15 ਜਨਵਰੀ ਤੱਕ ਖੰਡ ਉਤਪਾਦਨ 31 ਫ਼ੀਸਦੀ ਵੱਧ ਕੇ 140 ਲੱਖ ਟਨ ਤੋਂ ਪਾਰ

Monday, Jan 18, 2021 - 10:03 PM (IST)

15 ਜਨਵਰੀ ਤੱਕ ਖੰਡ ਉਤਪਾਦਨ 31 ਫ਼ੀਸਦੀ ਵੱਧ ਕੇ 140 ਲੱਖ ਟਨ ਤੋਂ ਪਾਰ

ਨਵੀਂ ਦਿੱਲੀ- ਭਾਰਤ ਦਾ ਖੰਡ ਉਤਪਾਦਨ ਚਾਲੂ ਮਾਰਕੀਟਿੰਗ ਸਾਲ ਵਿਚ 15 ਜਨਵਰੀ ਤੱਕ ਇਕ ਸਾਲ ਪਹਿਲਾਂ ਦੇ ਮੁਕਾਬਲੇ 31 ਫ਼ੀਸਦੀ ਵੱਧ ਕੇ 140 ਲੱਖ ਟਨ ਤੋਂ ਪਾਰ ਹੋ ਗਿਆ।

ਇਸਮਾ ਮੁਤਾਬਕ, 15 ਜਨਵਰੀ 2021 ਤੱਕ ਦੇਸ਼ ਵਿਚ 487 ਖੰਡ ਮਿੱਲਾਂ ਚੱਲ ਰਹੀਆਂ ਸਨ ਅਤੇ 142.70 ਲੱਖ ਟਨ ਖੰਡ ਦਾ ਉਤਪਾਦਨ ਹੋਇਆ ਹੈ, ਜਦੋਂ ਕਿ 15 ਜਨਵਰੀ 2020 ਤੱਕ 440 ਖੰਡ ਮਿੱਲਾਂ ਵੱਲੋਂ 108.94 ਲੱਖ ਟਨ ਬਣਾਈ ਗਈ ਸੀ। ਇਸ ਤਰ੍ਹਾਂ ਪਿਛਲੀ ਵਾਰ ਨਾਲੋਂ ਉਤਪਾਦਨ 33.76 ਲੱਖ ਟਨ ਵੱਧ ਹੈ।

15 ਜਨਵਰੀ, 2021 ਤੱਕ ਮਹਾਰਾਸ਼ਟਰ ਵਿਚ 181 ਖੰਡ ਮਿੱਲਾਂ ਚਾਲੂ ਸਨ ਅਤੇ ਇਨ੍ਹਾਂ ਨੇ ਕੁੱਲ ਮਿਲਾ ਕੇ 51.55 ਲੱਖ ਟਨ ਖੰਡ ਕੱਢੀ ਹੈ। ਪਿਛਲੀ ਵਾਰ 139 ਮਿੱਲਾਂ ਨੇ ਇਸ ਦੌਰਾਨ ਤੱਕ 25.51 ਲੱਖ ਟਨ ਖੰਡ ਬਣਾਈ ਸੀ। ਉੱਥੇ ਹੀ, ਯੂ. ਪੀ. ਵਿਚ ਗੰਨੇ ਦੀ ਘੱਟ ਪੈਦਾਵਾਰ ਕਾਰਨ ਇਸ ਮਿਆਦ ਦੌਰਾਨ 120 ਮਿੱਲਾਂ ਨੇ 42.99 ਲੱਖ ਟਨ ਖੰਡ ਦਾ ਉਤਪਾਦਨ ਕੀਤਾ, ਜੋ ਪਿਛਲੀ ਵਾਰ 119 ਮਿੱਲਾਂ ਵੱਲੋਂ ਕੀਤੇ 43.78 ਲੱਖ ਟਨ ਨਾਲੋਂ ਥੋੜ੍ਹਾ ਘੱਟ ਹੈ।

ਕਰਨਾਟਕ ਵਿਚ ਇਸ ਦੌਰਾਨ 29.80 ਲੱਖ ਟਨ ਖੰਡ ਦਾ ਉਤਪਾਦਨ ਹੋਇਆ ਹੈ, ਜੋ ਪਿਛਲੇ ਸੀਜ਼ਨ ਵਿਚ 21.90 ਲੱਖ ਟਨ ਸੀ। ਤਾਮਿਲਨਾਡੂ ਨੇ ਇਸ ਵਾਰ 15 ਜਨਵਰੀ ਤੱਕ 1.15 ਲੱਖ ਟਨ ਦਾ ਉਤਪਾਦਨ ਕੀਤਾ ਹੈ, ਜੋ ਪਿਛਲੀ ਵਾਰ 1.57 ਲੱਖ ਟਨ ਰਿਹਾ ਸੀ। ਬਾਕੀ ਆਂਧਰਾ ਪ੍ਰਦੇਸ਼ ਤੇ ਤੇਲੰਗਾਨਾ, ਬਿਹਾਰ, ਉਤਰਾਖੰਡ, ਪੰਜਾਬ, ਹਰਿਆਣਾ ਅਤੇ ਮੱਧ ਪ੍ਰਦੇਸ਼ ਤੇ ਛੱਤੀਸਗੜ, ਰਾਜਸਥਾਨ, ਓਡੀਸ਼ਾ ਨੇ 15 ਜਨਵਰੀ, 2021 ਤੱਕ ਸਮੂਹਿਕ ਤੌਰ 'ਤੇ 12.81 ਲੱਖ ਟਨ ਖੰਡ ਦਾ ਉਤਪਾਦਨ ਕੀਤਾ ਹੈ।


author

Sanjeev

Content Editor

Related News