ਇਨਕਮ ਟੈਕਸ ’ਤੇ PM ਮੋਦੀ ਦੇ ਅੰਕੜਿਆਂ ’ਤੇ ਆਮਦਨ ਕਰ ਵਿਭਾਗ ਨੇ ਦਿੱਤੀ ਸਫਾਈ

02/19/2020 10:46:18 AM

ਨਵੀਂ ਦਿੱਲੀ — ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਇੰਟਰਵਿਊ ’ਚ ਕਿਹਾ ਸੀ ਕਿ ਦੇਸ਼ ’ਚ ਸਿਰਫ 2200 ਪੇਸ਼ੇਵਰਾਂ ਨੇ ਹੀ ਆਮਦਨ ਕਰ ਰਿਟਰਨ ’ਚ ਆਪਣੀ ਕਮਾਈ ਨੂੰ 1 ਕਰੋਡ਼ ਰੁਪਏ ਤੋਂ ਜ਼ਿਆਦਾ ਐਲਾਨਿਆ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਸੀ ਕਿ ਇਹ ਅੰਕੜਾ ਤੁਹਾਡੇ ਗਲੇ ਤੋਂ ਹੇਠਾਂ ਨਹੀਂ ਉਤਰੇਗਾ ਪਰ ਇਹ ਸੱਚਾਈ ਹੈ।

ਪੀ. ਐੱਮ. ਦੇ ਇਸ ਬਿਆਨ ਤੋਂ ਬਾਅਦ ਕਈ ਲੋਕ ਸੋਸ਼ਲ ਮੀਡੀਆ ’ਤੇ ਇਸ ਅੰਕੜੇ ਨੂੰ ਗਲਤ ਦੱਸਣ ਲੱਗੇ ਤਾਂ ਆਮਦਨ ਕਰ ਵਿਭਾਗ ਨੇ ਟਵੀਟ ਰਾਹੀਂ ਸਫਾਈ ਦਿੱਤੀ। ਵਿਭਾਗ ਨੇ ਟਵੀਟ ਕਰ ਕੇ ਕਿਹਾ ਹੈ ਕਿ ਮੌਜੂਦਾ ਵਿੱਤੀ ਸਾਲ ’ਚ ਆਮਦਨ ਕਰ ਰਿਟਰਨ ਫਾਈਲ ਕਰਦਿਆਂ ਸਿਰਫ਼ 2200 ਡਾਕਟਰ, ਚਾਰਟਰਡ ਅਕਾਊਂਟੈਂਟਸ, ਵਕੀਲ ਜਾਂ ਹੋਰ ਪੇਸ਼ੇਵਰ ਲੋਕ ਹਨ, ਜਿਨ੍ਹਾਂ ਨੇ ਆਪਣੀ ਕਮਾਈ 1 ਕਰੋਡ਼ ਰੁਪਏ ਤੋਂ ਜਿਆਦਾ ਦੱਸੀ ਹੈ। ਪੀ. ਐੱਮ. ਦੇ ਦਾਅਵੇ ਨੂੰ ਗਲਤ ਦੱਸਦਿਆਂ ਤਰਕ ਦਿੱਤਾ ਜਾ ਰਿਹਾ ਸੀ ਕਿ ਵਿੱਤ ਮੰਤਰਾਲਾ ਨੇ ਪੀ. ਆਈ. ਬੀ. ਦੇ ਮਾਧਿਅਮ ਨਾਲ 24 ਅਕਤੂਬਰ, 2018 ਨੂੰ ਜਾਰੀ ਕੀਤੀ ਗਈ ਪ੍ਰੈੱਸ ਰਿਲੀਜ਼ ’ਚ ਦੱਸਿਆ ਸੀ ਕਿ ਦੇਸ਼ ’ਚ 81,344 ਕਰੋਡ਼ ਟੈਕਸਪੇਅਰਜ਼ ਨੇ ਆਪਣੀ ਸਾਲਾਨਾ ਕਮਾਈ 1 ਕਰੋਡ਼ ਰੁਪਏ ਤੋਂ ਜ਼ਿਆਦਾ ਐਲਾਨੀ ਹੈ। ਵਿੱਤ ਮੰਤਰਾਲਾ ਨੇ ਇਸ ਤੋਂ ਬਾਅਦ ਬੀਤੇ 3 ਸਾਲ ਯਾਨੀ 2014-15 ਤੋਂ 2017-18 ਤੱਕ ਦੇ ਅੰਕੜੇ ਦਿੰਦਿਆਂ ਕਿਹਾ ਸੀ ਕਿ 1 ਕਰੋਡ਼ ਰੁਪਏ ਤੋਂ ਜ਼ਿਆਦਾ ਕਮਾਈ ਦੱਸਣ ਵਾਲੇ ਟੈਕਸਪੇਅਰਜ਼ ਦੀ ਗਿਣਤੀ 88,649 ਸੀ ਪਰ 2017-18 ’ਚ ਇਹ ਅੰਕੜਾ 60 ਫ਼ੀਸਦੀ ਵਧ ਕੇ 1,40,139 ਹੋ ਗਿਆ। ਇਨ੍ਹਾਂ ’ਚ 1 ਕਰੋਡ਼ ਤੋਂ ਜ਼ਿਆਦਾ ਕਮਾਈ ਕਰਨ ਵਾਲੇ ਨਿੱਜੀ ਕਰਦਾਤਿਆਂ ਯਾਨੀ ਪੇਸ਼ੇਵਰਾਂ ਦੀ ਗਿਣਤੀ 81,344 ਸੀ।

ਇਹ ਕਿਹਾ ਸੀ ਪ੍ਰਧਾਨ ਮੰਤਰੀ ਨੇ

ਆਮਦਨ ਕਰ ਚੁਕਾਉਣ ਵਾਲਿਆਂ ਦੀ ਕਾਫ਼ੀ ਘੱਟ ਗਿਣਤੀ ਹੋਣ ’ਤੇ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਦੇਸ਼ ’ਚ ਬੀਤੇ 5 ਸਾਲਾਂ ’ਚ 1.5 ਕਰੋਡ਼ ਲਗਜ਼ਰੀ ਕਾਰਾਂ ਦੀ ਵਿਕਰੀ ਹੋਈ ਹੈ ਪਰ ਟੈਕਸਪੇਅਰਜ਼ ਦੀ ਗਿਣਤੀ 1.5 ਕਰੋਡ਼ ਹੀ ਹੈ। 3 ਕਰੋਡ਼ ਤੋਂ ਜ਼ਿਆਦਾ ਭਾਰਤੀ ਬਿਜ਼ਨੈੱਸ ਜਾਂ ਫਿਰ ਘੁੰਮਣ ਲਈ ਵਿਦੇਸ਼ ਗਏ ਹਨ ਪਰ ਸਥਿਤੀ ਇਹ ਹੈ ਕਿ 130 ਕਰੋਡ਼ ਤੋਂ ਜ਼ਿਆਦਾ ਦੇ ਸਾਡੇ ਦੇਸ਼ ’ਚ ਸਿਰਫ 1.5 ਕਰੋਡ਼ ਲੋਕ ਹੀ ਆਮਦਨ ਕਰ ਦਿੰਦੇ ਹਨ। ਇਨ੍ਹਾਂ ’ਚੋਂ ਵੀ ਪ੍ਰਤੀ ਸਾਲ 50 ਲੱਖ ਰੁਪਏ ਤੋਂ ਜ਼ਿਆਦਾ ਕਮਾਈ ਐਲਾਨਣ ਵਾਲਿਆਂ ਦੀ ਗਿਣਤੀ ਸਿਰਫ 3 ਲੱਖ ਹੈ।

ਇਸ ਤੋਂ ਅੱਗੇ ਪੀ. ਐੱਮ. ਮੋਦੀ ਨੇ ਕਿਹਾ ਕਿ ਤੁਹਾਨੂੰ ਇਕ ਅੰਕੜਾ ਹੋਰ ਦੇਣਾ ਚਾਹੁੰਦਾ ਹਾਂ। ਸਾਡੇ ਦੇਸ਼ ’ਚ ਬਹੁਤ ਸਾਰੇ ਪ੍ਰੋਫੈਸ਼ਨਲ ਹਨ, ਜਿਵੇਂ ਇੰਜੀਨੀਅਰ, ਡਾਕਟਰ, ਵਕੀਲ ਆਦਿ ਆਪਣੇ ਖੇਤਰਾਂ ’ਚ ਛਾਏ ਹੋਏ ਹਨ। ਆਪਣੇ ਤਰੀਕੇ ਨਾਲ ਉਹ ਦੇਸ਼ ਦੀ ਸੇਵਾ ਵੀ ਕਰ ਰਹੇ ਹਨ ਪਰ ਇਹ ਵੀ ਇਕ ਸੱਚਾਈ ਹੈ ਕਿ ਇੰਨੇ ਵੱਡੇ ਦੇਸ਼ ’ਚ ਸਿਰਫ 2200 ਪ੍ਰੋਫੈਸ਼ਨਲ ਹੀ ਆਪਣੀ ਸਾਲਾਨਾ ਇਨਕਮ ਨੂੰ 1 ਕਰੋਡ਼ ਰੁਪਏ ਤੋਂ ਜ਼ਿਆਦਾ ਦੱਸਦੇ ਹਨ। ਇਕੱਲੇ ਦਿੱਲੀ ਦੇ ਸੁਪਰੀਮ ਕੋਰਟ ’ਚ ਇਸ ਤੋਂ ਜ਼ਿਆਦਾ ਲੋਕ ਹੋਣਗੇ।


Related News