮੁਹਿੰਮ 'ਚ ਵਾਹਨ ਉਦਯੋਗ ਮਹੱਤਵਪੂਰਨ ਭੂਮਿਕਾ ਨਿਭਾ ਸਕਦਾ ਹੈ।

ਮੁੰਜਾਲ ਨੇ ਕਿਹਾ ਕਿ ਇਸ ਮੁਹਿੰਮ 'ਚ ਵਾਹਨ ਖੇਤਰ ਹੋਰ ਉਦਯੋਗਾਂ ਦੀ ਅਗਵਾਈ ਕਰ ਸਕਦਾ ਹੈ। ਉਨ੍ਹਾਂ ਕਿਹਾ, ''ਮੇਰਾ ਮੰਨਣਾ ਹੈ ਕਿ ਅੱਗੇ ਚੱਲ ਕੇ ਸਾਡਾ ਖੇਤਰ ਆਤਮਨਿਰਭਰ ਭਾਰਤ ਮੁਹਿੰਮ 'ਚ ਵਿਕਾਸ ਦਾ ਇੰਜਣ ਬਣ ਸਕਦਾ ਹੈ। ਵਾਹਨ ਖੇਤਰ ਨਵੀਨਤਮ, ਇੰਜੀਨੀਅਰਿੰਗ ਅਤੇ ਖੋਜ ਤੇ ਵਿਕਾਸ ਵਰਗੇ ਖੇਤਰਾਂ 'ਚ ਸੰਪਰਕ, ਸੰਯੋਜਨ ਜ਼ਰੀਏ ਇਸ ਮੁਹਿੰਮ 'ਚ ਅਹਿਮ ਭੂਮਿਕਾ ਨਿਭਾ ਸਕਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਲਈ ਸਭ ਤੋਂ ਵੱਡਾ ਫਾਇਦਾ ਉਸ ਦੀ ਨੌਜਵਾਨ ਆਬਾਦੀ ਹੈ। ਇਸ ਜ਼ਰੀਏ ਭਾਰਤ ਸਪੱਸ਼ਟ ਤੌਰ 'ਤੇ ਇਸ ਮਾਮਲੇ 'ਚ ਹੋਰ ਦੇਸ਼ਾਂ ਤੋਂ ਅੱਗੇ ਨਜ਼ਰ ਆਉਂਦਾ ਹੈ।''

ਪਵਨ ਮੁੰਜਾਲ ਨੇ ਕਿਹਾ, ''ਮੈਂ ਜਾਣਦਾ ਹਾਂ ਕਿ ਆਤਮਨਿਰਭਰ ਭਾਰਤ ਜ਼ਰੀਏ ਸਾਡੇ ਉਦਯੋਗ ਕੋਲ ਨੇੜਲੇ ਭਵਿੱਖ 'ਚ ਵਿਸ਼ਵ ਪੱਧਰੀ ਕੇਂਦਰ ਬਣਨ ਦਾ ਮੌਕਾ ਹੈ। ਮੈਂ ਸਭ ਨੂੰ ਕਹਾਂਗਾ ਕਿ ਇਸ ਸੰਕਟ 'ਚ ਮੌਕੇ ਨੂੰ ਗੁਆਉਣਾ ਨਹੀਂ ਚਾਹੀਦਾ। ਸੰਪਰਕ, ਗੱਲਬਾਤ ਅਤੇ ਸੰਯੋਜਨ ਜ਼ਰੀਏ ਅਸੀਂ ਨਾ ਸਿਰਫ ਇਕ-ਦੂਜੇ ਦਾ ਸਹਿਯੋਗ ਕਰ ਸਕਦੇ ਹਾਂ, ਸਗੋਂ ਦੇਸ਼ ਨੂੰ ਆਤਮਨਿਰਭਰ ਭਾਰਤ ਦੇ ਟੀਚੇ 'ਚ ਵੀ ਮਦਦ ਕਰ ਸਕਦੇ ਹਾਂ।''


author

Sanjeev

Content Editor

Related News