ਭਾਰਤ ਦੇ 9 ਅਮੀਰਾਂ ਕੋਲ 50 ਫੀਸਦੀ ਆਬਾਦੀ ਬਰਾਬਰ ਜਾਇਦਾਦ : ਆਕਸਫੈਮ

01/21/2019 4:35:05 PM

ਦਾਵੋਸ — ਸਾਲ 2018 'ਚ ਭਾਰਤੀ ਅਰਬਪਤੀਆਂ ਦੀ ਜਾਇਦਾਦ ਵਿਚ ਪ੍ਰਤੀਦਿਨ 2,200 ਕਰੋੜ ਰੁਪਏ ਦਾ ਵਾਧਾ ਹੋਇਆ ਹੈ। ਇਸ ਦੌਰਾਨ ਦੇਸ਼ ਦੇ ਸਿਖਰ 1 ਫੀਸਦੀ ਅਮੀਰਾਂ ਦੀ ਜਾਇਦਾਦ ਵਿਚ 39 ਫੀਸਦੀ ਦਾ ਵਾਧਾ ਹੋਇਆ ਜਦੋਂਕਿ 50 ਫੀਸਦੀ ਗਰੀਬ ਆਬਾਦੀ ਦੀ ਜਾਇਦਾਦ 'ਚ ਸਿਰਫ ਤਿੰਨ ਫੀਸਦੀ ਵਾਧਾ ਦਰਜ ਕੀਤਾ ਗਿਆ ਹੈ। ਆਕਸਫੈਮ ਨੇ ਆਪਣੇ ਅਧਿਐਨ ਵਿਚ ਇਹ ਗੱਲ ਕਹੀ। 

9 ਅਮੀਰਾਂ ਕੋਲ 50 ਫੀਸਦੀ ਆਬਾਦੀ ਬਰਾਬਰ ਜਾਇਦਾਦ

ਰਿਪੋਰਟ ਵਿਚ ਕਿਹਾ ਗਿਆ ਹੈ ਕਿ ਦੇਸ਼ ਦੇ ਚੋਟੀ ਦੇ 9 ਅਮੀਰਾਂ ਦੀ ਜਾਇਦਾਦ 50 ਫੀਸਦੀ ਗਰੀਬ ਆਬਾਦੀ ਦੀ ਜਾਇਦਾਦ ਦੇ ਬਰਾਬਰ ਹੈ।  ਦਾਵੋਸ 'ਚ ਵਿਸ਼ਵ ਆਰਥਿਕ ਮੰਚ(ਡਬਲਯੂ.ਈ.ਐਫ.) ਦੀ ਸਾਲਾਨਾ ਬੈਠਕ ਤੋਂ ਪਹਿਲਾਂ ਜਾਰੀ ਇਸ ਅਧਿਐਨ ਵਿਚ ਕਿਹਾ ਗਿਆ ਹੈ ਕਿ ਦੁਨੀਆ ਭਰ ਦੇ ਅਰਬਪਤੀਆਂ ਦੀ ਜਾਇਦਾਦ 'ਚ ਪਿਛਲੇ ਸਾਲ ਪ੍ਰਤੀਦਿਨ 12 ਫੀਸਦੀ ਯਾਨੀ 2.5 ਅਰਬ ਡਾਲਰ ਦਾ ਵਾਧਾ ਹੋਇਆ ਹੈ। ਦੂਜੇ ਪਾਸੇ ਦੁਨੀਆ ਭਰ 'ਚ ਮੌਜੂਦ ਗਰੀਬ ਲੋਕਾਂ ਦੀ 50 ਫੀਸਦੀ ਆਬਾਦੀ ਦੀ ਜਾਇਦਾਦ ਵਿਚ 11 ਫੀਸਦੀ ਦੀ ਗਿਰਾਵਟ ਦੇਖੀ ਗਈ ਹੈ।  ਰਿਪੋਰਟ ਮੁਤਾਬਕ ਭਾਰਤ ਵਿਚ ਰਹਿਣ ਵਾਲੇ 13.6 ਕਰੋੜ ਲੋਕ ਸਾਲ 2004 ਤੋਂ ਕਰਜ਼ਦਾਰ ਬਣੇ ਹੋਏ ਹਨ। ਇਹ ਦੇਸ਼ ਦੀ ਸਭ ਤੋਂ ਗਰੀਬ 10 ਫੀਸਦੀ ਆਬਾਦੀ ਹੈ। 

ਅਰਥਵਿਵਸਥਾਵਾਂ ਨੂੰ ਬਰਬਾਦ ਕਰ ਰਹੀ ਹੈ ਇਹ ਪਾੜ

ਆਕਸਫੈਮ ਨੇ ਦਾਵੋਸ 'ਚ ਮੰਚ ਦੀ ਸਾਲਾਨਾ ਬੈਠਕ ਲਈ ਇਕੱਠੇ ਹੋਏ ਦੁਨੀਆ ਭਰ ਦੇ ਸਿਆਸੀ ਅਤੇ ਪੇਸ਼ੇਵਰ ਨੇਤਾਵਾਂ ਅੱਗੇ ਬੇਨਤੀ ਕੀਤੀ ਹੈ ਕਿ ਉਹ ਅਮੀਰ ਅਤੇ ਗਰੀਬ ਲੋਕਾਂ ਵਿਚ ਵਧ ਰਹੀ ਪਾੜ ਨੂੰ ਭਰਨ ਲਈ ਤੁਰੰਤ ਕਦਮ ਚੁੱਕਣ ਕਿਉਂਕਿ ਇਹ ਵਧ ਰਹੀ ਅਸਮਾਨਤਾ ਗਰੀਬੀ ਦੇ ਖਿਲਾਫ ਸੰਘਰਸ਼ ਨੂੰ ਹੀ ਘੱਟ ਕਰਕੇ ਨਹੀਂ ਦਿਖਾ ਰਹੀ ਸਗੋਂ ਅਰਥਵਿਵਸਥਾਵਾਂ ਨੂੰ ਬਰਾਬਦ ਕਰਨ ਦੇ ਨਾਲ-ਨਾਲ ਗਰੀਬ ਲੋਕਾਂ ਵਿਚ ਗੁੱਸਾ ਪੈਦਾ ਕਰ ਰਹੀ ਹੈ। 

ਰਿਪੋਰਟ ਅਨੁਸਾਰ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਅਤੇ ਐਮਾਜ਼ੋਨ ਦੇ ਬਾਨੀ ਜੇਫ ਬੇਜੋਸ ਦੀ ਜਾਇਦਾਦ ਵਧ ਕੇ 112 ਅਰਬ ਡਾਲਰ ਹੋ ਗਈ ਹੈ। ਉਨ੍ਹਾਂ ਦੀ ਜਾਇਦਾਦ ਦਾ ਇਕ ਫੀਸਦੀ ਹਿੱਸਾ ਯੂਥੋਪੀਆ ਦੇ ਸਿਹਤ ਬਜਟ ਦੇ ਬਰਾਬਰ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ 'ਭਾਰਤ ਦੀ ਸਿਖਰ 10 ਫੀਸਦੀ ਆਬਾਦੀ ਕੋਲ ਦੇਸ਼ ਦੀ ਕੁੱਲ ਜਾਇਦਾਦ ਦਾ 77.4 ਫੀਸਦੀ ਹਿੱਸਾ ਹੈ। ਇਨ੍ਹਾਂ ਵਿਚੋਂ ਸਿਰਫ ਇਕ ਫੀਸਦੀ ਆਬਾਦੀ ਕੋਲ ਦੇਸ਼ ਦੀ ਕੁੱਲ ਜਾਇਦਾਦ ਦਾ 51.53 ਫੀਸਦੀ ਹਿੱਸਾ ਹੈ'। 

ਇਸ ਸਮੇਂ ਕਰੀਬ 60 ਫੀਸਦੀ ਆਬਾਦੀ ਕੋਲ ਦੇਸ਼ ਦੀ ਸਿਰਫ 4.8 ਫੀਸਦੀ ਜਾਇਦਾਦ ਹੈ। ਦੇਸ਼ ਦੇ ਚੋਟੀ ਦੇ 9 ਅਮੀਰਾਂ ਦੀ ਜਾਇਦਾਦ 50 ਫੀਸਦੀ ਗਰੀਬ ਆਬਾਦੀ ਦੀ ਜਾਇਦਾਦ ਦੇ ਬਰਾਬਰ ਹੈ। ਆਕਸਫੈਮ ਨੇ ਕਿਹਾ ਇਕ ਅਨੁਮਾਨ ਹੈ ਕਿ 2018 ਤੋਂ 2022 ਦੇ ਵਿਚ ਭਾਰਤ ਵਿਚ ਰੋਜ਼ਾਨਾ 70 ਨਵੇਂ ਕਰੋੜਪਤੀ ਬਣਨਗੇ। ਆਕਸਫੈਮ ਇੰਡੀਆ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਮਿਤਾਭ ਬੇਹਰ ਨੇ ਕਿਹਾ,' ਸਰਵੇਖਣ ਤੋਂ ਇਸ ਗੱਲ ਦਾ ਪਤਾ ਲੱਗਦਾ ਹੈ ਕਿ ਸਰਕਾਰਾਂ ਕਿਸ ਤਰ੍ਹਾਂ ਸਿਹਤ ਸੇਵਾਵਾਂ ਅਤੇ ਸਿੱਖਿਆ ਵਰਗੀਆਂ ਜਨਤਕ ਸੇਵਾਵਾਂ ਲਈ ਘੱਟ ਵਿੱਤੀ ਪੋਸ਼ਣ ਕਰਕੇ ਅਸਮਾਨਤਾ ਨੂੰ ਵਾਧਾ ਮਿਲ ਰਿਹਾ ਹੈ। 

ਇਸ ਦੇ ਕਾਰਨ ਅਤੇ ਅਸਰ

ਇਸ ਦੇ ਨਾਲ ਹੀ ਦੂਜੇ ਪਾਸੇ ਕੰਪਨੀਆਂ ਅਤੇ ਅਮੀਰਾਂ ਨੂੰ ਘੱਟ ਟੈਕਸ ਲੱਗ ਰਿਹਾ ਹੈ ਅਤੇ ਟੈਕਸ ਚੋਰੀ ਨੂੰ ਰੋਕਣ 'ਚ ਵੀ ਸਰਕਾਰ ਨਾਕਯਾਬ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਪਾੜੇ ਕਾਰਨ ਸਭ ਤੋਂ ਜ਼ਿਆਦਾ ਮਹਿਲਾਵਾਂ ਪ੍ਰਭਾਵਿਤ ਹੋ ਰਹੀਆਂ ਹਨ। ਰਿਪੋਰਟ ਮੁਤਾਬਕ, 'ਪਿਛਲੇ ਸਾਲ 18 ਨਵੇਂ ਅਰਬਪਤੀ ਬਣੇ। ਇਸ ਦੇ ਨਾਲ ਹੀ ਦੇਸ਼ ਵਿਚ ਅਰਬਪਤੀਆਂ ਦੀ ਸੰਖਿਆ ਵਧ ਕੇ 119 ਹੋ ਗਈ ਹੈ। ਉਨ੍ਹਾਂ ਦੀ ਜਾਇਦਾਦ ਪਹਿਲੀ ਵਾਰ ਵਧ ਕੇ 400 ਅਰਬ ਡਾਲਰ(28 ਲੱਖ ਕਰੋੜ) ਦੇ ਪੱਧਰ ਨੂੰ ਪਾਰ ਕਰ ਗਈ ਹੈ। ਇਨ੍ਹਾਂ ਦੀ ਜਾਇਦਾਦ 2017 ਵਿਚ 325.5 ਅਰਬ ਡਾਲਰ ਤੋਂ ਵਧ ਕੇ 2018 ਵਿਚ 440.1 ਅਰਬ ਡਾਲਰ ਹੋ ਗਈ। ਆਕਸਫੈਮ ਨੇ ਕਿਹਾ ਕਿ ਇਲਾਜ, ਜਨ ਸਿਹਤ, ਸਫਾਈ ਅਤੇ ਸੈਨੀਟੇਸ਼ਨ ਅਤੇ ਪਾਣੀ ਦੀ ਸਪਲਾਈ ਦੇ ਮਾਮਲੇ ਵਿਚ ਕੇਂਦਰ ਸਰਕਾਰਾਂ ਅਤੇ ਸੂਬਾ ਸਰਕਾਰਾਂ ਦਾ ਸੰਯੁਕਤ ਮਾਲੀਆ ਅਤੇ ਪੂੰਜੀਗਤ ਖਰਚਾ 2,08,166 ਕਰੋੜ ਰੁਪਏ ਹੈ ਜਿਹੜੀ ਕਿ ਦੇਸ਼ ਦੇ ਸਭ ਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ ਦੀ ਕੁੱਲ ਜਾਇਦਾਦ 2.8 ਲੱਖ ਕਰੋੜ ਰੁਪਏ ਤੋਂ ਘੱਟ ਹੈ। ਆਕਸਫੈਮ ਇੰਟਰਨੈਸ਼ਨਲ ਦੀ ਕਾਰਜਕਾਰੀ ਨਿਰਦੇਸ਼ਕ ਵਿਨੀ ਬਯਾਨਿਮਾ ਨੇ ਕਿਹਾ ਕਿ ਇਹ 'ਨੈਤਿਕ ਤੌਰ 'ਤੇ ਗਲਤ ਹੈ' ਕਿ ਭਾਰਤ 'ਚ ਜਿਥੇ ਗਰੀਬ ਦੋ ਸਮੇਂ ਦੀ ਰੋਟੀ ਅਤੇ ਬੱਚਾ ਦਵਾਈਆਂ ਦੀ ਕਮੀ ਦਾ ਸਾਹਮਣਾ ਕਰ ਰਿਹਾ ਹੈ ਉਥੇ ਅਮੀਰ ਵਿਅਕਤੀ ਦੀ ਜਾਇਦਾਦ ਲਗਾਤਾਰ ਵਧਦੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ, ' ਜੇਕਰ ਇਕ ਫੀਸਦੀ ਅਮੀਰਾਂ ਅਤੇ ਦੇਸ਼ ਦੇ ਹੋਰ ਲੋਕਾਂ ਦੀ ਜਾਇਦਾਦ 'ਚ ਇਹ ਫਰਕ ਵਧਦਾ ਗਿਆ ਤਾਂ ਇਸ ਨਾਲ ਦੇਸ਼ ਦੀ ਸਮਾਜਿਕ ਅਤੇ ਜਮਹੂਰੀ ਵਿਵਸਥਾ ਪੂਰੀ ਤਰ੍ਹਾਂ ਨਾਲ ਦਰੜੀ ਜਾਵੇਗੀ'।
 


Related News