ਅਪ੍ਰੈਲ ''ਚ ਕੋਲਾ ਉਤਪਾਦਨ 8.5 ਫ਼ੀਸਦੀ ਵਧ ਕੇ 73 ਮਿਲੀਅਨ ਟਨ ''ਤੇ ਪੁੱਜਾ

05/18/2023 5:49:38 PM

ਨਵੀਂ ਦਿੱਲੀ (ਭਾਸ਼ਾ) - ਅਪ੍ਰੈਲ 'ਚ ਦੇਸ਼ ਦਾ ਕੋਲਾ ਉਤਪਾਦਨ ਸਾਲਾਨਾ ਆਧਾਰ 'ਤੇ 8.5 ਫ਼ੀਸਦੀ ਵਧ ਕੇ 73.1 ਮਿਲੀਅਨ ਟਨ ਤੋਂ ਜ਼ਿਆਦਾ ਹੋ ਗਿਆ। ਕੋਲਾ ਮੰਤਰਾਲੇ ਨੇ ਵੀਰਵਾਰ ਨੂੰ ਆਪਣੇ ਮਾਸਿਕ ਉਤਪਾਦਨ ਦੇ ਅੰਕੜੇ ਜਾਰੀ ਕਰਦੇ ਹੋਏ ਕਿਹਾ ਕਿ ਦੇਸ਼ ਦਾ ਕੁਲ ਕੋਲਾ ਉਤਪਾਦਨ ਇਕ ਸਾਲ ਪਹਿਲਾਂ ਇਸੇ ਮਹੀਨੇ 67.2 ਮਿਲੀਅਨ ਟਨ ਸੀ। ਅਪ੍ਰੈਲ 2023 ਵਿੱਚ 73.1 ਮਿਲੀਅਨ ਟਨ ਦਾ ਉਤਪਾਦਨ ਕਰਕੇ, ਦੇਸ਼ ਨੇ ਮਹੀਨੇ ਲਈ ਨਿਰਧਾਰਿਤ ਉਤਪਾਦਨ ਟੀਚੇ ਦਾ 94.89 ਪ੍ਰਤੀਸ਼ਤ ਪ੍ਰਾਪਤ ਕਰ ਲਿਆ ਹੈ।

ਦੇਸ਼ ਦੀ ਸਭ ਤੋਂ ਵੱਡੀ ਕੋਲਾ ਕੰਪਨੀ ਕੋਲ ਇੰਡੀਆ ਲਿਮਟਿਡ (ਸੀਆਈਐਲ) ਨੇ 5.75 ਮਿਲੀਅਨ ਟਨ ਦੇ ਉਤਪਾਦਨ ਦੇ ਇਸ ਵਾਧੇ ਵਿੱਚ ਸਭ ਤੋਂ ਮਹੱਤਵਪੂਰਨ ਭੂਮਿਕਾ ਨਿਭਾਈ। ਅਪ੍ਰੈਲ 2022 ਵਿੱਚ ਸੀਆਈਐਲ ਦਾ ਕੋਲਾ ਉਤਪਾਦਨ 5.34 ਮਿਲੀਅਨ ਟਨ ਸੀ। ਦੂਜੇ ਪਾਸੇ, ਸਿੰਗਾਰੇਨੀ ਕੋਲੀਅਰੀਜ਼ ਕੰਪਨੀ ਲਿਮਟਿਡ ਦਾ ਉਤਪਾਦਨ ਅਪ੍ਰੈਲ 'ਚ 4.77 ਫ਼ੀਸਦੀ ਵਧ ਕੇ 5.57 ਮਿਲੀਅਨ ਟਨ ਹੋ ਗਿਆ, ਜੋ ਇਕ ਸਾਲ ਪਹਿਲਾਂ 5.32 ਮਿਲੀਅਨ ਟਨ ਸੀ।

ਭਾਰਤ ਦੀ ਕੋਲੇ ਦੀ ਸਪਲਾਈ ਵੀ ਪਿਛਲੇ ਮਹੀਨੇ 11.66 ਫ਼ੀਸਦੀ ਵਧ ਕੇ 80.3 ਮਿਲੀਅਨ ਟਨ ਹੋ ਗਈ, ਜਦੋਂ ਕਿ ਇਕ ਸਾਲ ਪਹਿਲਾਂ ਇਸੇ ਮਿਆਦ ਵਿਚ 71.9 ਮਿਲੀਅਨ ਟਨ ਦੀ ਸਪਲਾਈ ਕੀਤੀ ਗਈ ਸੀ। ਇਸ ਸਮੇਂ ਦੌਰਾਨ, ਬਿਜਲੀ ਪੈਦਾ ਕਰਨ ਵਾਲੀਆਂ ਇਕਾਈਆਂ ਨੂੰ 6.54 ਮਿਲੀਅਨ ਟਨ ਕੋਲੇ ਦੀ ਸਪਲਾਈ ਕੀਤੀ ਗਈ, ਜੋ ਅਪ੍ਰੈਲ, 2022 ਦੇ 6.13 ਮਿਲੀਅਨ ਟਨ ਦੇ ਮੁਕਾਬਲੇ 6.66 ਫ਼ੀਸਦੀ ਵੱਧ ਹੈ। ਦੁਨੀਆ ਦੇ ਚੋਟੀ ਦੇ ਪੰਜ ਕੋਲਾ ਉਤਪਾਦਕ ਦੇਸ਼ਾਂ ਵਿੱਚੋਂ ਇੱਕ ਹੋਣ ਦੇ ਬਾਵਜੂਦ, ਭਾਰਤ ਨੂੰ ਕੋਲੇ ਦੀਆਂ ਲੋੜਾਂ ਪੂਰੀਆਂ ਕਰਨ ਲਈ ਦਰਾਮਦ ਦਾ ਸਹਾਰਾ ਲੈਣਾ ਪੈਂਦਾ ਹੈ। ਕੋਕਿੰਗ ਕੋਲੇ ਦੇ ਮਾਮਲੇ ਵਿੱਚ ਭਾਰਤ ਦਰਾਮਦ 'ਤੇ ਬਹੁਤ ਜ਼ਿਆਦਾ ਨਿਰਭਰ ਹੈ।


rajwinder kaur

Content Editor

Related News