ਕੋਰੋਨਾ ਕਾਲ ਦੇ 2 ਸਾਲਾਂ 'ਚ 16 ਕਰੋੜ ਹੋਰ ਲੋਕ ਹੋਏ ‘ਗ਼ਰੀਬ’, ਅਮੀਰਾਂ ਨੇ ਜੰਮ ਕੇ ਕੀਤੀ ‘ਕਮਾਈ’

Tuesday, Jan 18, 2022 - 07:43 PM (IST)

ਕੋਰੋਨਾ ਕਾਲ ਦੇ 2 ਸਾਲਾਂ 'ਚ 16 ਕਰੋੜ ਹੋਰ ਲੋਕ ਹੋਏ ‘ਗ਼ਰੀਬ’, ਅਮੀਰਾਂ ਨੇ ਜੰਮ ਕੇ ਕੀਤੀ ‘ਕਮਾਈ’

ਨਵੀਂ ਦਿੱਲੀ/ਦਾਵੋਸ (ਭਾਸ਼ਾ) - ਕੋਰੋਨਾ ਵਾਇਰਸ ਮਹਾਮਾਰੀ ਦੇ ਪਹਿਲੇ 2 ਸਾਲਾਂ ’ਚ ਦੁਨੀਆ ’ਚ 99 ਫ਼ੀਸਦੀ ਲੋਕਾਂ ਦੀ ਆਮਦਨ ’ਚ ਗਿਰਾਵਟ ਆਈ ਹੈ ਅਤੇ 16 ਕਰੋਡ਼ ਤੋਂ ਜ਼ਿਆਦਾ ਲੋਕ ‘ਗਰੀਬ’ ਦੀ ਸ਼੍ਰੇਣੀ ’ਚ ਆ ਗਏ ਹਨ। ਉੱਥੇ ਹੀ ਦੂਜੇ ਪਾਸੇ ਮਹਾਮਾਰੀ ਕਾਲ ’ਚ ਦੁਨੀਆ ਦੇ 10 ਸਭ ਤੋਂ ਅਮੀਰ ਆਦਮੀਆਂ ਦੀ ਜਾਇਦਾਦ ਰੋਜ਼ਾਨਾ 1.3 ਅਰਬ ਡਾਲਰ (9,000 ਕਰੋਡ਼ ਰੁਪਏ) ਦੀ ਦਰ ਨਾਲ ਵਧ ਕੇ 1,500 ਅਰਬ ਡਾਲਰ (111 ਲੱਖ ਕਰੋਡ਼ ਰੁਪਏ ਤੋਂ ਜ਼ਿਆਦਾ) ’ਤੇ ਪਹੁੰਚ ਗਈ। ਵਿਸ਼ਵ ਆਰਥਿਕ ਮੰਚ (ਡਬਲਯੂ. ਈ. ਐੱਫ.) ਦੇ ਆਨਲਾਈਨ ਦਾਵੋਸ ਏਜੰਡਾ ਸਿਖਰ ਸੰਮੇਲਨ ਦੇ ਪਹਿਲੇ ਦਿਨ ਜਾਰੀ ਆਪਣੀ ਰਿਪੋਰਟ ‘ਇਨਇਕਵਲਿਟੀ ਕਿਲਸ’ ’ਚ ਆਕਸਫੈਮ ਇੰਟਰਨੈਸ਼ਨਲ ਨੇ ਕਿਹਾ ਕਿ ਅਸਮਾਨਤਾ ਦੀ ਵਜ੍ਹਾ ਨਾਲ ਰੋਜ਼ਾਨਾ ਘੱਟ ਤੋਂ ਘੱਟ 21,000 ਲੋਕ ਜਾਂ ਪ੍ਰਤੀ 4 ਸੈਕੰਡ ’ਚ ਇਕ ਵਿਅਕਤੀ ਦੀ ਮੌਤ ਹੋ ਰਹੀ ਹੈ।

ਇਹ ਵੀ ਪੜ੍ਹੋ : Bitcoin ਨਿਵੇਸ਼ਕਾਂ ਦਾ ਪਸੰਦੀਦਾ ਸਥਾਨ ਬਣਿਆ Puerto Rico, ਇਸ ਕਾਰਨ ਦੇ ਰਹੇ ਤਰਜੀਹ

ਆਕਸਫੈਮ ਇੰਟਰਨੈਸ਼ਨਲ ਦੀ ਕਾਰਜਕਾਰੀ ਨਿਰਦੇਸ਼ਕ ਗੈਬਰਿਏਲਾ ਬੂਚਰ ਨੇ ਕਿਹਾ, ‘‘ਦੁਨੀਆ ਦੇ ਚੋਟੀ ਦੇ 10 ਅਮੀਰਾਂ ਦੇ ਕੋਲ ਸਭ ਤੋਂ ਗਰੀਬ 3.1 ਅਰਬ ਲੋਕਾਂ ਦੇ ਮੁਕਾਬਲੇ 6 ਗੁਣਾ ਜ਼ਿਆਦਾ ਜਾਇਦਾਦ ਹੈ।’’ ਆਕਸਫੈਮ ਇੰਟਰਨੈਸ਼ਨਲ ਅਨੁਸਾਰ ਅਰਬਪਤੀਆਂ ਦੀ ਜਾਇਦਾਦ ਬੀਤੇ 14 ਸਾਲਾਂ ਦੇ ਮੁਕਾਬਲੇ ਮਹਾਮਾਰੀ ਦੇ ਪਿਛਲੇ 2 ਸਾਲਾਂ ’ਚ ਸਭ ਤੋਂ ਤੇਜ਼ੀ ਨਾਲ ਵਧੀ ਹੈ। ਬੂਚਰ ਨੇ ਦੋਸ਼ ਲਾਇਆ ਕਿ ਮਹਾਮਾਰੀ ਨੂੰ ਲੈ ਕੇ ਦੁਨੀਆ ਦੀ ਪ੍ਰਤੀਕਿਰਿਆ ਨੇ ਆਰਥਿਕ ਹਿੰਸਾ ਵਿਸ਼ੇਸ਼ ਰੂਪ ’ਚ ਨਸਲੀ ਹਿੰਸਾ, ਹਾਸ਼ੀਏ ਵਾਲੇ ਵਰਗ ਦੇ ਲੋਕਾਂ ਦੇ ਖਿਲਾਫ ਅਤੇ ਲਿੰਗ ਦੇ ਆਧਾਰ ’ਤੇ ਹਿੰਸਾ ਨੂੰ ਉਤਸ਼ਾਹ ਦਿੱਤਾ ਹੈ।

ਰਿਪੋਰਟ ਕਹਿੰਦੀ ਹੈ ਕਿ 2020 ’ਚ ਔਰਤਾਂ ਨੂੰ ਸਮੂਹਿਕ ਰੂਪ ’ਚ 800 ਅਰਬ ਡਾਲਰ ਦੀ ਕਮਾਈ ਦਾ ਨੁਕਸਾਨ ਹੋਇਆ। ਕੋਰੋਨਾ ਤੋਂ ਪਹਿਲਾਂ ਸਾਲ 2019 ਦੇ ਮੁਕਾਬਲੇ ਹੁਣ 1.3 ਕਰੋਡ਼ ਘੱਟ ਔਰਤਾਂ ਕੰਮ ਕਰਦੀਆਂ ਹਨ। ਉੱਥੇ ਹੀ 252 ਪੁਰਸ਼ਾਂ ਦੇ ਕੋਲ ਅਫਰੀਕਾ ਅਤੇ ਲਾਤੀਨੀ ਅਮਰੀਕਾ ਅਤੇ ਕੈਰੀਬੀਆਈ ਦੇਸ਼ਾਂ ਦੀਆਂ ਇਕ ਅਰਬ ਔਰਤਾਂ ਅਤੇ ਲਡ਼ਕੀਆਂ ਦੀ ਕੁੱਲ ਜਾਇਦਾਦ ਨਾਲੋਂ ਜ਼ਿਆਦਾ ਜਾਇਦਾਦ ਹੈ।

ਇਹ ਵੀ ਪੜ੍ਹੋ : ਫਰੈਸ਼ਰਸ ਲਈ ਖੁਸ਼ਖਬਰੀ: TCS ਇਸ ਸਾਲ 1 ਲੱਖ ਤੋਂ ਵੱਧ ਕਰਮਚਾਰੀਆਂ ਦੀ ਕਰੇਗੀ ਨਿਯੁਕਤੀ

ਭਾਰਤ ਦੇ 10 ਸਭ ਤੋਂ ਅਮੀਰ ਲੋਕਾਂ ਦੀ ਜਾਇਦਾਦ 25 ਸਾਲ ਤੱਕ ਹਰ ਬੱਚੇ ਨੂੰ ਸਿੱਖਿਆ ਲਈ ਸਮਰੱਥ

ਕੋਵਿਡ-19 ਮਹਾਮਾਰੀ ਦੌਰਾਨ ਭਾਰਤ ਦੇ ਅਰਬਪਤੀਆਂ ਦੀ ਕੁੱਲ ਜਾਇਦਾਦ ਵਧ ਕੇ ਦੋਗੁਣੇ ਤੋਂ ਜ਼ਿਆਦਾ ਹੋ ਗਈ ਅਤੇ 10 ਸਭ ਤੋਂ ਅਮੀਰ ਲੋਕਾਂ ਦੀ ਜਾਇਦਾਦ 25 ਸਾਲ ਤੱਕ ਦੇਸ਼ ਦੇ ਹਰ ਬੱਚੇ ਨੂੰ ਸਕੂਲੀ ਸਿੱਖਿਆ ਅਤੇ ਉੱਚ ਸਿੱਖਿਆ ਦੇਣ ਲਈ ਸਮਰੱਥ ਹੈ। ਅਧਿਐਨ ਮੁਤਾਬਕ ਇਸ ਦੌਰਾਨ ਭਾਰਤ ’ਚ ਅਰਬਪਤੀਆਂ ਦੀ ਗਿਣਤੀ 39 ਫ਼ੀਸਦੀ ਵਧ ਕੇ 142 ਹੋ ਗਈ।

ਵੀਡੀਓ ਕਾਨਫਰੰਸ ਦੇ ਜਰੀਏ ਆਯੋਜਿਤ ਵਿਸ਼ਵ ਆਰਥਿਕ ਮੰਚ ਦੇ ਦਾਵੋਸ ਏਜੰਡਾ ਸਿਖਰ ਸੰਮੇਲਨ ਦੇ ਪਹਿਲੇ ਦਿਨ ਜਾਰੀ ਆਕਸਫੈਮ ਇੰਡੀਆ ਦੀ ਸਾਲਾਨਾ ਅਸਮਾਨਤਾ ਸਰਵੇਖਣ ਰਿਪੋਰਟ ’ਚ ਕਿਹਾ ਗਿਆ ਕਿ ਜੇਕਰ ਸਭ ਤੋਂ ਅਮੀਰ 10 ਫ਼ੀਸਦੀ ਲੋਕਾਂ ’ਤੇ ਇਕ ਫ਼ੀਸਦੀ ਵਾਧੂ ਟੈਕਸ ਲਾ ਦਿੱਤਾ ਜਾਵੇ, ਤਾਂ ਦੇਸ਼ ਨੂੰ ਲਗਭਗ 17.7 ਲੱਖ ਵਾਧੂ ਆਕਸੀਜ਼ਨ ਸਿਲੰਡਰ ਮਿਲ ਸਕਦੇ ਹਨ। ਰਿਪੋਰਟ ’ਚ ਅੱਗੇ ਕਿਹਾ ਗਿਆ ਕਿ 142 ਭਾਰਤੀ ਅਰਬਪਤੀਆਂ ਦੇ ਕੋਲ ਕੁਲ 719 ਅਰਬ ਅਮਰੀਕੀ ਡਾਲਰ (53 ਲੱਖ ਕਰੋਡ਼ ਰੁਪਏ ਤੋਂ ਜ਼ਿਆਦਾ) ਦੀ ਜਾਇਦਾਦ ਹੈ। ਦੇਸ਼ ਦੇ ਸਭ ਤੋਂ ਅਮੀਰ 98 ਲੋਕਾਂ ਦੀ ਕੁਲ ਜਾਇਦਾਦ ਸਭ ਤੋਂ ਗਰੀਬ 55.5 ਕਰੋਡ਼ ਲੋਕਾਂ ਦੀ ਕੁਲ ਜਾਇਦਾਦ ਦੇ ਬਰਾਬਰ ਹੈ।

ਇਹ ਵੀ ਪੜ੍ਹੋ : ਭਾਰਤੀ ਅਰਬਪਤੀਆਂ ਦੀ ਗਿਣਤੀ ਵਧੀ, ਗੌਤਮ ਅਡਾਨੀ ਦੀ ਜਾਇਦਾਦ 'ਚ ਹੋਇਆ ਜ਼ਬਰਦਸਤ ਵਾਧਾ

ਅਰਬਪਤੀਆਂ ’ਤੇ ਸਾਲਾਨਾ ਜਾਇਦਾਦ ਟੈਕਸ ਲਗਾਉਣ ਨਾਲ ਹਰ ਸਾਲ ਮਿਲਣਗੇ 78.3 ਅਰਬ ਅਮਰੀਕੀ ਡਾਲਰ

ਰਿਪੋਰਟ ’ਚ ਅੱਗੇ ਕਿਹਾ ਗਿਆ ਕਿ ਜੇਕਰ 10 ਸਭ ਤੋਂ ਅਮੀਰ ਭਾਰਤੀ ਅਰਬਪਤੀਆਂ ਨੂੰ ਰੋਜ਼ਾਨਾ 10 ਲੱਖ ਅਮਰੀਕੀ ਡਾਲਰ ਖਰਚ ਕਰਨੇ ਹੋਣ ਤਾਂ ਉਨ੍ਹਾਂ ਦੀ ਮੌਜੂਦਾ ਜਾਇਦਾਦ 84 ਸਾਲ ’ਚ ਖਤਮ ਹੋਵੇਗੀ। ਆਕਸਫੈਮ ਨੇ ਕਿਹਾ ਕਿ ਇਨ੍ਹਾਂ ਅਰਬਪਤੀਆਂ ’ਤੇ ਸਾਲਾਨਾ ਜਾਇਦਾਦ ਟੈਕਸ ਲਗਾਉਣ ਨਾਲ ਹਰ ਸਾਲ 78.3 ਅਰਬ ਅਮਰੀਕੀ ਡਾਲਰ ਮਿਲਣਗੇ, ਜਿਸ ਨਾਲ ਸਰਕਾਰੀ ਸਿਹਤ ਬਜਟ ’ਚ 271 ਫ਼ੀਸਦੀ ਵਾਧਾ ਹੋ ਸਕਦਾ ਹੈ। ਰਿਪੋਰਟ ਮੁਤਾਬਕ ਕੋਵਿਡ-19 ਦੀ ਸ਼ੁਰੂਆਤ ਇਕ ਸਿਹਤ ਸੰਕਟ ਦੇ ਰੂਪ ’ਚ ਹੋਈ ਸੀ ਪਰ ਹੁਣ ਇਹ ਇਕ ਆਰਥਿਕ ਸੰਕਟ ਬਣ ਗਿਆ ਹੈ। ਮਹਾਮਾਰੀ ਦੌਰਾਨ ਸਭ ਤੋਂ ਅਮੀਰ 10 ਫ਼ੀਸਦੀ ਲੋਕਾਂ ਨੇ ਰਾਸ਼ਟਰੀ ਜਾਇਦਾਦ ਦਾ 45 ਫ਼ੀਸਦੀ ਹਿੱਸਾ ਹਾਸਲ ਕੀਤਾ, ਜਦੋਂ ਕਿ ਹੇਠਾਂ ਦੀ 50 ਫ਼ੀਸਦੀ ਆਬਾਦੀ ਦੇ ਹਿੱਸੇ ਸਿਰਫ 6 ਫ਼ੀਸਦੀ ਰਾਸ਼ੀ ਆਈ। ਅਧਿਐਨ ’ਚ ਸਰਕਾਰ ਨੂੰ ਮਾਲੀਆ ਸਿਰਜਣ ਦੇ ਆਪਣੇ ਮੁਢਲੇ ਸਰੋਤਾਂ ’ਤੇ ਫਿਰ ਤੋਂ ਵਿਚਾਰ ਕਰਣ ਅਤੇ ਟੈਕਸੇਸ਼ਨ ਦੇ ਜ਼ਿਆਦਾ ਪ੍ਰਗਤੀਸ਼ੀਲ ਤਰੀਕਿਆਂ ਨੂੰ ਅਪਨਾਉਣ ਦੀ ਅਪੀਲ ਕੀਤੀ ਗਈ।

ਇਹ ਵੀ ਪੜ੍ਹੋ : ਸ਼ੇਅਰ ਮਾਰਕੀਟ 'ਚ ਮਹਿਲਾ ਨਿਵੇਸ਼ਕਾਂ ਦੀ ਗਿਣਤੀ ਵਧੀ, ਕੋਰੋਨਾ ਕਾਲ ਨੇ ਬਦਲੀ ਤਸਵੀਰ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News