ਸਰਕਾਰ 2023 ’ਚ ਰੇਹੜੀ-ਪਟੜੀ ਵਾਲਿਆਂ ਨੂੰ ਛੋਟੇ ਕਰਜ਼ੇ ਦੇਣ ’ਤੇ ਦੇਵੇਗੀ ਜ਼ੋਰ : ਵੈਸ਼ਣਵ
Sunday, Jan 08, 2023 - 11:40 AM (IST)
ਨਵੀਂ ਦਿੱਲੀ (ਭਾਸ਼ਾ) – ਦੂਰਸੰਚਾਰ ਅਤੇ ਸੂਚਨਾ ਤਕਾਲੋਜੀ ਮੰਤਰੀ ਅਸ਼ਵਨੀ ਵੈਸ਼ਣਵ ਨੇ ਕਿਹਾ ਕਿ ਸਰਕਾਰ ਸਾਲ 2023 ’ਚ ਡਿਜੀਟਲ ਤਕਨਾਲੋਜੀਆਂ ਦੀ ਮਦਦ ਨਾਲ ਰੇਹੜੀ-ਪਟੜੀ ਵਾਲਿਆਂ ਨੂੰ 5,000 ਰੁਪਏ ਤੱਕ ਦੀ ਸੂਖਮ ਕਰਜ਼ਾ ਸਹੂਲਤ ਦੇਣ ’ਤੇ ਖਾਸ ਜ਼ੋਰ ਦੇਵੇਗੀ। ਵੈਸ਼ਣਵ ਨੇ ਡਿਜੀਟਲ ਇੰਡੀਆ ਪੁਰਸਕਾਰ ਵੰਡ ਸਮਾਰੋਹ ਵਿਚ ਕਿਹਾ ਕਿ 2023 ’ਚ ਰੇਹੜੀ-ਪਟੜੀ ਵਾਲਿਆਂ ਦੀ 3000 ਰੁਪਏ ਤੋਂ 5000 ਰੁਪਏ ਤੱਕ ਛੋਟੀਆਂ ਕਰਜ਼ਾ ਲੋੜਾਂ ਨੂੰ ਪੂਰਾ ਕਰਨ ਲਈ ਸੌਖਾਲੇ ਤਰੀਕੇ ਨਾਲ ਕਰਜ਼ਾ ਸਹੂਲਤਾਂ ਮੁਹੱਈਆ ਕਰਵਾਉਣ ’ਤੇ ਖਾਸ ਧਿਆਨ ਦਿੱਤਾ ਜਾਵੇਗਾ।
ਡਿਜ਼ੀਟਲ ਇੰਡੀਆ ਦੀ ਦਿਸ਼ਾ ’ਚ ਵੱਡੀ ਤਿਆਰੀ ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਰੇਕ ਨਾਗਰਿਕ ਨੂੰ ਡਿਜੀਟਲ ਤੌਰ ’ਤੇ ਜੋੜਨ ਲਈ ਦੇਸ਼ ਦੇ ਸਾਰੇ ਹਿੱਸਿਆਂ ਤੱਕ 4ਜੀ ਅਤੇ 5ਜੀ ਦੂਰਸੰਚਾਰ ਸੇਵਾਵਾਂ ਪਹੁੰਚਾਉਣ ਲਈ ਲਗਭਗ 52,000 ਕਰੋੜ ਰੁਪਏ ਅਲਾਟ ਕੀਤੇ ਹਨ। ਮੰਤਰੀ ਨੇ ਕਿਹਾ ਕਿ ਦੇਸ਼ ਇਸ ਸਾਲ ਸਵੇਦੇਸ਼ੀ ਤੌਰ ’ਤੇ ਵਿਕਸਿਤ 4ਜੀ ਅਤੇ 5ਜੀ ਤਕਨਾਲੋਜੀਆਂ ਨੂੰ ਲਾਗੂ ਹੁੰਦੇ ਦੇਖੇਗਾ। ਉਨ੍ਹਾਂ ਨੇ ਕਿਹਾ ਕਿ ਤਕਨਾਲੋਜੀ ਦੇ ਖੇਤਰ ’ਚ ਭਾਰਤ ਨੂੰ ਆਤਮ-ਨਿਰਭਰ ਬਣਾਉਣ ਲਈ ਪ੍ਰਧਾਨ ਮੰਤਰੀ ਮੋਦੀ ਦੇ ਵਿਜ਼ਨ ਮੁਤਾਬਕ ਦੇਸ਼ ’ਚ ਬਹੁਤ ਛੇਤੀ ਇਕ ਇਲੈਕਟ੍ਰਾਨਿਕ ਚਿੱਪ ਨਿਰਮਾਣ ਪਲਾਂਟ ਦੀ ਸਥਾਪਨਾ ਕੀਤੀ ਜਾਵੇਗੀ।