ਹੀਰੋ ਮੋਟੋਕਾਰਪ ਦੇ ਕੰਪਲੈਕਸਾਂ ’ਤੇ ਆਮਦਨ ਕਰ ਵਿਭਾਗ ਦੇ ਛਾਪੇ

Thursday, Mar 24, 2022 - 03:36 PM (IST)

ਹੀਰੋ ਮੋਟੋਕਾਰਪ ਦੇ ਕੰਪਲੈਕਸਾਂ ’ਤੇ ਆਮਦਨ ਕਰ ਵਿਭਾਗ ਦੇ ਛਾਪੇ

ਨਵੀਂ ਦਿੱਲੀ– ਆਮਦਨ ਕਰ ਵਿਭਾਗ ਨੇ ਹੀਰੋ ਮੋਟੋਕਾਰਪ ਦੇ ਕਈ ਟਿਕਾਣਿਆਂ ’ਤੇ ਛਾਪੇ ਮਾਰੇ ਅਤੇ ਤਲਾਸ਼ੀ ਦੀ ਕਾਰਵਾਈ ਕੀਤੀ। ਇਹ ਜਾਣਕਾਰੀ ਬੁੱਧਵਾਰ ਨੂੰ ਅਧਿਕਾਰਕ ਸੂਤਰਾਂ ਨੇ ਦਿੱਤੀ। ਵਿਭਾਗ ਦੇ ਇਕ ਅਧਿਕਾਰੀ ਕਿਹਾ, ‘ਛਾਣਬੀਨ ਚੱਲ ਰਹੀ ਹੈ, ਇਸ ਲਈ ਇਸ ਦਾ ਵੇਰਵਾ ਨਹੀਂ ਦਿੱਤਾ ਜਾ ਸਕਦਾ। ਹੀਰੋ ਮੋਟੋਕਾਰਪ ਦਾ ਹੈੱਡਕੁਆਰਟਰ ਨਵੀਂ ਦਿੱਲੀ ’ਚ ਹੈ ਅਤੇ ਉਸ ਵੱਲੋਂ ਫਿਲਹਾਲ ਇਸ ਸਬੰਧ ’ਚ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ।’

ਅਧਿਕਾਰੀਆਂ ਨੇ ਬੁੱਧਵਾਰ ਨੂੰ ਦੱਸਿਆ ਕਿ ਹੀਰੋ ਮੋਟੋਕਾਰਪ ਗਰੁੱਪ ਦੇ ਚੇਅਰਮੈਨ ਅਤੇ ਸੀ. ਈ. ਓ. ਪਵਨ ਮੁੰਜਾਲ ਅਤੇ ਹੋਰ ਪ੍ਰਮੋਟਰਾਂ ਦੇ ਦਫਤਰਾਂ ਅਤੇ ਰਿਹਾਇਸ਼ੀ ਸਥਾਨਾਂ ’ਤੇ ਛਾਪੇਮਾਰੀ ਕੀਤੀ ਗਈ ਹੈ। ਇਹ ਛਾਪੇਮਾਰੀ ਗੁਰੂਗ੍ਰਾਮ, ਦਿੱਲੀ ਅਤੇ ਹੋਰ ਸ਼ਹਿਰਾਂ ਵਿੱਚ ਸਥਿਤ ਕੰਪਨੀ ਦੇ ਟਿਕਾਣਿਆਂ ’ਤੇ ਕੀਤੀ ਜਾ ਰਹੀ ਹੈ। ਆਮਦਨ ਕਰ ਵਿਭਾਗ ਦੇ ਅਧਿਕਾਰੀਆਂ ਦੀ ਟੀਮ ਕੰਪਨੀ ਅਤੇ ਇਸ ਦੇ ਪ੍ਰਮੋਟਰਾਂ ਦੇ ਵਿੱਤੀ ਦਸਤਾਵੇਜ਼ਾਂ ਅਤੇ ਹੋਰ ਕਾਰੋਬਾਰੀ ਲੈਣ-ਦੇਣ ਦੀ ਜਾਂਚ ਕਰ ਰਹੀ ਹੈ। ਸਾਲ 2001 ਵਿੱਚ ਦੁਨੀਆ ਦੀ ਪ੍ਰਮੁੱਖ ਦੋ-ਪਹੀਆ ਵਾਹਨ ਨਿਰਮਾਤਾ ਬਣੀ ਕੰਪਨੀ ਲਗਾਤਾਰ 20 ਸਾਲਾਂ ਤੱਕ ਇਸ ਅਹੁਦੇ ’ਤੇ ਬਣੀ ਹੋਈ ਹੈ। ਪਵਨ ਮੁੰਜਾਲ ਦੀ ਅਗਵਾਈ ਵਾਲੀ ਹੀਰੋ ਮੋਟੋਕਾਰਪ ਦੀ ਏਸ਼ੀਆ, ਅਫਰੀਕਾ, ਦੱਖਣੀ ਅਤੇ ਮੱਧ ਅਮਰੀਕਾ ਦੇ 40 ਦੇਸ਼ਾਂ ਵਿੱਚ ਮੌਜੂਦਗੀ ਹੈ।


author

Rakesh

Content Editor

Related News