ਸ਼ੁਰੂਆਤੀ ਕਾਰੋਬਾਰ ਵਿਚ ਰੁਪਿਆ ਅਮਰੀਕੀ ਡਾਲਰ ਦੇ ਮੁਕਾਬਲੇ 24 ਪੈਸੇ ਡਿੱਗਾ
Thursday, Sep 17, 2020 - 12:35 PM (IST)
ਮੁੰਬਈ — ਘਰੇਲੂ ਸਟਾਕ ਮਾਰਕੀਟ ਵਿਚ ਆਈ ਗਿਰਾਵਟ ਅਤੇ ਅਮਰੀਕੀ ਮੁਦਰਾ ਦੀ ਮਜ਼ਬੂਤੀ ਕਾਰਨ ਰੁਪਿਆ ਵੀਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿਚ 24 ਪੈਸੇ ਦੀ ਗਿਰਾਵਟ ਨਾਲ 73.76 ਦੇ ਪੱਧਰ 'ਤੇ ਬੰਦ ਹੋਇਆ। ਅੰਤਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ ਵਿਚ ਸਥਾਨਕ ਮੁਦਰਾ 73.70 ਦੇ ਕਮਜ਼ੋਰ ਰੁਖ਼ ਨਾਲ ਖੁੱਲ੍ਹੀ ਅਤੇ ਅੱਗੇ ਟੁੱਟ ਕੇ 73.76 'ਤੇ ਆ ਗਈ, ਜਿਹੜੀ ਪਿਛਲੇ ਬੰਦ ਭਾਅ ਦੇ ਮੁਕਾਬਲੇ 24 ਪੈਸੇ ਦੇ ਘਾਟੇ ਨੂੰ ਦਰਸਾਉਂਦਾ ਹੈ।
ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ ਬੁੱਧਵਾਰ ਨੂੰ 12 ਪੈਸੇ ਦੀ ਤੇਜ਼ੀ ਨਾਲ 73.52 ਦੇ ਪੱਧਰ 'ਤੇ ਬੰਦ ਹੋਇਆ ਸੀ। ਛੇ ਵੱਡੀਆਂ ਮੁਦਰਾਵਾਂ ਦੇ ਮੁਕਾਬਲੇ ਅਮਰੀਕੀ ਡਾਲਰ ਦੀ ਸਥਿਤੀ ਨੂੰ ਦਰਸਾਉਣ ਵਾਲਾ ਡਾਲਕ ਇੰਡੈਕਸ 0.32 ਪ੍ਰਤੀਸ਼ਤ ਦੇ ਵਾਧੇ ਨਾਲ 93.51 'ਤੇ ਬੰਦ ਹੋਇਆ ਹੈ। ਇਸ ਦੌਰਾਨ ਯੂਐਸ ਦੇ ਫੈਡਰਲ ਰਿਜ਼ਰਵ ਦੀ ਦੋ ਰੋਜ਼ਾ ਨੀਤੀ ਮੀਟਿੰਗ ਬੁੱਧਵਾਰ ਨੂੰ ਖਤਮ ਹੋ ਗਈ। ਸ਼ੇਅਰ ਬਾਜ਼ਾਰ ਦੇ ਆਰਜ਼ੀ ਅੰਕੜਿਆਂ ਅਨੁਸਾਰ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਨੇ ਬੁੱਧਵਾਰ ਨੂੰ ਕੁੱਲ ਆਧਾਰ 'ਤੇ 264.66 ਕਰੋੜ ਰੁਪਏ ਦੀ ਇਕਵਿਟੀ ਖਰੀਦੀ। ਬ੍ਰੈਂਟ ਕਰੂਡ 1.07 ਪ੍ਰਤੀਸ਼ਤ ਦੀ ਕਮੀ ਦੇ ਨਾਲ 41.84 ਡਾਲਰ ਪ੍ਰਤੀ ਬੈਰਲ 'ਤੇ ਰਿਹਾ।