ਭਾਰਤ ’ਚ ਹੀ ਨਹੀਂ, ਕਈ ਵੱਡੇ ਦੇਸ਼ਾਂ ’ਚ ਵੀ ਆਟੋ ਖੇਤਰ ਦੀ ਹਾਲਤ ਖਰਾਬ

08/16/2019 5:37:32 PM

ਨਵੀਂ ਦਿੱਲੀ — ਭਾਰਤੀ ਆਟੋ ਉਦਯੋਗ ਇਸ ਸਮੇਂ ਆਪਣੇ ਸਭ ਤੋਂ ਮਾੜੇ ਦੌਰ 'ਚੋਂ ਲੰਘ ਰਿਹਾ ਹੈ। ਇਸ ਦੇ ਨਾਲ ਹੀ ਦੁਨੀਆ ਦੇ ਕਈ ਵੱਡੇ ਦੇਸ਼ਾਂ ’ਚ ਵੀ ਆਟੋ ਖੇਤਰ ਦੀ ਹਾਲਤ ਖਰਾਬ ਹੈ । ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਦੀ ਤਾਜ਼ਾ ਈਕੋਰੈਪ ਰਿਪੋਰਟ ਮੁਤਾਬਕ ਚੀਨ, ਜਰਮਨੀ ਅਤੇ ਅਮਰੀਕਾ ’ਚ ਵੀ ਇਸ ਖੇਤਰ ’ਚ ਸੁਸਤੀ ਵੇਖੀ ਜਾ ਰਹੀ ਹੈ। ਇਸ ਖੇਤਰ ਦੀ ਸੁਸਤੀ ਇਸ ਲਈ ਮਾਇਨੇ ਰੱਖਦੀ ਹੈ ਕਿ ਇਹ ਉਦਯੋਗ ਹਰ ਸਾਲ 3 ਕਰੋਡ਼ ਲੋਕਾਂ ਨੂੰ ਰੋਜ਼ਗਾਰ ਦਿੰਦਾ ਹੈ। ਇਸ ’ਚੋਂ ਅੱਧੇ ਤੋਂ ਜ਼ਿਆਦਾ ਲੋਕ ਠੇਕੇ ’ਤੇ ਕੰਮ ਕਰਦੇ ਹਨ।

ਧਿਆਨ ਯੋਗ ਹੈ ਕਿ ਜੁਲਾਈ ’ਚ ਯਾਤਰੀ ਵਾਹਨਾਂ ਦੀ ਘਰੇਲੂ ਵਿਕਰੀ ’ਚ ਕਰੀਬ 31 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ, ਜੋ ਪਿਛਲੇ 19 ਸਾਲਾਂ ’ਚ ਸਭ ਤੋਂ ਵੱਡੀ ਗਿਰਾਵਟ ਹੈ। ਇਸ ਤੋਂ ਇਲਾਵਾ ਲਗਾਤਾਰ 9 ਮਹੀਨਿਆਂ ਤੋਂ ਦੇਸ਼ ਦੇ ਆਟੋ ਸੈਕਟਰ ਦੀ ਵਿਕਰੀ ’ਚ ਗਿਰਾਵਟ ਵੇਖੀ ਜਾ ਰਹੀ ਹੈ।

ਰਿਪੋਰਟ ਮੁਤਾਬਕ ਚੀਨ ’ਚ ਜੁਲਾਈ ’ਚ ਕਾਰਾਂ ਦੀ ਵਿਕਰੀ 3.9 ਫੀਸਦੀ ਡਿੱਗ ਗਈ ਅਤੇ ਇਹ ਲਗਾਤਾਰ 13ਵੇਂ ਮਹੀਨੇ ਦੀ ਗਿਰਾਵਟ ਹੈ। ਏਸ਼ੀਆ ਪ੍ਰਸ਼ਾਂਤ ਖੇਤਰ ’ਚ ਪਿਛਲੇ ਸਾਲ ਵਾਹਨਾਂ ਦੀ ਵਿਕਰੀ ਕਰੀਬ 1 ਫੀਸਦੀ ਘੱਟ ਰਹੀ ਸੀ ਅਤੇ ਇਸ ਸਾਲ 2019 ’ਚ ਇਸ ਦੇ 2-3.5 ਫੀਸਦੀ ਤੱਕ ਘੱਟ ਰਹਿਣ ਦਾ ਖਦਸ਼ਾ ਹੈ। ਅਮਰੀਕਾ ’ਚ ਲੰਮੇ ਸਮੇਂ ਤੋਂ ਵਿਕਰੀ ’ਚ ਕਮੀ ਵੇਖੀ ਜਾ ਰਹੀ ਹੈ। ਅਮਰੀਕਾ ਅਤੇ ਚੀਨ ’ਚ ਵਿਕਰੀ ਘਟਣ ਦਾ ਅਸਰ ਜਰਮਨੀ ’ਤੇ ਵੀ ਪਿਆ ਹੈ। ਜਰਮਨੀ ’ਚ ਇਸ ਸਾਲ ਦੀ ਪਹਿਲੀ ਛਿਮਾਹੀ ’ਚ ਵਾਹਨਾਂ ਦਾ ਉਤਪਾਦਨ 12 ਫੀਸਦੀ ਘੱਟ ਗਿਆ।

ਐੱਸ. ਬੀ. ਆਈ. ਦੀ ਰਿਪੋਰਟ ਮੁਤਾਬਕ ਗੈਰ-ਬੈਂਿਕੰਗ ਫਾਈਨਾਂਸ ਕੰਪਨੀਆਂ (ਐੱਨ. ਬੀ. ਐੱਫ. ਸੀ.) ਦੇ ਕਰਜ਼ੇ ’ਚ ਕਮੀ, ਪੇਂਡੂ ਮੰਗ ’ਚ ਕਮੀ, ਇੰਸ਼ੋਰੈਂਸ ਦੀ ਲਾਗਤ ’ਚ ਵਾਧਾ ਅਤੇ ਐਕਸਲ ਲੋਡ ਨਾਲ ਜੁਡ਼ੇ ਮਾਪਦੰਡਾਂ ’ਚ ਬਦਲਾਅ ਕਾਰਨ ਉਦਯੋਗ ’ਚ ਸੁਸਤੀ ਦਾ ਮਾਹੌਲ ਹੈ। ਰਿਪੋਰਟ ’ਚ ਉਦਯੋਗ ਦੇ ਖਰਾਬ ਪ੍ਰਦਰਸ਼ਨ ਦੇ ਕੁੱਝ ਹੋਰ ਕਾਰਨ ਦੱਸੇ ਗਏ ਹਨ, ਜਿਵੇਂ-ਸੈਕਿੰਡ ਹੈਂਡ ਕਾਰਾਂ ਦੇ ਬਾਜ਼ਾਰ ’ਚ ਤੇਜ਼ੀ, ਇਲੈਕਟ੍ਰਿਕ ਵਾਹਨਾਂ ਦੀ ਲਾਂਚਿੰਗ ਅਤੇ ਸਰਕਾਰ ਦੀ ਈ. ਵੀ. ਨੀਤੀ ਅਤੇ ਕਿਰਾਏ ’ਤੇ ਕਾਰ ਲੈਣ ਦੇ ਦੌਰ ’ਚ ਵਾਧਾ। ਇਸ ਤੋਂ ਇਲਾਵਾ 2020 ’ਚ ਸਿੱਧੇ ਬੀ. ਐੱਸ.-6 ਉਤਸਰਜਨ ਮਾਪਦੰਡ ਅਪਣਾਉਣ ਦਾ ਆਦੇਸ਼ ਵੀ ਉਦਯੋਗ ਲਈ ਨਕਾਰਾਤਮਕ ਪ੍ਰਭਾਵ ਵਿਖਾ ਰਿਹਾ ਹੈ। ਗਾਹਕ ਮੌਜੂਦਾ ਵਾਹਨਾਂ ਨੂੰ ਖਰੀਦਣ ਤੋਂ ਕਤਰਾ ਰਹੇ ਹਨ। ਓਲਾ ਅਤੇ ਉਬਰ ਵਰਗੀਆਂ ਕੈਬ ਸੇਵਾਵਾਂ ਦੇ ਵਿਸਤਾਰ ਨਾਲ ਵੀ ਉਦਯੋਗ ਨੂੰ ਇਕ ਵੱਡੀ ਚੁਣੌਤੀ ਮਿਲੀ ਹੈ।


Related News