ਈਰਾਨ ਤੋਂ ਤੇਲ ਆਯਾਤ ਮਾਮਲੇ ''ਚ ਭਾਰਤ ਅਤੇ ਅਮਰੀਕਾ ਵਿਚਕਾਰ ਹੋਈ ਅਹਿਮ ਗੱਲਬਾਤ

07/18/2018 9:36:18 AM

ਨਵੀਂ ਦਿੱਲੀ — ਈਰਾਨ ਤੋਂ ਕੱਚੇ ਤੇਲ ਦੇ ਆਯਾਤ 'ਤੇ ਰੋਕ ਲਗਾਉਣ ਦੇ ਮਾਮਲੇ 'ਚ ਸੋਮਵਾਰ ਨੂੰ ਯੂ.ਐੱਸ. ਦੇ ਇਕ ਉੱਚ ਪੱਧਰੀ ਡੈਲੀਗੇਸ਼ਨ ਅਤੇ ਵਿਦੇਸ਼ ਸਕੱਤਰ ਵਿਜੇ ਗੋਖਲੇ ਦੇ ਵਿਚਕਾਰ ਗੱਲਬਾਤ ਹੋਈ। ਜ਼ਿਕਰਯੋਗ ਹੈ ਕਿ ਅਮਰੀਕਾ ਨੇ ਕੁਝ ਦੇਸ਼ਾਂ ਨੂੰ ਇਸ ਪਾਬੰਦੀ ਤੋਂ ਵੱਖ ਕਰਨ ਦੇ ਸੰਕੇਤ ਦਿੱਤੇ ਹਨ। ਇਸ ਡੈਲੀਗੇਸ਼ਨ ਨੇ ਵਿੱਤ ਮੰਤਰਾਲੇ ਦੇ ਅਧਿਕਾਰੀਆਂ ਨਾਲ ਬੈਠਕ ਕੀਤੀ।
ਅਧਿਕਾਰਕ ਸੂਤਰਾਂ ਮੁਤਾਬਕ ਈਰਾਨ ਤੋਂ ਤੇਲ ਦੀ ਖਰੀਦ ਬਾਰੇ ਗੱਲਬਾਤ ਹੋਈ ਜਿਸ ਵਿਚ ਗੋਖਲੇ ਨੇ ਭਾਰਤ ਦਾ ਸਟੈਂਡ ਰੱਖਿਆ। ਹਾਲਾਂਕਿ ਇਸ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਭਾਰਤ ਨੂੰ ਇਸ ਪਾਬੰਦੀ ਤੋਂ ਛੋਟ ਦੇਣ ਲਈ ਗੋਖਲੇ ਨੇ ਕੀ ਕਿਹਾ। ਇਸ ਗੱਲਬਾਤ ਤੋਂ ਪਹਿਲਾਂ ਅਮਰੀਕੀ ਪ੍ਰਸ਼ਾਸਨ ਨੇ ਕਿਹਾ ਸੀ ਕਿ ਕੁਝ ਦੇਸ਼ਾਂ ਤੋਂ ਇਸ ਪਾਬੰਦੀ ਨੂੰ ਹਟਾਉਣ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ। ਭਾਰਤ ਨੂੰ ਵੀ ਉਮੀਦ ਹੈ ਕਿ ਉਸ ਨੂੰ ਇਸ ਪਾਬੰਧੀ ਤੋਂ ਕੁਝ ਰਾਹਤ ਮਿਲੇਗੀ।
ਦੋਵਾਂ ਮੁਲਕਾਂ ਵਲੋਂ ਕੋਈ ਅਧਿਕਾਰਕ ਟਿੱਪਣੀ ਨਹੀਂ ਕੀਤੀ ਗਈ ਹੈ। ਧਿਆਨ ਯੋਗ ਹੈ ਕਿ ਐਤਵਾਰ ਨੂੰ ਭਾਰਤ ਅਤੇ ਈਰਾਨ ਨੇ ਅਮਰੀਕੀ ਪਾਬੰਦੀਆਂ ਨਾਲ ਨਿਪਟਣ ਲਈ ਚਰਚਾ ਕੀਤੀ ਅਤੇ ਇਕ-ਦੂਜੇ ਨਾਲ ਚੰਗੇ ਵਪਾਰਕ ਰਿਸ਼ਤੇ ਕਾਇਮ ਰੱਖਣ 'ਤੇ ਵਿਚਾਰ ਚਰਚਾ ਕੀਤੀ। ਮਈ 'ਚ ਟਰੰਪ ਪ੍ਰਸ਼ਾਸਨ ਨੇ ਈਰਾਨ ਨਾਲ ਪ੍ਰਮਾਣੂ ਸਮਝੌਤਾ ਤੋੜ ਕੇ ਕਈ ਆਰਥਿਕ ਪਾਬੰਦੀਆਂ ਲਗਾ ਦਿੱਤੀਆਂ ਸਨ।
ਅਮਰੀਕਾ ਨੇ ਭਾਰਤ ਸਮੇਤ ਹੋਰ ਕਈ ਦੇਸ਼ਾਂ ਨੂੰ ਨਵੰਬਰ ਤੱਕ ਈਰਾਨ ਨਾਲ ਆਯਾਤ ਖਤਮ ਕਰਨ ਲਈ ਕਿਹਾ ਹੈ। ਭਾਰਤ ਹੁਣ ਵੀ ਇਸ ਪਾਬੰਦੀ ਨੂੰ ਹਟਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਅਮਰੀਕੀ ਪਾਬੰਦੀ ਦਾ ਪਹਿਲਾ ਪੜਾਅ 6 ਅਗਸਤ ਤੋਂ ਸ਼ੁਰੂ ਹੋਵੇਗਾ। ਵਰਤਮਾਨ ਸਮੇਂ 'ਚ ਭਾਰਤ 'ਚ ਈਰਾਕ ਅਤੇ ਸਾਊਦੀ ਅਰਬ ਤੋਂ ਬਾਅਦ, ਸਭ ਤੋਂ ਜ਼ਿਆਦਾ ਕੱਚਾ ਤੇਲ ਈਰਾਨ ਤੋਂ ਆਯਾਤ ਹੁੰਦਾ ਹੈ।


Related News